ਕਸ਼ਮੀਰੀ ਵਿਦਿਆਰਥੀਆਂ ਤੋਂ PU ਵਲੋਂ ਸਪੈਸ਼ਲ ਡੈਕਲਾਰੇਸ਼ਨ ਲੈਣ ਦਾ ਕੈਪਟਨ ਨੇ ਕੀਤਾ ਵਿਰੋਧ

Tuesday, Dec 10, 2019 - 08:31 PM (IST)

ਜਲੰਧਰ, (ਧਵਨ)— ਕਸ਼ਮੀਰੀ ਵਿਦਿਆਰਥੀਆਂ ਤੋਂ ਪੰਜਾਬ ਯੂਨੀਵਰਸਿਟੀ ਵਲੋਂ ਸਪੈਸ਼ਲ ਡੈਕਲਾਰੇਸ਼ਨ ਲੈਣ ਦਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਖਤ ਵਿਰੋਧ ਕੀਤਾ ਹੈ। ਕਸ਼ਮੀਰ ਦੇ ਕੁਝ ਵਿਦਿਆਰਥੀਆਂ ਜਿਵੇਂ ਮੁਹੰਮਦ ਘਾਜਾਲੀ ਨੇ ਟਵੀਟ ਕਰਦਿਆਂ ਕਿਹਾ ਸੀ ਕਿ ਘਾਟੀ 'ਚ ਆਮ ਕੰਮਕਾਜ ਰੁਕ ਜਾਣ ਕਾਰਨ ਕਸ਼ਮੀਰ ਦੇ ਕਈ ਵਿਦਿਆਰਥੀਆਂ ਦੀ ਅਟੈਂਡੈਂਸ ਘੱਟ ਰਹਿ ਗਈ ਹੈ ਤੇ ਉਨ੍ਹਾਂ ਨੂੰ ਪੰਜਾਬ ਯੂਨੀਵਰਸਿਟੀ ਵਲੋਂ ਇਹ ਕਿਹਾ ਜਾ ਰਿਹਾ ਹੈ ਕਿ ਜੇਕਰ ਉਹ ਸਵ-ਤਸਦੀਕ ਕੀਤਾ ਹੋਇਆ ਐਫੇਡੇਵਿਟ ਦੇਣਗੇ ਤਾਂ ਹੀ ਉਨ੍ਹਾਂ ਨੂੰ ਪ੍ਰੀਖਿਆਵਾਂ 'ਚ ਬੈਠਣ ਦੀ ਇਜਾਜ਼ਤ ਦਿੱਤੀ ਜਾਏਗੀ।
ਉਨ੍ਹਾਂ ਕਿਹਾ ਕਿ ਪੰਜਾਬ ਯੂਨੀਵਰਸਿਟੀ ਨੇ ਇਹ ਵੀ ਕਿਹਾ ਹੈ ਕਿ ਇਸ ਐਫੇਡੇਵਿਟ 'ਚ ਘੱਟ ਅਟੈਂਡੈਂਸ ਵਾਲੇ ਵਿਦਿਆਰਥੀਆਂ ਨੂੰ ਇਹ ਦੱਸਣਾ ਹੋਵੇਗਾ ਕਿ ਉਹ ਉਪਰੋਕਤ ਮਿਆਦ ਦੌਰਾਨ ਕਿਸੇ ਵੀ ਤਰ੍ਹਾਂ ਦੀ ਹਿੰਸਾ 'ਚ ਸ਼ਾਮਲ ਨਹੀਂ ਸਨ ਤਾਂ ਹੀ ਉਨ੍ਹਾਂ ਨੂੰ ਪ੍ਰੀਖਿਆ 'ਚ ਬੈਠਣ ਦੀ ਇਜਾਜ਼ਤ ਦਿੱਤੀ ਜਾਵੇਗੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੁਹੰਮਦ ਘਾਜਾਲੀ ਦੇ ਟਵੀਟ 'ਤੇ ਅੱਗੇ ਟਵੀਟ ਕਰਦਿਆਂ ਕਿਹਾ ਕਿ ਕਸ਼ਮੀਰ ਤੇ ਕਸ਼ਮੀਰੀ ਭਾਰਤ ਦਾ ਅਨਿਖੜਵਾਂ ਹਿੱਸਾ ਹਨ, ਇਸ ਲਈ ਪੰਜਾਬ ਯੂਨੀਵਰਸਿਟੀ ਦੇ ਅਧਿਕਾਰੀਆਂ ਨੂੰ ਕਸ਼ਮੀਰੀ ਵਿਦਿਆਰਥੀਆਂ ਤੋਂ ਸਪੈਸ਼ਲ ਡੈਕਲਾਰੇਸ਼ਨ ਨਹੀਂ ਲੈਣਾ ਚਾਹੀਦਾ।
ਉਨ੍ਹਾਂ ਕਿਹਾ ਕਿ ਕਸ਼ਮੀਰੀ ਵਿਦਿਆਰਥੀਆਂ ਤੋਂ ਵਿਸ਼ੇਸ਼ ਹਲਫੀਆ ਬਿਆਨ ਲੈਣਾ ਪੂਰੀ ਤਰ੍ਹਾਂ ਤੋਂ ਅਨਿਆਂਪੂਰਨ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਇਹ ਮਾਮਲਾ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦੇ ਸਾਹਮਣੇ ਉਠਾਉਂਦਿਆਂ ਉਨ੍ਹਾਂ ਨੂੰ ਇਸ ਨੂੰ ਵਾਪਸ ਲੈਣ ਦੀ ਬੇਨਤੀ ਕੀਤੀ ਹੈ। ਉਨ੍ਹਾਂ ਕਿਹਾ ਕਿ ਲੋੜ ਪੈਣ 'ਤੇ ਉਹ ਕੇਂਦਰ ਸਰਕਾਰ ਨਾਲ ਵੀ ਇਸ ਮਾਮਲੇ ਨੂੰ ਲੈ ਕੇ ਗੱਲਬਾਤ ਕਰ ਸਕਦੇ ਹਨ।


KamalJeet Singh

Content Editor

Related News