ਭਾਜਪਾ ਦਫ਼ਤਰ ''ਤੇ ਹਮਲੇ ਦੇ ਮਾਮਲੇ ''ਚ ਸਾਰੇ ਮੁਲਜ਼ਮ 3 ਦਿਨਾਂ ਦੇ ਰਿਮਾਂਡ ''ਤੇ
Monday, Apr 06, 2026 - 11:45 AM (IST)
ਮੋਹਾਲੀ (ਵੈੱਬ ਡੈਸਕ, ਜੱਸੀ) : ਪੰਜਾਬ ਭਾਜਪਾ ਦੇ ਹੈੱਡਕੁਆਰਟਰ ਅੱਗੇ ਗ੍ਰਨੇਡ ਹਮਲੇ ਦੇ ਮਾਮਲੇ 'ਚ ਪੰਜਾਬ ਪੁਲਸ ਦੇ ਕਾਊਂਟਰ ਇੰਟੀਲੀਜੈਂਸ ਵਿੰਗ ਨੇ ਚੰਡੀਗੜ੍ਹ ਪੁਲਸ ਨਾਲ ਸਾਂਝੇ ਆਪਰੇਸ਼ਨ ਅਤੇ ਹਰਿਆਣਾ ਪੁਲਸ ਦੀ ਮਦਦ ਨਾਲ 2 ਮੁੱਖ ਮੁਲਜ਼ਮਾਂ ਨੂੰ ਰੇਵਾੜੀ ਤੋਂ ਗ੍ਰਿਫ਼ਤਾਰ ਕੀਤਾ ਸੀ। ਮੁਲਜ਼ਮਾਂ ਨੂੰ ਸਿਵਲ ਹਸਪਤਾਲ ਮੋਹਾਲੀ ਤੋਂ ਮੈਡੀਕਲ ਕਰਵਾਉਣ ਉਪਰੰਤ ਡਿਊਟੀ ਮੈਜਿਸਟ੍ਰੇਟ ਦੀ ਅਦਾਲਤ 'ਚ ਪੇਸ਼ ਕੀਤਾ ਗਿਆ। ਅਦਾਲਤ ਨੇ ਦੋਹਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਇਸ ਮਾਮਲੇ ਦੇ ਸਾਰੇ ਮੁਲਜ਼ਮਾਂ ਨੂੰ 3 ਦਿਨਾਂ ਦੇ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਹੈ। ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਗੁਰਤੇਜ ਸਿੰਘ ਅਤੇ ਅਮਨਪ੍ਰੀਤ ਸਿੰਘ ਵਜੋਂ ਹੋਈ ਹੈ, ਜੋ ਰੂਪਨਗਰ ਦੇ ਰਤਨਗੜ੍ਹ ਦੇ ਰਹਿਣ ਵਾਲੇ ਹਨ। ਅਮਨਪ੍ਰੀਤ ਸਿੰਘ ਦਾ ਅਪਰਾਧਿਕ ਰਿਕਾਰਡ ਵੀ ਰਿਹਾ ਹੈ ਅਤੇ ਉਸ ਦੇ ਖ਼ਿਲਾਫ਼ ਐੱਸ. ਏ. ਐੱਸ. ਨਗਰ ਅਤੇ ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਵਿਚ ਚੋਰੀ ਅਤੇ ਸਨੈਚਿੰਗ ਦੇ ਮਾਮਲੇ ਦਰਜ ਹਨ।
ਇਹ ਕਾਰਵਾਈ ਇਕ ਦਿਨ ਪਹਿਲਾਂ 5 ਹੋਰ ਮੁਲਜ਼ਮਾਂ ਬਲਵਿੰਦਰ ਲਾਲ ਉਰਫ਼ ਸ਼ਮੀ, ਜਸਵੀਰ ਸਿੰਘ ਉਰਫ਼ ਜੱਸੀ, ਚਰਨਜੀਤ ਸਿੰਘ ਉਰਫ਼ ਚੰਨੀ, ਰੂਬਲ ਚੌਹਾਨ ਅਤੇ ਮਨਦੀਪ ਉਰਫ਼ ਅਭਿਜੋਤ ਸ਼ਰਮਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੋਈ ਹੈ। ਇਨ੍ਹਾਂ ਦੇ ਕਬਜ਼ੇ ਵਿਚੋਂ ਇਕ ਹੈਂਡ ਗ੍ਰੇਨੇਡ ਅਤੇ ਇਕ .30 ਬੋਰ ਜ਼ਿਗਾਨਾ ਪਿਸਤੌਲ ਬਰਾਮਦ ਕੀਤਾ ਗਿਆ ਸੀ। ਗ੍ਰਿਫ਼ਤਾਰੀਆਂ ਤੋਂ ਬਾਅਦ ਇਸ ਮਾਮਲੇ ਵਿਚ ਸ਼ਾਮਲ ਸਾਰੇ 7 ਮੁਲਜ਼ਮ ਹੁਣ ਪੁਲਸ ਹਿਰਾਸਤ ਵਿਚ ਹਨ। ਇਨ੍ਹਾਂ ਸਾਰੇ ਮੁਲਜ਼ਮਾਂ ਨੂੰ ਹੀ 3 ਦਿਨ ਦੇ ਪੁਲਸ ਰਿਮਾਂਡ 'ਤੇ ਭੇਜਿਆ ਗਿਆ ਹੈ।
