ਕੈਪਟਨ ਸਰਕਾਰ 10 ਮਹੀਨਿਆਂ ''ਚ ਹੋਈ ਫੇਲ

01/15/2018 10:58:38 AM


ਫ਼ਿਰੋਜ਼ਪੁਰ (ਕੁਮਾਰ) - ਪੰਜਾਬ 'ਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੱਤਾ ਦੇ ਪਹਿਲੇ 10 ਮਹੀਨਿਆਂ 'ਚ ਚੋਣ ਮੈਨੀਫੈਸਟੋ 'ਚ ਕੀਤੇ ਸਾਰੇ ਵਾਅਦਿਆਂ ਨੂੰ ਪੂਰਾ ਕਰਨ 'ਚ ਪੂਰੀ ਤਰ੍ਹਾਂ ਫੇਲ ਰਹੀ ਹੈ ਅਤੇ ਪੰਜਾਬ ਦੇ ਲੋਕਾਂ ਦਾ ਇਸ ਸਰਕਾਰ ਤੋਂ ਵਿਸ਼ਵਾਸ ਖਤਮ ਹੋ ਗਿਆ ਹੈ। ਪੱਤਰਕਾਰ ਸੰਮੇਲਨ 'ਚ ਉਕਤ ਜਾਣਕਾਰੀ ਦਿੰਦਿਆਂ ਭਾਜਪਾ ਦੀ ਰਾਸ਼ਟਰੀ ਕਾਰਜਕਾਰਨੀ ਦੇ ਮੈਂਬਰ ਅਤੇ ਸਾਬਕਾ ਪੰਜਾਬ ਭਾਜਪਾ ਪ੍ਰਧਾਨ ਕਮਲ ਸ਼ਰਮਾ ਨੇ ਕਿਹਾ ਕਿ ਕੈਪਟਨ ਸਰਕਾਰ ਦੀ ਸੱਤਾ ਦੇ ਪਹਿਲੇ 10 ਮਹੀਨਿਆਂ ਦੀ ਨਾਕਾਮ ਕਾਰਗੁਜ਼ਾਰੀ ਖਿਲਾਫ ਭਾਜਪਾ ਪੰਜਾਬ ਭਰ 'ਚ 16 ਜਨਵਰੀ ਨੂੰ ਜ਼ਿਲਾ ਪੱਧਰ 'ਤੇ ਰੋਸ ਧਰਨੇ ਦੇਵੇਗੀ ਅਤੇ ਪੰਜਾਬ ਦੇ ਰਾਜਪਾਲ ਦੇ ਨਾਂ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ-ਸੌਂਪੇਗੀ। 
ਉਨ੍ਹਾਂ ਕਿਹਾ ਕਿ ਚੋਣਾਂ ਸਮੇਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਪੰਜਾਬ ਦੇ ਕਿਸਾਨਾਂ ਦੇ ਸਾਰੇ ਕਰਜ਼ੇ ਮੁਆਫ ਕੀਤੇ ਜਾਣਗੇ ਤੇ ਹੁਣ 1 ਲੱਖ ਤੱਕ ਦੇ ਕਰਜ਼ੇ ਮੁਆਫ ਕਰਨ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ ਅਤੇ ਕਿਸੇ ਕਿਸਾਨ ਦਾ 7 ਰੁਪਏ ਅਤੇ ਕਿਸੇ ਦਾ 500 ਰੁਪਏ ਕਰਜ਼ਾ ਮੁਆਫ ਕੀਤਾ ਜਾ ਰਿਹਾ ਹੈ। ਕੈਪਟਨ ਸਰਕਾਰ ਦੀ ਕਰਜ਼ਾ ਮੁਆਫੀ ਨੀਤੀ ਤੋਂ ਦੁਖੀ ਹੋਏ ਕਰਜ਼ੇ 'ਚ ਡੁੱਬੇ 4 ਕਿਸਾਨ ਆਤਮ-ਹੱਤਿਆ ਕਰ ਚੁੱਕੇ ਹਨ। ਕੈਪਟਨ ਦੇ ਕਿਸਾਨਾਂ ਦੇ ਸਾਰੇ ਕਰਜ਼ੇ ਮੁਆਫ ਕਰਨ, ਸਮਾਰਟ ਫੋਨ ਦੇਣ, ਇਕ ਮਹੀਨੇ ਵਿਚ ਨਸ਼ੇ ਦਾ ਖਾਤਮਾ ਕਰਨ, ਘਰ-ਘਰ ਵਿਚ ਨੌਕਰੀ ਦੇਣ ਅਤੇ ਨੌਕਰੀ ਨਾ ਮਿਲਣ 'ਤੇ ਬੇਰੁਜ਼ਗਾਰਾਂ ਨੂੰ 2500 ਰੁਪਏ ਮਹੀਨਾ ਬੇਰੁਜ਼ਗਾਰੀ ਭੱਤਾ ਦੇਣ, ਬਜ਼ੁਰਗਾਂ ਨੂੰ 1500 ਰੁਪਏ ਮਹੀਨਾ ਪੈਨਸ਼ਨ ਦੇਣ, ਬੇਘਰੇ ਦਲਿਤਾਂ ਨੂੰ ਘਰ ਅਤੇ ਦਲਿਤ ਪਰਿਵਾਰ ਦੇ ਇਕ ਮੈਂਬਰ ਨੂੰ ਰੋਜ਼ਗਾਰ ਦੇਣ ਆਦਿ ਚੋਣ ਵਾਅਦੇ ਕਿੱਥੇ ਗਏ? ਪੰਜਾਬ 'ਚ ਰੇਤ ਮਾਫੀਆ, ਨਸ਼ਾ ਸਮੱਗਲਰ ਸਰਗਰਮ ਹਨ ਅਤੇ ਕਾਨੂੰਨ-ਵਿਵਸਥਾ ਨਾਂ ਦੀ ਕੋਈ ਚੀਜ਼ ਨਹੀਂ ਰਹੀ। ਉਨ੍ਹਾਂ ਕਿਹਾ ਕਿ ਮਿਊਂਸੀਪਲ ਚੋਣਾਂ 'ਚ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕੀਤੀ ਗਈ ਅਤੇ ਕਾਂਗਰਸ ਸਰਕਾਰ ਨੇ ਲੋਕਤੰਤਰ ਦਾ ਗਲਾ ਘੁੱਟਿਆ ਹੈ। ਕਾਂਗਰਸ ਸਰਕਾਰ ਨੂੰ ਪੰਜਾਬ ਦੇ ਲੋਕਾਂ ਤੇ ਪੰਜਾਬ ਦੇ ਵਿਕਾਸ ਦੀ ਕੋਈ ਚਿੰਤਾ ਨਹੀਂ ਹੈ।


Related News