ਚੰਡੀਗੜ੍ਹ ਧਮਾਕਾ ਮਾਮਲੇ 'ਚ ਹੁਣ ਤੱਕ ਦਾ ਸਭ ਤੋਂ ਵੱਡਾ ਖ਼ੁਲਾਸਾ, ਪੜ੍ਹੋ ਪੂਰੀ ਖ਼ਬਰ

Monday, Sep 16, 2024 - 10:04 AM (IST)

ਚੰਡੀਗੜ੍ਹ ਧਮਾਕਾ ਮਾਮਲੇ 'ਚ ਹੁਣ ਤੱਕ ਦਾ ਸਭ ਤੋਂ ਵੱਡਾ ਖ਼ੁਲਾਸਾ, ਪੜ੍ਹੋ ਪੂਰੀ ਖ਼ਬਰ

ਚੰਡੀਗੜ੍ਹ (ਅੰਕੁਰ ) : ਪੰਜਾਬ ਪੁਲਸ ਨੇ ਕੇਂਦਰੀ ਏਜੰਸੀਆਂ ਤੇ ਦਿੱਲੀ ਪੁਲਸ ਨਾਲ ਤਾਲਮੇਲ ਜ਼ਰੀਏ ਚੰਡੀਗੜ੍ਹ ਗ੍ਰਨੇਡ ਹਮਲੇ ਦੇ ਦੂਜੇ ਮੁਲਜ਼ਮ ਨੂੰ 72 ਘੰਟਿਆਂ ਦੇ ਅੰਦਰ-ਅੰਦਰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਕੇਸ ਦੀ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਅਮਰੀਕਾ ਆਧਾਰਿਤ ਗੈਂਗਸਟਰ ਹਰਪ੍ਰੀਤ ਸਿੰਘ ਉਰਫ਼ ਹੈਪੀ ਪਾਸੀਆਂ ਪਾਕਿਸਤਾਨ ਆਧਾਰਿਤ ਬੱਬਰ ਖ਼ਾਲਸਾ ਇੰਟਰਨੈਸ਼ਨਲ (ਬੀ. ਕੇ. ਆਈ.) ਦੇ ਅੱਤਵਾਦੀ ਹਰਵਿੰਦਰ ਸਿੰਘ ਉਰਫ਼ ਰਿੰਦਾ ਤੇ ਆਈ. ਐੱਸ. ਆਈ. ਦੇ ਇਸ਼ਾਰੇ ’ਤੇ ਕੰਮ ਕਰ ਰਿਹਾ ਸੀ। ਉਸ ਨੇ ਘਟਨਾ ਨੂੰ ਅੰਜਾਮ ਦੇਣ ਲਈ ਮੁਲਜ਼ਮਾਂ ਨੂੰ ਧਮਾਕਾਖੇਜ਼ ਸਮੱਗਰੀ, ਹਥਿਆਰ ਤੇ ਲੌਜਿਸਟਿਕਸ ਸਹਾਇਤਾ ਪ੍ਰਦਾਨ ਕੀਤੀ ਅਤੇ ਫਿਰ ਕੀਤੇ ਵਾਅਦੇ ਅਨੁਸਾਰ ਉਨ੍ਹਾਂ ਨੂੰ ਕੰਮ ਹੋਣ ਤੋਂ ਬਾਅਦ ਵਿੱਤੀ ਮਦਦ ਦੇਣ ਤੋਂ ਮੁੱਕਰ ਗਿਆ।

ਇਹ ਵੀ ਪੜ੍ਹੋ : ਚੰਡੀਗੜ੍ਹ ਗ੍ਰਨੇਡ ਧਮਾਕੇ ਨਾਲ ਜੁੜੀ ਵੱਡੀ ਖ਼ਬਰ, ਦੂਜੇ ਦੋਸ਼ੀ ਨੂੰ ਵੀ ਕੀਤਾ ਗਿਆ ਗ੍ਰਿਫ਼ਤਾਰ (ਵੀਡੀਓ)

ਡੀ. ਜੀ. ਪੀ. ਗੌਰਵ ਯਾਦਵ ਨੇ ਆਪਣੇ ਐਕਸ ਹੈਂਡਲ ’ਤੇ ਜਾਣਕਾਰੀ ਦਿੱਤੀ ਕਿ ਵੱਖ-ਵੱਖ ਸਰੋਤਾਂ ਤੋਂ ਪ੍ਰਾਪਤ ਸੁਰਾਗਾਂ ਦੇ ਆਧਾਰ 'ਤੇ ਦੂਜੇ ਮੁਲਜ਼ਮ ਵਿਸ਼ਾਲ ਮਸੀਹ ਵਾਸੀ ਪਿੰਡ ਰਾਇਮਲ ਜ਼ਿਲ੍ਹਾ ਗੁਰਦਾਸਪੁਰ ਨੂੰ ਦਿੱਲੀ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਜਾਂਚ ’ਚ ਸਾਹਮਣੇ ਆਇਆ ਹੈ ਕਿ ਹੈਪੀ ਪਾਸੀਆਂ ਨੇ ਪੰਜਾਬ ’ਚ ਆਪਣੇ ਸਾਥੀਆਂ ਰਾਹੀਂ ਮੁਲਜ਼ਮਾਂ ਨੂੰ ਵਿਸਫੋਟਕ ਸਮੱਗਰੀ, ਹਥਿਆਰ ਤੇ ਲੌਜਿਸਟਿਕ ਸਹਾਇਤਾ ਪ੍ਰਦਾਨ ਕੀਤੀ ਤੇ ਉਨ੍ਹਾਂ ਲਈ ਕੁੱਝ ਵਿੱਤੀ ਸਹਾਇਤਾ ਦਾ ਪ੍ਰਬੰਧ ਵੀ ਕੀਤਾ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਰੋਹਨ ਤੇ ਵਿਸ਼ਾਲ ਅੰਮ੍ਰਿਤਸਰ ਗਏ, ਜਿੱਥੋਂ ਦੋਵਾਂ ਨੇ ਆਪਣੇ ਰਸਤੇ ਵੱਖੋ-ਵੱਖ ਕਰ ਲਏ। ਵਿਸ਼ਾਲ ਪਹਿਲਾਂ ਜੰਮੂ-ਕਸ਼ਮੀਰ ਗਿਆ ਤੇ ਉੱਥੋਂ ਫਿਰ ਦਿੱਲੀ ਚਲਾ ਗਿਆ, ਜਿਸ ਦੌਰਾਨ ਪੁਲਸ ਟੀਮਾਂ ਨੇ ਉਸ ਨੂੰ ਕਾਬੂ ਕਰ ਲਿਆ। ਹੈਪੀ ਪਾਸੀਆਂ ਨੇ ਘਟਨਾ ਨੂੰ ਅੰਜਾਮ ਦੇਣ ਵਾਲੇ ਵਿਅਕਤੀਆਂ ਨੂੰ ਭਰਮਾਉਣ ਲਈ ਸ਼ੁਰੂ ’ਚ ਕੁੱਝ ਫੰਡ ਮੁਹੱਈਆ ਕਰਵਾਏ ਤੇ ਉਨ੍ਹਾਂ ਨਾਲ ਘਟਨਾ ਨੂੰ ਸਫ਼ਲਤਾ ਪੂਰਵਕ ਅੰਜਾਮ ਦੇਣ ਤੋਂ ਬਾਅਦ ਹੋਰ ਜ਼ਿਆਦਾ ਪੈਸੇ ਦੇਣ ਦਾ ਵਾਅਦਾ ਕੀਤਾ ਸੀ। ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਦੋਹਾਂ ਮੁਲਜ਼ਮਾਂ ਨੇ ਹੈਪੀ ਪਾਸੀਆਂ ਵੱਲੋਂ ਕੀਤੇ ਵਾਅਦੇ ਅਨੁਸਾਰ ਹੋਰ ਪੈਸੇ ਲੈਣ ਲਈ ਉਸ ਨਾਲ ਸੰਪਰਕ ਕੀਤਾ ਪਰ ਉਨ੍ਹਾਂ ਨੂੰ ਹੈਪੀ ਪਾਸੀਆਂ ਕੋਲੋਂ ਲਾਰਿਆਂ ਤੋਂ ਸਿਵਾਏ ਕੁੱਝ ਨਹੀਂ ਮਿਲਿਆ ਤੇ ਬਾਅਦ ’ਚ ਉਸ ਨੇ ਉਨ੍ਹਾਂ ਦਾ ਫੋਨ ਚੁੱਕਣਾ ਵੀ ਬੰਦ ਕਰ ਦਿੱਤਾ, ਜਿਸ ਨਾਲ ਸਾਰੇ ਵਾਅਦੇ ਧਰੇ-ਧਰਾਏ ਰਹਿ ਗਏ।

ਇਹ ਵੀ ਪੜ੍ਹੋ : ਕੇਜਰੀਵਾਲ ਦੇ ਐਲਾਨ ਮਗਰੋਂ ਅਮਨ ਅਰੋੜਾ ਦਾ ਵੱਡਾ ਬਿਆਨ, ਜਾਣੋ ਕੀ ਬੋਲੇ (ਵੀਡੀਓ)

ਡੀ. ਜੀ. ਪੀ. ਨੇ ਕਿਹਾ ਕਿ ਨੌਜਵਾਨ ਅਜਿਹੇ ਅੱਤਵਾਦੀਆਂ ਤੋਂ ਸੁਚੇਤ ਰਹਿਣ, ਜੋ ਆਪਣਾ ਕੰਮ ਕੱਢਵਾਉਣ ਲਈ ਝੂਠੇ ਵਾਅਦਿਆਂ ਨਾਲ ਲੋਕਾਂ ਨੂੰ ਭਰਮਾਉਂਦੇ ਹਨ ਤੇ ਫਿਰ ਉਨ੍ਹਾਂ ਨੂੰ ਫਸਾ ਕੇ ਖ਼ੁਦ ਪਾਸੇ ਹੋ ਜਾਂਦੇ ਹਨ। ਵਿਦੇਸ਼ੀ ਹੈਂਡਲਰਾਂ ਵੱਲੋਂ ਨੌਜਵਾਨਾਂ ਨੂੰ ਭਰਮਾ ਕੇ ਆਪਣਾ ਕੰਮ ਕਢਵਾਉਣ ਦੀ ਇਹ ਚਾਲ ਪਿਛਲੀਆਂ ਜਾਂਚ ਕਾਰਵਾਈਆਂ ’ਚ ਵੀ ਸਾਹਮਣੇ ਆਈ ਹੈ, ਜਿਸ ’ਚ ਅਜਿਹੇ ਹੈਂਡਲਰ ਪਹਿਲਾਂ ਤਾਂ ਭੋਲੇ-ਭਾਲੇ ਨੌਜਵਾਨਾਂ ਨੂੰ ਝੂਠੇ ਵਾਅਦੇ ਕਰ ਕੇ ਆਪਣੇ ਝਾਂਸੇ ’ਚ ਲੈਂਦੇ ਹਨ ਤੇ ਫਿਰ ਕੰਮ ਪੂਰਾ ਹੋਣ ਤੋਂ ਬਾਅਦ ਉਨ੍ਹਾਂ ਦਾ ਸਾਥ ਛੱਡ ਦਿੰਦੇ ਹਨ। ਹੋਰ ਵੇਰਵੇ ਦਿੰਦਿਆਂ ਏ. ਆਈ. ਜੀ. ਐੱਸ. ਐੱਸ. ਓ. ਸੀ. ਅੰਮ੍ਰਿਤਸਰ ਸੁਖਮਿੰਦਰ ਸਿੰਘ ਮਾਨ ਨੇ ਦੱਸਿਆ ਕਿ ਇਸ ਸਾਰੀ ਸਾਜ਼ਿਸ਼ ਤੇ ਹੈਪੀ ਪਾਸੀਆਂ ਦੇ ਸਥਾਨਕ ਨੈੱਟਵਰਕ ਦਾ ਪਰਦਾਫਾਸ਼ ਕਰਨ ਲਈ ਚੰਡੀਗੜ੍ਹ ਪੁਲਸ ਨਾਲ ਤਾਲਮੇਲ ਜ਼ਰੀਏ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਪੁਲਸ ਟੀਮਾਂ ਨੇ ਵਿਸ਼ਾਲ ਮਸੀਹ ਨੂੰ ਅਦਾਲਤ ’ਚ ਪੇਸ਼ ਕਰ ਕੇ 20 ਸਤੰਬਰ ਤੱਕ ਉਸ ਦਾ ਰਿਮਾਂਡ ਹਾਸਲ ਕਰ ਲਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 


author

Babita

Content Editor

Related News