ਚੰਡੀਗੜ੍ਹ ਹਵਾਈ ਅੱਡੇ ''ਤੇ ਬਣੇਗਾ ਏਅਰ ਕਾਰਗੋ ਸੈਂਟਰ

Wednesday, Oct 11, 2017 - 06:49 AM (IST)

ਚੰਡੀਗੜ੍ਹ  (ਪਰਾਸ਼ਰ) - ਕੇਂਦਰ ਸਰਕਾਰ ਚੰਡੀਗੜ੍ਹ ਕੌਮਾਂਤਰੀ ਹਵਾਈ ਅੱਡੇ 'ਤੇ ਇਕ ਏਅਰ ਕਾਰਗੋ ਸੈਂਟਰ ਸਥਾਪਿਤ ਕਰਨ ਦੇ ਪ੍ਰਸਤਾਵ 'ਤੇ ਵਿਚਾਰ ਕਰ ਰਹੀ ਹੈ, ਜਿਸ ਤਹਿਤ ਪੰਜਾਬ ਤੇ ਹਰਿਆਣਾ 'ਚ ਪੈਦਾ ਹੋਣ ਵਾਲੇ ਤਾਜ਼ੇ ਫਲਾਂ ਤੇ ਸਬਜ਼ੀਆਂ ਨੂੰ ਜਹਾਜ਼ਾਂ ਜ਼ਰੀਏ ਹੋਰ ਦੇਸ਼ਾਂ ਨੂੰ ਨਿਰਯਾਤ ਕੀਤੇ ਜਾਣ ਦੀ ਯੋਜਨਾ ਹੈ।  ਕੇਂਦਰੀ ਕਾਮਰਸ ਸੈਕਟਰੀ ਰੀਟਾ ਤੇਵਤੀਆ ਨੇ ਅੱਜ ਇਥੇ ਪੱਤਰਕਾਰਾਂ ਨੂੰ ਦੱਸਿਆ ਕਿ ਇਸ ਪ੍ਰੋਜੈਕਟ 'ਤੇ ਲੱਗਭਗ 5 ਕਰੋੜ ਰੁਪਏ ਦੀ ਲਾਗਤ ਆਏਗੀ, ਜਿਸ 'ਚ ਪੰਜਾਬ ਸਰਕਾਰ ਵੀ ਹਿੱਸਾ ਪਾਏਗੀ। ਇਸ ਸਮੇਂ ਪੰਜਾਬ 'ਚ ਸਿਰਫ ਵਾਹਗਾ 'ਚ ਕੌਮਾਂਤਰੀ ਸਰਹੱਦ 'ਤੇ ਕਾਰਗੋ ਟਰਮੀਨਲ ਹੈ, ਜਿਸ ਦੇ ਜ਼ਰੀਏ ਇਥੇ ਪੈਦਾ ਕੀਤੀਆਂ ਜਾਣ ਵਾਲੀਆਂ ਸਬਜ਼ੀਆਂ ਤੇ ਫਲ ਪਾਕਿਸਤਾਨ ਨੂੰ ਨਿਰਯਾਤ ਕੀਤੇ ਜਾਂਦੇ ਹਨ। ਪਾਕਿਸਤਾਨ ਤੋਂ ਆਯਾਤ ਹੋਣ ਵਾਲੀਆਂ ਚੀਜ਼ਾਂ ਵੀ ਇਸੇ ਟਰਮੀਨਲ ਜ਼ਰੀਏ ਭਾਰਤ 'ਚ ਦਾਖਲ ਹੁੰਦੀਆਂ ਹਨ।
ਤੇਵਤੀਆ ਨੇ ਕਿਹਾ ਕਿ ਚੰਡੀਗੜ੍ਹ ਹਵਾਈ ਅੱਡੇ 'ਤੇ ਸਥਾਪਿਤ ਕੀਤੇ ਜਾਣ ਵਾਲੇ ਏਅਰ ਕਾਰਗੋ ਟਰਮੀਨਲ 'ਚ ਕੋਲਡ ਸਟੋਰੇਜ, ਐਕਸਰੇ, ਪੈਲੇਟਾਈਜ਼ੇਸ਼ਨ ਦੀ ਵਿਵਸਥਾ ਹੋਵੇਗੀ। ਉਨ੍ਹਾਂ ਦਾ ਮੰਨਣਾ ਹੈ ਕਿ ਇਸ ਟਰਮੀਨਲ ਜ਼ਰੀਏ ਮਿਡਲ ਈਸਟ, ਯੂਰਪ ਅਤੇ ਹੋਰਨਾ ਦੇਸ਼ਾਂ ਨੂੰ ਤਾਜ਼ਾ ਫਲ ਤੇ ਸਬਜ਼ੀਆਂ ਨਿਰਯਾਤ ਕੀਤੀਆਂ ਜਾ ਸਕਣਗੀਆਂ। ਇਸ ਬਾਬਤ ਉਨ੍ਹਾਂ ਪੰਜਾਬ, ਹਰਿਆਣਾ 'ਚ ਕੋਲਡ ਚੇਨ ਸਥਾਪਿਤ ਕੀਤੇ ਜਾਣ 'ਤੇ ਵੀ ਜ਼ੋਰ ਦਿੱਤਾ। ਹਰਿਆਣਾ 'ਚ 3 ਕੋਲਡ ਚੇਨਾਂ 'ਤੇ ਕੰਮ ਚੱਲ ਰਿਹਾ ਹੈ, ਜਦਕਿ ਪੰਜਾਬ 'ਚ ਇਸ ਤਰ੍ਹਾਂ ਦੇ 5 ਪ੍ਰੋਜੈਕਟ ਵਿਕਸਿਤ ਕੀਤੇ ਜਾ ਰਹੇ ਹਨ। ਤੇਵਤੀਆ ਨੇ ਪੰਜਾਬ ਤੇ ਹਰਿਆਣਾ ਦੇ ਮੁੱਖ ਸਕੱਤਰਾਂ ਅਤੇ ਹੋਰਨਾਂ ਅਧਿਕਾਰੀਆਂ ਨਾਲ ਵੀ ਬੈਠਕਾਂ ਕੀਤੀਆਂ, ਜਿਸ ਦੌਰਾਨ ਉਨ੍ਹਾਂ ਨੇ ਉਦਯੋਗਪਤੀਆਂ ਨੂੰ ਪੇਸ਼ ਆਉਣ ਵਾਲੀਆਂ ਮੁਸ਼ਕਿਲਾਂ 'ਤੇ ਚਰਚਾ ਕੀਤੀ। ਜ਼ਿਆਦਾਤਰ ਮੁਸ਼ਕਿਲਾਂ ਜੀ. ਐੱਸ. ਟੀ. ਨਾਲ ਸੰਬੰਧਤ ਸਨ।


Related News