ਫਿਰੋਜ਼ਪੁਰ ’ਚ ਕਸ਼ਮੀਰੀ ਵਪਾਰੀਆਂ ਦੇ ਕਮਰੇ ਦਾ ਤਾਲਾ ਤੋੜ ਕੇ ਹਜ਼ਾਰਾਂ ਦੀ ਨਕਦੀ ਚੋਰੀ
Thursday, Feb 26, 2026 - 05:21 PM (IST)
ਫਿਰੋਜ਼ਪੁਰ (ਆਨੰਦ) : ਫਿਰੋਜ਼ਪੁਰ ਦੀ ਬਸਤੀ ਟੈਂਕਾਂਵਾਲੀ 'ਚ ਦਿਨ-ਦਿਹਾੜੇ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਕਸ਼ਮੀਰ ਤੋਂ ਆਏ ਗਰਮ ਕੱਪੜਿਆਂ ਦੇ ਵਪਾਰੀਆਂ ਨੂੰ ਨਿਸ਼ਾਨਾ ਬਣਾਇਆ ਗਿਆ। ਚੋਰਾਂ ਨੇ ਕਮਰੇ ਦਾ ਤਾਲਾ ਤੋੜ ਕੇ ਉੱਥੇ ਰੱਖੀ ਹਜ਼ਾਰਾਂ ਰੁਪਏ ਦੀ ਨਕਦੀ ਸਾਫ਼ ਕਰ ਦਿੱਤੀ। ਥਾਣਾ ਕੈਂਟ ਫਿਰੋਜ਼ਪੁਰ ਪੁਲਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਸ਼ਿਕਾਇਤਕਰਤਾ ਖਜੀਰ ਮੁਹੰਮਦ ਲੋਨੇ ਜੋ ਕਿ ਜੰਮੂ-ਕਸ਼ਮੀਰ ਦੇ ਜ਼ਿਲ੍ਹਾ ਕੁਪਵਾੜਾ ਦਾ ਰਹਿਣ ਵਾਲਾ ਹੈ, ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਉਹ ਆਪਣੇ ਸਾਥੀਆਂ ਨਾਲ ਫਿਰੋਜ਼ਪੁਰ ਕੈਂਟ ਇਲਾਕੇ ਵਿਚ ਸ਼ਾਲ, ਲੋਈਆਂ ਅਤੇ ਕੋਟੀਆਂ ਵੇਚਣ ਦਾ ਕੰਮ ਕਰਦਾ ਹੈ।
ਉਹ ਇੱਥੇ ਗਲੀ ਨੰਬਰ 9, ਬਸਤੀ ਟੈਂਕਾਂਵਾਲੀ ਵਿਖੇ ਗੁਰਨਾਮ ਸਿੰਘ ਦੇ ਮਕਾਨ ਵਿਚ ਕਿਰਾਏ ’ਤੇ ਰਹਿ ਰਹੇ ਸਨ। ਮਿਤੀ 4 ਫਰਵਰੀ 2026 ਨੂੰ ਜਦੋਂ ਉਹ ਰੋਜ਼ਾਨਾ ਦੀ ਤਰ੍ਹਾਂ ਕਮਰੇ ਨੂੰ ਜਿੰਦਰਾ ਲਗਾ ਕੇ ਕੰਮ ’ਤੇ ਗਏ ਹੋਏ ਸਨ ਤਾਂ ਪਿੱਛੋਂ ਅਣਪਛਾਤੇ ਵਿਅਕਤੀਆਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ। ਦੁਪਹਿਰ ਕਰੀਬ 2 ਵਜੇ ਜਦੋਂ ਉਹ ਵਾਪਸ ਪਰਤੇ ਤਾਂ ਦੇਖਿਆ ਕਿ ਕਮਰੇ ਦੇ ਤਾਲੇ ਟੁੱਟੇ ਹੋਏ ਸਨ। ਅੰਦਰ ਸਾਰਾ ਸਮਾਨ ਖਿੱਲਰਿਆ ਪਿਆ ਸੀ। ਖਜੀਰ ਮੁਹੰਮਦ ਦੇ 30,000 ਰੁਪਏ ਅਤੇ ਉਸਦੇ ਹੋਰ ਸਾਥੀਆਂ ਦੀ ਨਕਦੀ ਗਾਇਬ ਸੀ। ਸ਼ਿਕਾਇਤਕਰਤਾ ਦਾ ਕਹਿਣਾ ਹੈ ਕਿ ਇਹ ਉਹ ਪੈਸੇ ਸਨ, ਜੋ ਉਨ੍ਹਾਂ ਨੇ ਦਿਨ-ਰਾਤ ਮਿਹਨਤ ਕਰਕੇ ਕੱਪੜੇ ਵੇਚ ਕੇ ਇਕੱਠੇ ਕੀਤੇ ਸਨ। ਥਾਣਾ ਕੈਂਟ ਫਿਰੋਜ਼ਪੁਰ ਦੇ ਸਹਾਇਕ ਥਾਣੇਦਾਰ ਸਲਵਿੰਦਰ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਦੇ ਬਿਆਨਾਂ ਦੇ ਆਧਾਰ ’ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।
