GST ਕੁਲੈਕਸ਼ਨ ’ਚ ਵਾਧਾ, ਮਈ ’ਚ 10 ਫੀਸਦੀ ਵਧ ਕੇ 1.73 ਲੱਖ ਕਰੋੜ ਰੁਪਏ ਹੋਈ

06/02/2024 10:56:58 AM

ਨਵੀਂ ਦਿੱਲੀ (ਭਾਸ਼ਾ) - ਕੇਂਦਰ ਸਰਕਾਰ ਨੇ ਸ਼ਨੀਵਾਰ ਨੂੰ ਗੁਡਸ ਐਂਡ ਸਰਵਿਸ ਟੈਕਸ (ਜੀ. ਐੱਸ. ਟੀ.) ਕੁਲੈਕਸ਼ਨ ਦੇ ਅੰਕੜੇ ਜਾਰੀ ਕੀਤੇ ਹਨ। ਅੰਕੜਿਆਂ ਮੁਤਾਬਕ ਮਈ ’ਚ ਕੁੱਲ ਜੀ. ਐੱਸ. ਟੀ. ਮਾਲੀਆ ਕੁਲੈਕਸ਼ਨ 1.73 ਲੱਖ ਕਰੋੜ ਰੁਪਏ ਰਹੀ ਹੈ। ਇਸ ’ਚ ਸਾਲਾਨਾ ਆਧਾਰ ’ਤੇ 10 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਕੁੱਲ ਜੀ. ਐੱਸ. ਟੀ. ਮਾਲੀਆ ਵੀ 6.9 ਫੀਸਦੀ ਵਧ ਕੇ 1.44 ਲੱਖ ਕਰੋੜ ਰੁਪਏ ਰਿਹਾ ਹੈ।

ਅੰਕੜਿਆਂ ਮੁਤਾਬਕ ਚਾਲੂ ਵਿੱਤੀ ਸਾਲ 2024-25 ’ਚ ਹੁਣ ਤੱਕ ਕੁੱਲ ਜੀ. ਐੱਸ. ਟੀ. ਮਾਲੀਆ ਕੁਲੈਕਸ਼ਨ 3.83 ਲੱਖ ਕਰੋੜ ਰੁਪਏ ਰਹੀ ਹੈ। ਇਸ ’ਚ ਪਿਛਲੇ ਵਿੱਤੀ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 11.3 ਫੀਸਦੀ ਦਾ ਉਛਾਲ ਆਇਆ ਹੈ।

ਘਰੇਲੂ ਟਰਾਂਜ਼ੈਕਸ਼ਨ ’ਚ ਉਛਾਲ, ਦਰਾਮਦ ਘਟੀ

ਗੁਡਸ ਐਂਡ ਸਰਵਿਸਿਜ਼ ਟੈਕਸ (ਜੀ. ਐੱਸ. ਟੀ.) ਦੇ ਮਈ ਦੇ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਘਰੇਲੂ ਟਰਾਂਜ਼ੈਕਸ਼ਨ ’ਚ 15.3 ਫੀਸਦੀ ਦਾ ਉਛਾਲ ਆਇਆ ਹੈ, ਜਦੋਂ ਕਿ ਦਰਾਮਦ 4.3 ਫੀਸਦੀ ਘਟੀ ਹੈ। ਮਈ, 2024 ’ਚ ਕੇਂਦਰੀ ਜੀ. ਐੱਸ. ਟੀ. 32,409 ਕਰੋੜ, ਰਾਜ ਜੀ. ਐੱਸ. ਟੀ. 40,265 ਕਰੋੜ, ਇੰਟੀਗ੍ਰੇਟਿਡ ਜੀ. ਐੱਸ. ਟੀ. 87,781 ਕਰੋੜ ਰੁਪਏ ਅਤੇ ਸੈੱਸ 12,284 ਕਰੋੜ ਰੁਪਏ ਰਹੀ ਹੈ। ਇਸ ’ਚ ਦਰਾਮਦ ਕੀਤੀਆਂ ਵਸਤਾਂ ’ਤੇ ਲਿਆ ਗਿਆ ਸੈੱਸ ਵੀ ਸ਼ਾਮਲ ਹੈ।

ਵਿੱਤੀ ਸਾਲ 2024 ’ਚ ਜੀ. ਐੱਸ. ਟੀ. ਕੁਲੈਕਸ਼ਨ ’ਤੇ ਨਜ਼ਰ ਮਾਰੀਏ ਤਾਂ ਇਹ ਅੰਕੜਾ 3.83 ਲੱਖ ਕਰੋੜ ਰੁਪਏ ਤੱਕ ਪਹੁੰਚ ਗਿਆ ਹੈ। ਵਿੱਤੀ ਸਾਲ ਦੇ ਸ਼ੁਰੂਆਤੀ ਦੋ ਮਹੀਨਿਆਂ ਦੌਰਾਨ ਘਰੇਲੂ ਟਰਾਂਜ਼ੈਕਸ਼ਨ ’ਚ ਪਿਛਲੇ ਵਿੱਤੀ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 14.2 ਫੀਸਦੀ ਦਾ ਉਛਾਲ ਆਇਆ ਹੈ, ਜਦਕਿ ਦਰਾਮਦ ਵੀ ਮਾਮੂਲੀ ਰੂਪ ’ਚ 1.4 ਫੀਸਦੀ ਵਧੀ ਹੈ। ਰਿਫੰਡ ਦੇਣ ਤੋਂ ਬਾਅਦ ਸ਼ੁੱਧ ਜੀ. ਐੱਸ. ਟੀ. ਮਾਲੀਆ ਵੀ 11.6 ਫੀਸਦੀ ਵਧ ਕੇ 3.36 ਲੱਖ ਕਰੋੜ ਰੁਪਏ ’ਤੇ ਪਹੁੰਚ ਗਿਆ ਹੈ।

ਸੂਬਿਆਂ ’ਚ ਕਿਸ ਨੇ ਮਾਰੀ ਬਾਜ਼ੀ?

ਜੇ ਸੂਬਿਆਂ ਦੀ ਜੀ. ਐੱਸ. ਟੀ ਕੁਲੈਕਸ਼ਨ ’ਚ ਵਾਧੇ ’ਤੇ ਨਜ਼ਰ ਮਾਰੀਏ ਤਾਂ ਸਭ ਤੋਂ ਜ਼ਿਆਦਾ ਵਾਧਾ 48 ਫੀਸਦੀ ਮਣੀਪੁਰ ਦੀ ਟੈਕਸ ਕੁਲੈਕਸ਼ਨ ’ਚ ਦਰਜ ਕੀਤਾ ਗਿਆ ਹੈ। ਇਸ ਤੋਂ ਬਾਅਦ ਦੂਜਾ ਨੰਬਰ ਦਿੱਲੀ ਦਾ ਹੈ, ਜਿੱਥੇ ਜੀ. ਐੱਸ. ਟੀ. ਕੁਲੈਕਸ਼ਨ ਪਿਛਲੇ ਸਾਲ ਨਾਲੋਂ 46 ਫੀਸਦੀ ਵੱਧ ਰਹੀ ਹੈ। ਉੱਥੇ ਹੀ, ਸਭ ਤੋਂ ਵੱਧ ਗਿਰਾਵਟ 41 ਫੀਸਦੀ ਲੱਦਾਖ ਦੀ ਜੀ. ਐੱਸ. ਟੀ. ਕੁਲੈਕਸ਼ਨ ’ਚ ਦਰਜ ਕੀਤੀ ਗਈ। ਲਕਸ਼ਦੀਪ ਦੂਜੇ ਸਥਾਨ ’ਤੇ ਰਿਹਾ ਹੈ, ਜਿੱਥੇ ਜੀ. ਐੱਸ. ਟੀ. ਕੁਲੈਕਸ਼ਨ ’ਚ 39 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ।

ਉੱਥੇ ਹੀ, ਜੇ ਜੀ. ਐੱਸ. ਟੀ. ਕੁਲੈਕਸ਼ਨ ਦੀ ਵੈਲਿਊ ਦੇ ਹਿਸਾਬ ਨਾਲ ਦੇਖੀਏ ਤਾਂ ਦੇਸ਼ ’ਚ ਸਭ ਤੋਂ ਵੱਧ 26,854 ਕਰੋੜ ਰੁਪਏ ਦੀ ਜੀ. ਐੱਸ. ਟੀ. ਕੁਲੈਕਸ਼ਨ ਮਹਾਰਾਸ਼ਟਰ ’ਚ ਹੋਈ ਹੈ। ਇਸ ਤੋਂ ਬਾਅਦ ਦੂਜੇ ਸਥਾਨ ’ਤੇ ਕਰਨਾਟਕ (11,889 ਕਰੋੜ ਰੁਪਏ) ਅਤੇ ਤੀਜੇ ਸਥਾਨ ’ਤੇ ਗੁਜਰਾਤ (11,325 ਕਰੋੜ ਰੁਪਏ) ਰਿਹਾ ਹੈ।


Harinder Kaur

Content Editor

Related News