ਸਰਹੱਦੀ ਇਲਾਕੇ ਦੇ ਲੋਕਾਂ ਦੀ ਵਧੀ ਮੁਸ਼ਕਲ! ਰਾਵੀ ਦਰਿਆ ‘ਤੇ ਪਲਟੂਨ ਪੁਲ਼ ਨਾ ਬਣਨ ਕਾਰਨ ਆਵਾਜਾਈ ਠੱਪ

Wednesday, Apr 01, 2026 - 12:09 PM (IST)

ਸਰਹੱਦੀ ਇਲਾਕੇ ਦੇ ਲੋਕਾਂ ਦੀ ਵਧੀ ਮੁਸ਼ਕਲ! ਰਾਵੀ ਦਰਿਆ ‘ਤੇ ਪਲਟੂਨ ਪੁਲ਼ ਨਾ ਬਣਨ ਕਾਰਨ ਆਵਾਜਾਈ ਠੱਪ

ਬਮਿਆਲ/ਤਾਰਾਗੜ (ਹਰਜਿੰਦਰ ਸਿੰਘ ਗੋਰਾਇਆ)- ਸਰਹੱਦੀ ਇਲਾਕੇ ਦੇ ਵਿਧਾਨ ਸਭਾ ਹਲਕਾ ਭੋਆ ਦੇ ਇਲਾਕੇ ਵਿਚ  ਸਥਿਤ ਮੰਡ ਖੇਤਰ ਦੇ ਪਿੰਡ ਮਖਨਣਪੁਰ ,ਤਾਸ਼, ਮਜਿਹੀ ,ਬਮਿਆਲ, ਅਖਵਾੜਾ, ਬਾੜਵਾਂ, ਸ਼ੰਨੀ, ਕੋਹਲੀਆਂ ਆਦਿ ਦੇ ਲੋਕ ਅੱਜਕੱਲ੍ਹ ਗੰਭੀਰ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਹਨ। ਪਿੰਡ ਦੇ ਕੋਲ ਵਹਿਣ ਵਾਲੇ ਰਾਵੀ ਦਰਿਆ ‘ਤੇ ਤਾਸ਼ ਪੱਤਣ ਤੇ ਕਈ ਸਾਲ ਪਹਿਲਾਂ ਕਿਸ਼ਤੀ ਚਲਦੀ ਸੀ, ਜਿਸ ਰਾਹੀਂ ਲੋਕ ਦਰਿਆ ਪਾਰ ਕਰਕੇ ਗੁਰਦਾਸਪੁਰ ਅਤੇ ਦੀਨਾਨਗਰ ਵੱਲ ਆਵਾਜਾਈ ਕਰਦੇ ਸਨ। ਬਾਅਦ ਵਿਚ ਸਾਬਕਾ ਸੰਸਦ ਮੈਂਬਰ ਸਵ.ਵਿਨੋਦ ਖੰਨਾ  ਦੀ ਕੋਸ਼ਿਸ਼ ਨਾਲ ਇੱਥੇ ਅਸਥਾਈ ਪਲਟੂਨ ਪੁਲ ਬਣਾਇਆ ਗਿਆ ਸੀ।

ਇਹ ਪੁਲ਼ ਹਰ ਸਾਲ ਸਤੰਬਰ ਮਹੀਨੇ ਵਿਚ ਪਾਇਆ ਜਾਂਦਾ ਅਤੇ ਬਰਸਾਤ ਦੇ ਮੌਸਮ ਵਿਚ ਨੁਕਸਾਨ ਤੋਂ ਬਚਾਉਣ ਲਈ ਜੂਨ ਮਹੀਨੇ ਵਿਚ ਹਟਾ ਲਿਆ ਜਾਂਦਾ ਸੀ, ਪਰ ਪਿਛਲੇ ਸਾਲ ਆਏ ਭਿਆਨਕ ਹੜ੍ਹਾਂ ਦੌਰਾਨ ਇਸ ਪੁਲ਼ ਦੇ ਫਰੇਮ ਦਾ ਕੁਝ ਹਿੱਸਾ ਦਰਿਆ ਵਿਚ ਵਹਿ ਗਿਆ ਸੀ। ਇਸ ਕਾਰਨ ਪੁਲ ਅਧੂਰਾ ਰਹਿ ਗਿਆ ਅਤੇ ਹੁਣ ਇਕ ਸਾਲ ਬੀਤ ਜਾਣ ਤੇ ਵੀ ਸਿਰਫ ਪੁਲ਼ 'ਤੇ ਪਏ ਜਾਣ ਵਾਲੇ ਫੱਟਿਆਂ ਦੀ ਕਮੀ ਕਰਕੇ ਇਸ ਪੁਲ਼ ਦਾ ਨਿਰਮਾਣ ਨਹੀਂ ਕੀਤਾ ਗਿਆ। ਲੋਕਾਂ ਨੂੰ ਉਮੀਦ ਸੀ ਕਿ ਸਰਕਾਰ ਜਲਦੀ ਹੀ ਇਸ ਦੀ ਮੁਰੰਮਤ ਕਰਕੇ ਮੁੜ ਚਾਲੂ ਕਰੇਗੀ, ਪਰ ਇੱਕ ਸਾਲ ਬੀਤ ਜਾਣ ਦੇ ਬਾਵਜੂਦ ਵੀ ਪੁਲ਼ ਨਹੀਂ ਬਣਾਇਆ ਗਿਆ।

PunjabKesari

ਇਹ ਪੁੱਲ ਸਥਾਨਕ ਲੋਕਾਂ ਲਈ ਬਹੁਤ ਮਹੱਤਵਪੂਰਨ ਹੈ, ਕਿਉਂਕਿ ਇਸੇ ਰਾਹੀਂ ਉਹ ਗੁਰਦਾਸਪੁਰ ਅਤੇ ਦੀਨਾਨਗਰ ਵੱਲ ਆਪਣੇ ਰੋਜ਼ਾਨਾ ਦੇ ਕੰਮਾਂ ਲਈ ਆਉਦੇ ਜਾਂਦੇ ਹਨ। ਪੁਲ ਨਾ ਹੋਣ ਕਾਰਨ ਲੋਕਾਂ ਨੂੰ ਹੁਣ ਕਿਸ਼ਤੀ ਦੇ ਸਹਾਰੇ ਦਰਿਆ ਪਾਰ ਕਰਨਾ ਪੈਂਦਾ ਹੈ, ਜੋ ਨਾ ਸਿਰਫ਼ ਖ਼ਤਰਨਾਕ ਹੈ, ਸਗੋਂ ਸਮੇਂ ਅਤੇ ਪੈਸੇ ਦੀ ਵੀ ਵਧੇਰੇ ਖਪਤ ਕਰਦਾ ਹੈ। ਸਕੂਲ ਜਾਣ ਵਾਲੇ ਬੱਚਿਆਂ, ਮਰੀਜ਼ਾਂ ਅਤੇ ਮਜ਼ਦੂਰ ਵਰਗ ਨੂੰ ਸਭ ਤੋਂ ਵੱਧ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਰਕਾਰ ਵੱਲੋਂ ਨਵੇਂ ਪੁਲ ਬਣਾਉਣ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ, ਪਰ ਜੋ ਪਲਟੂਨ ਪੁਲ ਪਹਿਲਾਂ ਤੋਂ ਮੌਜੂਦ ਸੀ, ਉਸ ਨੂੰ ਮੁੜ ਚਾਲੂ ਕਰਨ ਲਈ ਵੀ ਕੋਈ ਢੁੱਕਵੀਂ ਕਾਰਵਾਈ ਨਹੀਂ ਕੀਤੀ ਗਈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਸ ਪੁਲ ਨੂੰ ਚਾਲੂ ਕਰਨ ਲਈ ਸਿਰਫ਼ ਮਜ਼ਦੂਰੀ ਦੀ ਲੋੜ ਹੈ, ਪਰ ਫਰੇਮ ਪੂਰਾ ਨਾ ਹੋਣ ਕਰਕੇ ਇਹ ਕੰਮ ਲੰਮੇ ਸਮੇਂ ਤੋਂ ਲਟਕਿਆ ਹੋਇਆ ਹੈ।

ਇਲਾਕਾ ਨਿਵਾਸੀ ਜਗਤਾਰ ਸਿੰਘ ,ਸੋਨੂੰ ਮਹਾਜਨ,ਰਜਤ ਕੁਮਾਰ ,ਸੇਠ ਕੁਮਾਰ,ਬਲਜੀਤ ਸਿੰਘ,ਨਿਰਮਲ ਸਿੰਘ ਆਦਿ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਲੋਕਾਂ ਦੀਆਂ ਮੁਸ਼ਕਲਾਂ ਨੂੰ ਧਿਆਨ ਵਿੱਚ ਰੱਖਦਿਆਂ ਜਲਦੀ ਤੋਂ ਜਲਦੀ ਪਲਟੂਨ ਪੁਲ ਨੂੰ ਦੁਬਾਰਾ ਲਗਾਇਆ ਜਾਵੇ, ਤਾਂ ਜੋ ਉਨ੍ਹਾਂ ਦੀ ਆਵਾਜਾਈ ਸੁਚਾਰੂ ਹੋ ਸਕੇ ਅਤੇ ਰੋਜਾਨਾ ਜੋ ਅੱਧੀ ਦਰਜਨ ਪਿੰਡਾਂ ਦੇ ਲੋਕਾਂ ਦੀ ਖੱਜਲ ਖੁਆਰੀ ਹੋ ਰਹੀ ਹੈ ਉਸ ਤੋਂ ਕੁਝ ਰਹਿਤ ਮਿਲ ਸਕੇ।


author

Anmol Tagra

Content Editor

Related News