IELTS ਸੈਂਟਰ ''ਤੇ ਫਾਇਰਿੰਗ ਕਰਨ ਦੇ ਮਾਮਲੇ ''ਚ ਪੁਲਸ ਦੀ ਫਾਸਟ ਕਾਰਵਾਈ, 24 ਘੰਟਿਆਂ ''ਚ ਕਾਬੂ ਕੀਤੇ ਮੁਲਜ਼ਮ

Saturday, Sep 21, 2024 - 03:51 AM (IST)

IELTS ਸੈਂਟਰ ''ਤੇ ਫਾਇਰਿੰਗ ਕਰਨ ਦੇ ਮਾਮਲੇ ''ਚ ਪੁਲਸ ਦੀ ਫਾਸਟ ਕਾਰਵਾਈ, 24 ਘੰਟਿਆਂ ''ਚ ਕਾਬੂ ਕੀਤੇ ਮੁਲਜ਼ਮ

ਡੇਰਾਬੱਸੀ (ਵਿਕਰਮ ਜੀਤ)- ਡੇਰਾਬੱਸੀ ਪੁਲਸ ਨੇ 24 ਘੰਟਿਆਂ ਦੇ ਅੰਦਰ ਡੇਰਾਬੱਸੀ ਹੋਈ ਗੋਲੀ ਕਾਂਡ 'ਚ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਇਹ ਜਾਣਕਾਰੀ ਦੀਪਕ ਪਾਰਿਕ ਆਈ.ਪੀ.ਐੱਸ. ਸੀਨੀਅਰ ਕਪਤਾਨ ਪੁਲਸ. ਜਿਲ੍ਹਾ ਐੱਸ.ਏ.ਐੱਸ. ਨਗਰ ਨੇ ਇਕ ਪ੍ਰੈੱਸ ਕਾਨਫਰੰਸ ਦੌਰਾਨ ਦਿੱਤੀ।

ਉਨ੍ਹਾਂ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਮਿਤੀ 19-09-2024 ਨੂੰ ਹਰਵਿੰਦਰ ਸਿੰਘ ਪੁੱਤਰ ਵਿਜੇ ਕੁਮਾਰ ਵਾਸੀ ਮਕਾਨ ਨੰ : 272 ਪਿੰਡ ਡੇਰਾ ਜਗਾਧਰੀ, ਥਾਣਾ ਡੇਰਾਬੱਸੀ, ਜਿਲ੍ਹਾ ਐੱਸ.ਏ.ਐੱਸ. ਨਗਰ ਦੇ ਬਿਆਨਾਂ ਦੇ ਆਧਾਰ 'ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਨੰ: 292, ਮਿਤੀ 19-09-2024 ਨੂੰ 111, 109, 305(5), 333, 351(2), 351(3), 3(5), 332 (ਬੀ) ਬੀ.ਐੱਨ.ਐੱਸ. ਅਤੇ 25/27-54-59 ਅਸਲਾ ਐਕਟ ਥਾਣਾ ਡੇਰਾਬੱਸੀ ਵਿਖੇ ਦਰਜ ਕਰਵਾਇਆ ਗਿਆ ਸੀ। 

ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਦਾ 'ਐਜੂਕੇਸ਼ਨ ਪੁਆਇੰਟ' ਦੇ ਨਾਂ ਨਾਲ ਕਾਲਜ ਰੋਡ, ਡੇਰਾਬਸੀ ਆਈਲੈਟਸ ਸੈਂਟਰ ਹੈ, ਜਿੱਥੇ ਕਿ ਉਹ ਖੁਦ ਬੈਠਦਾ ਹੈ। ਉੱਥੇ ਉਸ ਨੇ ਵਰਕਰ ਵੀ ਰੱਖੇ ਹੋਏ ਹਨ। ਹਰ ਰੋਜ਼ ਦੀ ਤਰ੍ਹਾਂ ਵਾਰਦਾਤ ਵਾਲੇ ਦਿਨ ਉਹ ਆਪਣੇ ਐਜੂਕੇਸ਼ਨ ਸੈਂਟਰ ਮੌਜੂਦ ਸੀ ਤੇ ਆਪਣੇ ਕੈਬਿਨ ਵਿੱਚ ਬੈਠਾ ਸੀ। ਉਸ ਦੀ ਵਰਕਰ ਸੰਦੀਪ ਕੌਰ ਰਿਸੈਪਸ਼ਨ 'ਤੇ ਆਪਣੀ ਡਿਊਟੀ 'ਤੇ ਮੌਜੂਦ ਸੀ। ਦੁਪਹਿਰ ਕਰੀਬ 1.30 ਵਜੇ 2 ਨੌਜਵਾਨ ਲੜਕੇ ਉਸ ਦੇ ਸੈਂਟਰ ਦੇ ਮੇਨ ਡੋਰ ਤੱਕ ਆ ਗਏ। 

ਇਹ ਵੀ ਪੜ੍ਹੋ- ਕੱਟ'ਤੇ ਵਾਲ, ਵੱਢ'ਤਾ ਨੱਕ, ਪ੍ਰਾਈਵੇਟ ਪਾਰਟ 'ਤੇ ਕੈਂਚੀਆਂ ਨਾਲ ਕੀਤੇ ਵਾਰ, ਦਾਜ ਦੇ ਲਾਲਚ 'ਚ ਇੰਨਾ ਤਸ਼ੱਦਦ, ਤੌਬਾ-ਤੌਬਾ !

ਉਨ੍ਹਾਂ ਨੇ ਆਪਣੇ ਮੂੰਹ ਬੰਨ੍ਹੇ ਹੋਏ ਸੀ ਅਤੇ ਉਨ੍ਹਾਂ 2 ਲੜਕਿਆਂ 'ਚੋਂ ਇੱਕ ਨੌਜਵਾਨ ਰਿਸੈਪਸ਼ਨ 'ਤੇ ਆ ਗਿਆ ਅਤੇ ਇੱਕ ਫੋਲਡ ਕੀਤੀ ਹੋਈ ਪਰਚੀ ਸੰਦੀਪ ਕੌਰ ਦੇ ਟੇਬਲ 'ਤੇ ਰੱਖ ਦਿੱਤੀ। ਫਿਰ ਉਹ ਨੌਜਵਾਨ ਆਪਣੇ ਦੂਜੇ ਸਾਥੀ ਪਾਸ ਚਲਾ ਗਿਆ। ਫਿਰ ਦੂਸਰੇ ਲੜਕੇ ਨੇ ਆਪਣੇ ਡੱਬ ਵਿੱਚੋਂ ਪਿਸਟਲ ਕੱਢ ਕੇ ਉਸ ਦੇ ਕੈਬਿਨ ਵੱਲ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਸ ਨੂੰ ਜਾਨ ਤੋਂ ਮਾਰ ਦੇਣ ਦੀ ਨੀਅਤ ਨਾਲ ਚਾਰ ਫਾਇਰ ਕੀਤੇ ਅਤੇ ਮੌਕੇ ਤੋਂ ਫਰਾਰ ਹੋ ਗਏ, ਜਿਸ ਦੇ ਆਧਾਰ ਤੇ ਉਸ ਨੇ ਅਣਪਛਾਤੇ ਨੌਜਵਾਨਾਂ ਖ਼ਿਲਾਫ਼ ਮਾਮਲਾ ਦਰਜ ਕਰਵਾਇਆ ਸੀ।

ਉਨ੍ਹਾਂ ਦੱਸਿਆ ਕਿ ਪੁਲਸ ਟੀਮਾਂ ਤਿਆਰ ਕੀਤੀਆਂ ਗਈਆਂ ਸਨ ਅਤੇ ਹਦਾਇਤ ਕੀਤੀ ਸੀ ਕਿ ਹਰ ਹਾਲਤ ਵਿੱਚ ਦੋਸ਼ੀਆਂਨ ਨੂੰ ਗ੍ਰਿਫਤਾਰ ਕੀਤਾ ਜਾਵੇ। ਉਕਤ ਟੀਮਾਂ ਵੱਲੋਂ ਮੁਕੱਦਮੇ ਦੀ ਤਫਤੀਸ਼ ਨੂੰ ਸੁਚੱਜੇ ਢੰਗ ਨਾਲ ਕਰਦੇ ਹੋਏ ਹਿਊਮਨ ਸੋਰਸ, ਟੈਕਨੀਕਲ ਐਨਾਲਿਸਿਸ ਅਤੇ ਸੀ.ਸੀ.ਟੀ.ਵੀ. ਫੁਟੇਜ ਦੇ ਆਧਾਰ 'ਤੇ ਦੋਸ਼ੀਆਂ ਨੂੰ 24 ਘੰਟਿਆਂ ਦੇ ਅੰਦਰ-ਅੰਦਰ ਗ੍ਰਿਫਤਾਰ ਕਰ ਲਿਆ ਹੈ। ਪੁਲਸ ਨੇ ਦੱਸਿਆ ਕਿ ਮੁਲਜ਼ਮ ਮੋਹਿਤ ਕੁਮਾਰ ਉਰਫ ਬੰਟੀ ਪੁੱਤਰ ਦਲੀਪ ਸਿੰਘ ਵਾਸੀ ਪਿੰਡ ਲਖਨੌਰਾ, ਜਿਲ੍ਹ ਅੰਬਾਲਾ, ਹਰਿਆਣਾ ਜਿਸ ਦੀ ਉਮਰ ਕਰੀਬ 23 ਸਾਲ ਹੈ ਤੇ 10 ਕਲਾਸਾਂ ਪਾਸ ਹੈ। ਉਸ ਖ਼ਿਲਾਫ਼ ਪਹਿਲਾਂ ਕੋਈ ਮੁਕੱਦਮਾ ਦਰਜ ਨਹੀਂ ਹੈ।

ਇਸ ਤੋਂ ਇਲਾਵਾ ਜਗਦੀਪ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਪਿੰਡ ਮਹਿਮਦਪੁਰ ਥਾਣਾ ਡੇਰਾਬਸੀ, ਜਿਲ੍ਹਾ ਐੱਸ.ਏ.ਐੱਸ. ਨਗਰ, ਜਿਸ ਦੀ ਉਮਰ ਕਰੀਬ 19 ਸਾਲ ਹੈ ਤੇ 12 ਕਲਾਸਾਂ ਪਾਸ ਹੈ। ਉਸ ਖ਼ਿਲਾਫ਼ ਪਹਿਲਾਂ ਵੀ ਥਾਣਾ ਡੇਰਾਬਸੀ ਵਿਖੇ ਲੜਾਈ-ਝਗੜੇ ਦਾ ਮੁਕੱਦਮਾ ਦਰਜ ਹੈ। ਇਸ ਤੋਂ ਇਲਾਵਾ ਇਕ ਨਾਬਾਲਗ, ਜਿਸ ਦੀ ਉਮਰ ਕਰੀਬ ਸਾਢੇ ਸਤਾਰਾਂ ਸਾਲ ਹੈ।

ਇਹ ਵੀ ਪੜ੍ਹੋ- 24 ਸਾਲ ਤੋਂ ਲਿਬਨਾਨ 'ਚ ਫਸੇ ਵਿਅਕਤੀ ਦੀ ਸੰਤ ਸੀਚੇਵਾਲ ਨੇ ਕਰਵਾਈ ਘਰ ਵਾਪਸੀ, ਹੱਡਬੀਤੀ ਸੁਣ ਕੰਬ ਜਾਵੇਗੀ ਰੂਹ

ਪੁਲਸ ਨੇ ਦੱਸਿਆ ਕਿ ਮੁਲਜ਼ਮਾਂ ਤੋਂ ਵਾਰਦਾਤ 'ਚ ਵਰਤੀ ਇੱਕ ਪਿਸਟਲ .32 ਬੋਰ ਸਮੇਤ 01 ਜਿੰਦਾ ਕਾਰਤੂਸ, ਇੱਕ ਦੇਸੀ ਪਿਸਤੌਲ .315 ਬੋਰ ਸਮੇਤ 2 ਜਿੰਦਾ ਕਾਰਤੂਸ, ਵਾਰਦਾਤ ਵਿੱਚ ਵਰਤਿਆ ਗਿਆ ਮੋਟਰਸਾਈਕਲ ਬਰਾਮਦ ਕੀਤਾ ਹੈ। ਦੋਸ਼ੀਆਂ ਦੀ ਪੁੱਛਗਿੱਛ ਤੋਂ ਖੁਲਾਸਾ ਹੋਇਆ ਕਿ ਇਹ ਤਿੰਨੋਂ ਦੋਸ਼ੀ ਸਿੱਧੇ ਤੌਰ 'ਤੇ ਕਾਫੀ ਸਮੇਂ ਤੋਂ ਮਨਜੀਤ ਸਿੰਘ ਉਰਫ਼ ਗੁਰੀ ਪੁੱਤਰ ਬੁੱਧਰਾਮ ਵਾਸੀ ਪਿੰਡ ਖੇੜੀ ਗੁੱਜਰਾਂ ਥਾਣਾ ਡੇਰਾਬਸੀ ਜੋ ਅਸਲਾ ਐਕਟ ਥਾਣਾ ਸਪੈਸ਼ਲ ਸੈੱਲ, ਦਿੱਲੀ ਵਿੱਚ ਤਿਹਾੜ ਜੇਲ੍ਹ ਵਿੱਚ ਬੰਦ ਹੈ, ਦੇ ਸੰਪਰਕ ਵਿੱਚ ਸਨ। ਉਸੇ ਦੇ ਕਹਿਣ 'ਤੇ ਇਨ੍ਹਾਂ ਤਿੰਨੇ ਦੋਸ਼ੀਆਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਸੀ। 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News