ਭੈਣ ਦੀ Love Marriage ਤੋਂ ਭੜਕੇ ਭਰਾ ਨੇ ਕਰ''ਤਾ ਜੀਜੇ ਦਾ ਕਤਲ! ਪੁਲਸ ਨੇ ਸਾਥੀਆਂ ਸਮੇਤ ਕੀਤਾ ਗ੍ਰਿਫ਼ਤਾਰ
Thursday, Feb 26, 2026 - 06:09 PM (IST)
ਸੰਗਰੂਰ (ਸਿੰਗਲਾ)- ਸੰਗਰੂਰ ਪੁਲਸ ਨੇ ਪਿੰਡ ਲਹਿਲ ਕਲਾਂ ਵਿਚ ਹੋਏ ਗੁਰਪ੍ਰੀਤ ਸਿੰਘ ਦੇ ਅੰਨ੍ਹੇ ਕਤਲ ਦੀ ਗੁੱਥੀ ਨੂੰ ਸੁਲਝਾਉਂਦਿਆਂ ਬਾਕੀ ਮੁਲਜ਼ਮਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਐੱਸ. ਐੱਸ. ਪੀ. ਸਰਤਾਜ ਸਿੰਘ ਚਾਹਲ ਅਤੇ ਐੱਸ. ਪੀ. ਰਾਜੇਸ਼ ਛਿੱਬਰ ਨੇ ਦੱਸਿਆ ਕਿ 17-18 ਫਰਵਰੀ ਦੀ ਰਾਤ ਨੂੰ ਕੁਝ ਨਾਮਲੂਮ ਵਿਅਕਤੀਆਂ ਨੇ ਘਰ ਵਿਚ ਵੜ ਕੇ ਗੁਰਪ੍ਰੀਤ ਸਿੰਘ ਦਾ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਸੀ।
ਪੁਲਸ ਦੀਆਂ ਵੱਖ-ਵੱਖ ਟੀਮਾਂ ਨੇ ਟੈਕਨੀਕਲ ਢੰਗ ਨਾਲ ਜਾਂਚ ਕਰਦੇ ਹੋਏ ਮੁੱਖ ਮੁਲਜ਼ਮ ਰਮਨਦੀਪ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਸੀ। ਉਸ ਦੀ ਪੁੱਛਗਿੱਛ ਦੇ ਆਧਾਰ 'ਤੇ ਉਸ ਦੇ ਸਾਥੀਆਂ ਰਵੀ, ਮੌਜੀ ਅਤੇ ਹਰਪ੍ਰੀਤ ਨੂੰ ਵੀ ਨਾਮਜ਼ਦ ਕਰਕੇ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਸ ਨੇ ਇਨ੍ਹਾਂ ਪਾਸੋਂ ਵਾਰਦਾਤ ਸਮੇਂ ਵਰਤਿਆ ਇਕ .32 ਬੋਰ ਦੇਸੀ ਪਿਸਤੌਲ, ਇਕ ਦੇਸੀ ਕੱਟਾ, ਇਕ ਖੋਲ ਅਤੇ ਇਕ ਆਲਟੋ ਕਾਰ ਬਰਾਮਦ ਕੀਤੀ ਹੈ।
ਪੁਲਸ ਅਫ਼ਸਰਾਂ ਮੁਤਾਬਕ ਮੁਲਜ਼ਮਾਂ ਤੋਂ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਮ੍ਰਿਤਕ ਗੁਰਪ੍ਰੀਤ ਸਿੰਘ ਨੇ ਕਰੀਬ ਡੇਢ-ਦੋ ਸਾਲ ਪਹਿਲਾਂ ਰਮਨਦੀਪ ਸਿੰਘ ਦੀ ਭੈਣ ਨਾਲ ਵਿਆਹ ਕਰਵਾਇਆ ਸੀ। ਰਮਨਦੀਪ ਇਸ ਵਿਆਹ ਤੋਂ ਖੁਸ਼ ਨਹੀਂ ਸੀ, ਜਿਸ ਕਾਰਨ ਉਸ ਨੇ ਆਪਣੇ ਦੋਸਤਾਂ ਨਾਲ ਮਿਲ ਕੇ ਕਤਲ ਦੀ ਸਾਜ਼ਿਸ਼ ਰਚੀ। ਫਿਲਹਾਲ ਪੁਲਸ ਵੱਲੋਂ ਮੁਲਜ਼ਮਾਂ ਦਾ ਰਿਮਾਂਡ ਹਾਸਲ ਕਰਕੇ ਅਗਲੇਰੀ ਪੁੱਛਗਿੱਛ ਕੀਤੀ ਜਾ ਰਹੀ ਹੈ।
