ਵੈਸ਼ਨੋ ਦੇਵੀ ਜਾ ਰਹੀ ਮਾਲਵਾ ਐਕਸਪ੍ਰੈੱਸ ਸਮੇਤ 2 ਟਰੇਨਾਂ ਦੀ ''ਪਾਵਰ ਫੇਲ'', ਕੋਲਕਾਤਾ ਟਰਮੀਨਲ 21 ਘੰਟੇ ਲੇਟ

Monday, Jun 17, 2024 - 12:50 PM (IST)

ਜਲੰਧਰ (ਪੁਨੀਤ)-ਟਰੇਨਾਂ ਦੀ ਦੇਰੀ ਕਾਰਨ ਪ੍ਰੇਸ਼ਾਨੀ ਉਠਾ ਰਹੇ ਯਾਤਰੀਆਂ ਨੂੰ ਬੀਤੇ ਦਿਨ 2 ਵੱਖ-ਵੱਖ ਟਰੇਨਾਂ ਦੀ ਪਾਵਰ ਫੇਲ ਹੋਣ ਜਾਣ ਕਾਰਨ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਇਸ ਕਾਰਨ ਕਈ ਯਾਤਰੀਆਂ ਨੇ ਕਿਸੇ ਹੋਰ ਬਦਲ ਰਾਹੀਂ ਆਪਣੀ ਮੰਜ਼ਿਲ ’ਤੇ ਪਹੁੰਚਣਾ ਹੀ ਮੁਨਾਸਿਬ ਸਮਝਿਆ ਕਿਉਂਕਿ ਪਾਵਰ ਫੇਲ ਹੋਣ ਤੋਂ ਬਾਅਦ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਮਿਲ ਪਾ ਰਹੀ ਸੀ। ਯਾਤਰੀਆਂ ਨੂੰ ਸਮਝ ਨਹੀਂ ਆ ਰਹੀ ਸੀ ਕਿ ਆਖਿਰ ਕੀ ਘਟਨਾ ਵਾਪਰ ਗਈ ਹੈ। ਇਸ ਕਾਰਨ ਕਈ ਯਾਤਰੀ ਟਰੇਨ ਵਿਚੋਂ ਉਤਰ ਗਏ। ਇਨ੍ਹਾਂ ’ਚੋਂ ਇਕ ਟਰੇਨ ਦਾ ਇੰਜਣ ਟਾਂਡਾ ਤੋਂ ਮੁਕੇਰੀਆਂ-ਟਾਂਡਾ ਉੜਮੁੜ ਲਾਈਨ ’ਤੇ ਪੈਂਦੇ ਦਸੂਹਾ ਨੇੜੇ ਫੇਲ ਹੋਇਆ, ਜਦਕਿ ਇਕ ਹੋਰ ਟਰੇਨ ਫਗਵਾੜਾ ਰਸਤੇ ਵਿਚ ਪੈਂਦੇ ਮੌਲੀ ਸਟੇਸ਼ਨ ਨੇੜੇ ਖੜ੍ਹੀ ਰਹੀ। ਇਨ੍ਹਾਂ ਵਿਚ ਜੰਮੂਤਵੀ ਅਤੇ ਵੈਸ਼ਨੋ ਦੇਵੀ ਜਾਣ ਵਾਲੀ ਮਾਲਵਾ ਐਕਸਪ੍ਰੈੱਸ ਟਰੇਨ ਮੁੱਖ ਤੌਰ ’ਤੇ ਸ਼ਾਮਲ ਹੈ। ਸੂਚਨਾ ਮਿਲਣ ਤੋਂ ਬਾਅਦ ਸਬੰਧਤ ਅਧਿਕਾਰੀਆਂ ਵੱਲੋਂ ਇੰਤਜ਼ਾਮ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਪਾਵਰ ਫੇਲ ਹੋਣ ਕਾਰਨ ਯਾਤਰੀਆਂ ਨੂੰ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਅਤੇ ਮੰਜ਼ਿਲ ’ਤੇ ਪਹੁੰਚਣ ’ਚ ਵੀ ਦੇਰੀ ਹੋਈ।

ਇਹ ਵੀ ਪੜ੍ਹੋ- ਹਾਜੀਪੁਰ 'ਚ ਵਾਪਰੇ ਹਾਦਸੇ ਨੇ ਉਜਾੜ 'ਤੀਆਂ ਪਰਿਵਾਰ ਦੀਆਂ ਖ਼ੁਸ਼ੀਆਂ, ਮਾਪਿਆਂ ਦੇ ਜਵਾਨ ਪੁੱਤ ਦੀ ਦਰਦਨਾਕ ਮੌਤ

ਡਾ. ਅੰਬੇਡਕਰ ਨਗਰ ਤੋਂ ਮਾਤਾ ਵੈਸ਼ਨੋ ਦੇਵੀ (ਕਟੜਾ) ਜਾ ਰਹੀ 12919 ਮਾਲਵਾ ਐਕਸਪ੍ਰੈੱਸ ਦੀ ਕੜਕਦੀ ਗਰਮੀ ਦਰਮਿਆਨ ਦੁਪਹਿਰ ਵੇਲੇ ਪਾਵਰ ਫੇਲ ਹੋ ਗਈ। ਇਸ ਕਾਰਨ ਫਗਵਾੜਾ-ਗੁਰਾਇਆ ਵਿਚਕਾਰ ਪੈਂਦੇ ਮੌਲੀ ਸਟੇਸ਼ਨ ਨੇੜੇ ਟਰੇਨ ਖੜ੍ਹੀ ਕਰਨੀ ਪਈ। ਇੰਦੌਰ ਤੋਂ ਸਮੇਂ ’ਤੇ ਚੱਲੀ ੳੁਕਤ ਟਰੇਨ 4 ਘੰਟੇ ਦੀ ਦੇਰੀ ਨਾਲ ਕਟੜਾ ਪਹੁੰਚੀ। ਰਸਤੇ ਵਿਚ ਟਰੇਨ ਰੁਕਣ ਕਾਰਨ ਨੇੜੇ-ਤੇੜੇ ਜਾਣ ਵਾਲੇ ਕਈ ਯਾਤਰੀ ਅੱਧ ਵਿਚਕਾਰ ਹੀ ਹੇਠਾਂ ਉਤਰ ਗਏ। ਟਰੇਨ ਨੰਬਰ 12919 ਦਾ ਲੁਧਿਆਣਾ ਤੋਂ ਰਵਾਨਾ ਹੋਣ ਦਾ ਸਮਾਂ 9.50 ਵਜੇ ਹੈ, ਜਦਕਿ ਉਕਤ ਟਰੇਨ ਲੁਧਿਆਣਾ ਸਟੇਸ਼ਨ ਤੋਂ 11 ਮਿੰਟ ਦੀ ਦੇਰੀ ਨਾਲ 10.01 ਮਿੰਟ ’ਤੇ ਜਲੰਧਰ ਲਈ ਰਵਾਨਾ ਹੋਈ। ਸਹੀ ਚੱਲਣ ਕਾਰਨ ਯਾਤਰੀਆਂ ਦੇ ਸਮੇਂ ਸਿਰ ਪਹੁੰਚਣ ਦੀ ਉਮੀਦ ਸੀ ਪਰ ਅਜਿਹਾ ਨਹੀਂ ਹੋਇਆ।

PunjabKesari

12919 ਟਰੇਨ ਜਲੰਧਰ ਕੈਂਟ ਸਟੇਸ਼ਨ ’ਤੇ ਪਹੁੰਚਣ ਦਾ ਸਮਾਂ ਸਵੇਰੇ 10.33 ਵਜੇ ਹੈ, ਜਦਕਿ ਟਰੇਨ ਦੁਪਹਿਰ 12.47 ਵਜੇ ਸਟੇਸ਼ਨ ’ਤੇ ਪਹੁੰਚੀ। ਰਸਤੇ ਵਿਚ ਲੰਮੇ ਸਮੇਂ ਤਕ ਰੁਕਣ ਕਾਰਨ ਉਕਤ ਟਰੇਨ ਨੇ 2.14 ਘੰਟੇ ਦਾ ਵਾਧੂ ਸਮਾਂ ਲਿਆ ਜੋ ਕਿ ਯਾਤਰੀਆਂ ਲਈ ਦਿੱਕਤਾਂ ਦਾ ਕਾਰਨ ਬਣਿਆ। ਵੱਧ ਸਮਾਂ ਲੱਗਣ ਨਾਲ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਉਕਤ ਟਰੇਨ ਲੱਗਭਗ ਡੇਢ ਘੰਟੇ ਤਕ ਰਸਤੇ ਵਿਚ ਮੌਲੀ ਸਟੇਸ਼ਨ ਦੇ ਨਜ਼ਦੀਕ ਖੜ੍ਹੀ ਰਹੀ ਹੋਵੇਗੀ। ਅੰਕੜਿਆਂ ਮੁਤਾਬਕ ਲੁਧਿਆਣਾ ਤੋਂ ਚੱਲ ਕੇ ਜਲੰਧਰ ਕੈਂਟ ਤੱਕ ਪਹੁੰਚਣ ਲਈ 43 ਮਿੰਟ ਲੱਗਦੇ ਹਨ, ਇਸ ਲਈ ਲੁਧਿਆਣਾ ਤੋਂ ਸਵੇਰੇ 10.01 ਵਜੇ ਰਵਾਨਾ ਹੋਣ ਤੋਂ ਬਾਅਦ ਇਹ 10.45 ਵਜੇ ਜਲੰਧਰ ਪਹੁੰਚ ਜਾਣੀ ਚਾਹੀਦੀ ਸੀ, ਪਰ ਇਹ 2.14 ਘੰਟੇ ਦੀ ਦੇਰੀ ਨਾਲ ਪਹੁੰਚੀ। ਪਾਵਰ ਫੇਲ ਹੋਣ ਦੇ ਸਹੀ ਕਾਰਨਾਂ ਦਾ ਪਤਾ ਲਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਹੋਰ ਟਰੇਨਾਂ ਦੇ ਲੇਟ ਹੋਣ ਕਾਰਨ ਯਾਤਰੀਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। 04681 ਜੰਮੂਤਵੀ-ਕੋਲਕਾਤਾ ਟਰਮੀਨਲ ਆਪਣੇ ਨਿਰਧਾਰਿਤ ਸਮੇਂ ਤੋਂ 21.16 ਘੰਟੇ ਦੀ ਦੇਰੀ ਨਾਲ ਪਹੁੰਚੀ। ਇਸੇ ਤਰ੍ਹਾਂ ਆਨੰਦ ਵਿਹਾਰ-ਜੰਮੂਤਵੀ, ਜੋ ਸਵੇਰੇ 7.20 ਵਜੇ ਪਹੁੰਚਦੀ ਹੈ, 3.43 ਘੰਟੇ ਦੀ ਦੇਰੀ ਨਾਲ 11.03 ਵਜੇ ਕੈਂਟ ਸਟੇਸ਼ਨ ’ਤੇ ਪਹੁੰਚੀ।

ਇਹ ਵੀ ਪੜ੍ਹੋ- ਅਨਮੋਲ ਗਗਨ ਮਾਨ ਦੇ ਵਿਆਹ 'ਚ ਪਹੁੰਚੇ CM ਭਗਵੰਤ ਮਾਨ, ਇਸ ਅੰਦਾਜ਼ 'ਚ ਦਿੱਤੀਆਂ ਨਵੇਂ ਵਿਆਹੇ ਜੋੜੇ ਨੂੰ ਵਧਾਈਆਂ

ਡੇਢ ਘੰਟਾ ਰਸਤੇ ’ਚ ਖੜ੍ਹੀ ਰਹੀ ਜੰਮੂਤਵੀ-ਗਾਂਧੀ ਨਗਰ
ਇਸੇ ਤਰ੍ਹਾਂ 19224 ਜੰਮੂਤਵੀ-ਗਾਂਧੀ ਨਗਰ ਕੈਪੀਟੋਲ ਦੀ ਦਸੂਹਾ ਨਜ਼ਦੀਕ ਪਾਵਰ ਫੇਲ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇਸ ਕਾਰਨ ਉਕਤ ਟਰੇਨ ਡੇਢ ਘੰਟੇ ਤੱਕ ਸੜਕ ਦੇ ਵਿਚਕਾਰ ਖੜ੍ਹੀ ਰਹੀ। ਮੁਕੇਰੀਆਂ ਤੋਂ ਰਵਾਨਾ ਹੋਣ ਸਮੇਂ ਉਕਤ ਟਰੇਨ 42 ਮਿੰਟ ਲੇਟ ਚੱਲ ਰਹੀ ਸੀ ਅਤੇ ਦਸੂਹਾ ਪਹੁੰਚਣ ਤੱਕ 40 ਮਿੰਟ ਲੇਟ ਹੋਣ ਦੀ ਸੂਚਨਾ ਮਿਲੀ। ਇਸ ਤੋਂ ਬਾਅਦ ਇਸ ਟਰੇਨ ਨੂੰ ਦਸੂਹਾ ਤੋਂ ਟਾਂਡਾ ਪਹੁੰਚਣ ਲਈ 15 ਮਿੰਟ ਦਾ ਸਮਾਂ ਲੱਗਦਾ ਹੈ, ਜਦਕਿ ਪਾਵਰ ਫੇਲ ਹੋਣ ਕਾਰਨ ਇਸ ਨੇ 15 ਮਿੰਟ ਦਾ ਸਫਰ 1.42 ਘੰਟਿਆਂ ਤਹਿ ਕੀਤਾ। ਇਸ ਹਿਸਾਬ ਨਾਲ ਉਕਤ ਟਰੇਨ ਡੇਢ ਘੰਟਾ ਰਸਤੇ ਵਿਚ ਖੜ੍ਹੀ ਰਹੀ।

ਇਹ ਵੀ ਪੜ੍ਹੋ- ਜਲੰਧਰ ਜ਼ਿਮਨੀ ਚੋਣ ਲਈ 'ਆਪ' ਨੇ ਐਲਾਨਿਆ ਉਮੀਦਵਾਰ, ਮਹਿੰਦਰ ਭਗਤ ਨੂੰ ਦਿੱਤੀ ਟਿਕਟ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 


shivani attri

Content Editor

Related News