ਵਿਦਿਆਰਥੀਆਂ ਲਈ ਰਾਹਤ ਭਰੀ ਖ਼ਬਰ, ਸਿੱਖਿਆ ਵਿਭਾਗ ਨੇ ਸਕੂਲਾਂ ਨੂੰ ਜਾਰੀ ਕੀਤੀਆਂ ਨਵੀਆਂ ਹਦਾਇਤਾਂ

Saturday, Feb 28, 2026 - 10:31 AM (IST)

ਵਿਦਿਆਰਥੀਆਂ ਲਈ ਰਾਹਤ ਭਰੀ ਖ਼ਬਰ, ਸਿੱਖਿਆ ਵਿਭਾਗ ਨੇ ਸਕੂਲਾਂ ਨੂੰ ਜਾਰੀ ਕੀਤੀਆਂ ਨਵੀਆਂ ਹਦਾਇਤਾਂ

ਚੰਡੀਗੜ੍ਹ (ਸ਼ੀਨਾ) : ਚੰਡੀਗੜ੍ਹ ’ਚ ਸਕੂਲੀ ਬੱਚਿਆਂ ’ਤੇ ਵੱਧਦੇ ਭਾਰੀ ਸਕੂਲ ਬੈਗਾਂ ਦਾ ਬੋਝ ਹੁਣ ਘੱਟ ਕੀਤਾ ਜਾਵੇਗਾ। ਬੱਚਿਆਂ ਦੀ ਸਿਹਤ ਅਤੇ ਰੀੜ੍ਹ ਦੀ ਹੱਡੀ ਦੀਆਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਜ਼ਿਲ੍ਹਾ ਸਿੱਖਿਆ ਅਧਿਕਾਰੀ ਦੇ ਦਫ਼ਤਰ ਨੇ ਸਾਰੇ ਸਰਕਾਰੀ, ਸਹਾਇਤਾ ਪ੍ਰਾਪਤ ਤੇ ਨਿੱਜੀ ਸਕੂਲਾਂ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਹਨ। ਕਿਸੇ ਵੀ ਵਿਦਿਆਰਥੀ ਦਾ ਸਕੂਲ ਬੈਗ ਹੁਣ ਉਨ੍ਹਾਂ ਦੇ ਸਰੀਰ ਦੇ ਭਾਰ ਦੇ 10 ਫ਼ੀਸਦੀ ਤੋਂ ਵੱਧ ਨਹੀਂ ਹੋਵੇਗਾ। ਵਿਭਾਗ ਵੱਲੋਂ ਜਾਰੀ ਸਰਕੂਲਰ ’ਚ ਸਪੱਸ਼ਟ ਕੀਤਾ ਗਿਆ ਹੈ ਕਿ ਸਿਰਫ਼ ਪ੍ਰਵਾਨਿਤ ਸਿਲੇਬਸ ’ਚ ਤੈਅ ਪਾਠ-ਪੁਸਤਕਾਂ ਹੀ ਪੜ੍ਹਾਈਆਂ ਜਾਣਗੀਆਂ। ਕੋਈ ਵੀ ਸਕੂਲ ਵਾਧੂ ਗਾਈਡਬੁੱਕ, ਹਵਾਲਾ ਕਿਤਾਬਾਂ ਜਾਂ ਵਰਕਬੁੱਕਾਂ ਨੂੰ ਲਾਜ਼ਮੀ ਨਹੀਂ ਬਣਾਏਗਾ। ਸਕੂਲਾਂ ਨੂੰ ਸਮਾਂ-ਸਾਰਣੀ ਇਸ ਤਰ੍ਹਾਂ ਤਿਆਰ ਕਰਨ ਦੇ ਨਿਰਦੇਸ਼ ਵੀ ਦਿੱਤੇ ਗਏ ਹਨ ਕਿ ਵਿਦਿਆਰਥੀ ਇੱਕੋ ਦਿਨ ਸਾਰੇ ਵਿਸ਼ਿਆਂ ਲਈ ਕਿਤਾਬਾਂ ਨਾ ਲਿਆਉਣ। ਕਲਾਸ-ਵਾਰ ਦਿਸ਼ਾ-ਨਿਰਦੇਸ਼ ਵੀ ਜਾਰੀ ਕੀਤੇ ਗਏ ਹਨ। ਪ੍ਰੀ-ਪ੍ਰਾਇਮਰੀ ਤੇ ਗ੍ਰੇਡ 1 ਤੇ 2 ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਹੋਮਵਰਕ ਤੋਂ ਬਚਣ ਤੇ ਘੱਟੋ-ਘੱਟ ਕਿਤਾਬਾਂ ਦੀ ਗਿਣਤੀ ਨਾਲ ਗਤੀਵਿਧੀ-ਆਧਾਰਤ ਸਿੱਖਿਆ ਨੂੰ ਤਰਜ਼ੀਹ ਦੇਣ। ਤੀਜੀ ਤੋਂ ਪੰਜਵੀਂ ਜਮਾਤ ਨੂੰ ਵਿਸ਼ੇ ਅਨੁਸਾਰ ਸੀਮਤ ਕਿਤਾਬਾਂ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ ਜਦਕਿ ਛੇਵੀਂ ਤੋਂ ਅੱਠਵੀਂ ਜਮਾਤ ਨੂੰ ਰੋਜ਼ਾਨਾ ਬੋਝ ਘਟਾਉਣ ਲਈ ਇਕ ਵਿਸ਼ੇ-ਵਿਸ਼ੇਸ਼ ਸਮਾਂ-ਸਾਰਣੀ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।ਇਹ ਵੀ ਪੜ੍ਹੋ : ਰਾਹੁਲ ਗਾਂਧੀ ਦੀ ਬਰਨਾਲਾ 'ਚ ਵਿਸ਼ਾਲ ਰੈਲੀ ਅੱਜ, ਪੰਜਾਬ ਦੀ ਸਿਆਸਤ 'ਚ ਆ ਸਕਦੈ ਨਵਾਂ ਮੋੜ
ਹਰੇਕ ਸਕੂਲ ਲਈ ਸਕੂਲ ਬੈਗ ਨਿਗਰਾਨੀ ਕਮੇਟੀ ਬਣਾਉਣਾ ਲਾਜ਼ਮੀ ਕੀਤਾ
ਜਿੱਥੇ ਵੀ ਸੰਭਵ ਹੋਵੇ 9ਵੀਂ ਤੋਂ 12ਵੀਂ ਜਮਾਤ ਲਈ ਲਾਕਰ ਸਹੂਲਤਾਂ ਪ੍ਰਦਾਨ ਕਰਨ ਤੇ ਇਕ ਤਰਕਸੰਗਤ ਸਮਾਂ-ਸਾਰਣੀ ਅਪਣਾਉਣ ’ਤੇ ਜ਼ੋਰ ਦਿੱਤਾ ਗਿਆ ਹੈ। ਸਕੂਲਾਂ ਨੂੰ ਇਹ ਵੀ ਸਲਾਹ ਦਿੱਤੀ ਗਈ ਹੈ ਕਿ ਉਹ ਕਲਾਸਰੂਮਾਂ ’ਚ ਲਾਕਰ ਜਾਂ ਸ਼ੈਲਫ ਸਹੂਲਤਾਂ ਪ੍ਰਦਾਨ ਕਰਨ ਤਾਂ ਜੋ ਬੱਚਿਆਂ ਨੂੰ ਰੋਜ਼ਾਨਾ ਘਰ ਤੋਂ ਭਾਰੀ ਕਿਤਾਬਾਂ ਲਿਆਉਣ ਦੀ ਲੋੜ ਨਾ ਪਵੇ। ਇਸ ਦੇ ਨਾਲ ਹੀ ਹਰੇਕ ਸਕੂਲ ਲਈ ਸਕੂਲ ਮੁਖੀ ਦੀ ਅਗਵਾਈ ’ਚ ਸਕੂਲ ਬੈਗ ਨਿਗਰਾਨੀ ਕਮੇਟੀ ਬਣਾਉਣਾ ਲਾਜ਼ਮੀ ਕੀਤਾ ਗਿਆ ਹੈ। ਸਰਕੂਲਰ ਦੇ ਅਨੁਸਾਰ, ਵਿਦਿਆਰਥੀਆਂ ਦੇ ਬੈਗਾਂ ਦੇ ਭਾਰ ਦੀ ਜਾਂਚ ਹਰ ਪੰਦਰਵਾੜੇ ’ਚ ਘੱਟੋ-ਘੱਟ ਇੱਕ ਵਾਰ ਕੀਤੀ ਜਾਵੇਗੀ ਤੇ ਇਸ ਦਾ ਲਿਖ਼ਤੀ ਰਿਕਾਰਡ ਰੱਖਿਆ ਜਾਵੇਗਾ।

ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਵੱਡੀ ਖ਼ੁਸ਼ਖ਼ਬਰੀ, ਕੇਂਦਰ ਸਰਕਾਰ ਨੇ ਅਹਿਮ ਪ੍ਰਾਜੈਕਟ ਨੂੰ ਦਿੱਤੀ ਮਨਜ਼ੂਰੀ
ਸਕੂਲਾਂ ਨੂੰ 7 ਦਿਨਾਂ ’ਚ ਹੁਕਮ ਦੀ ਪਾਲਣਾ ਸਬੰਧੀ ਰਿਪੋਰਟ ਦੇਣ ਦੇ ਨਿਰਦੇਸ਼
ਇਸ ਪ੍ਰਕਿਰਿਆ ’ਚ ਮਾਪਿਆਂ ਨੂੰ ਸ਼ਾਮਲ ਕਰਦਿਆਂ ਸਕੂਲਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਮਾਪਿਆਂ ਨੂੰ ਤੈਅ ਮਾਪਦੰਡਾਂ ਬਾਰੇ ਸੂਚਿਤ ਕਰਨ ਤੇ ਉਨ੍ਹਾਂ ਨੂੰ ਆਪਣੇ ਬੱਚਿਆਂ ਦੇ ਬੈਗਾਂ ’ਚ ਬੇਲੋੜੀਆਂ ਚੀਜ਼ਾਂ ਨਾ ਭੇਜਣ ਦੀ ਸਲਾਹ ਦੇਣ। ਜ਼ਿਲ੍ਹਾ ਸਿੱਖਿਆ ਅਧਿਕਾਰੀ ਦੇ ਦਫ਼ਤਰ ਨੇ ਸਾਰੇ ਸਕੂਲਾਂ ਨੂੰ 7 ਦਿਨਾਂ ’ਚ ਇਸ ਹੁਕਮ ਦੀ ਪਾਲਣਾ ਸਬੰਧੀ ਰਿਪੋਰਟ ਜਮ੍ਹਾਂ ਕਰਾਉਣ ਲਈ ਕਿਹਾ ਹੈ। ਸਰਕੂਲਰ ’ਚ ਸਪੱਸ਼ਟ ਕੀਤਾ ਗਿਆ ਹੈ ਕਿ ਹੁਕਮਾਂ ਦੀ ਉਲੰਘਣਾ ਨੂੰ ਗੰਭੀਰਤਾ ਨਾਲ ਲਿਆ ਜਾਵੇਗਾ ਤੇ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾ ਸਕਦੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


author

Babita

Content Editor

Related News