ਰੁਜ਼ਗਾਰ ਦੀ ਭਾਲ ''ਚ ਦੂਜੇ ਪਿੰਡਾਂ ਵੱਲ ਰਵਾਨਾ ਹੋਏ ਸਰਹੱਦੀ ਪਿੰਡਾਂ ਦੇ ਵਾਸੀ

09/22/2017 12:13:22 AM

ਮੰਡੀ ਘੁਬਾਇਆ(ਕੁਲਵੰਤ)-ਸਰਹੱਦੀ ਪਿੰਡਾਂ 'ਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਲੋਕਾਂ ਵੱਲੋਂ ਨਰਮਿਆਂ ਵਾਲੇ ਪਿੰਡਾਂ 'ਚ ਕੂਚ ਕਰਨ ਦਾ ਸਿਲਸਿਲਾ ਜਾਰੀ ਹੋ ਗਿਆ ਹੈ ਕਿਉਂਕਿ ਇਸ ਵੇਲੇ ਸਰਹੱਦੀ ਪਿੰਡਾਂ 'ਚ ਕੰਮ ਦੀ ਘਾਟ ਆ ਜਾਂਦੀ ਹੈ, ਜਿਸ ਕਾਰਨ ਲੋਕਾਂ ਨੂੰ ਮਜਬੂਰੀ ਵੱਸ ਘਰਾਂ ਨੂੰ ਛੱਡਣਾ ਪੈਂਦਾ ਹੈ। ਜਾਣਕਾਰੀ ਅਨੁਸਾਰ ਸਰਹੱਦੀ ਪਿੰਡਾਂ ਜੋਧਾ ਭੈਣੀ, ਫੱਤੂਵਾਲਾ, ਲੱਧੂਵਾਲਾ ਹਿਠਾੜ, ਧਰਮੂ ਵਾਲਾ, ਹਜ਼ਾਰਾ ਰਾਮ ਸਿੰਘ ਵਾਲਾ ਆਦਿ ਪਿੰਡਾਂ ਦੇ ਕਈ ਪਰਿਵਾਰ ਜਿਨ੍ਹਾਂ ਕੋਲ ਆਪਣੀ ਜ਼ਮੀਨ ਨਹੀਂ ਹੈ, ਉਨ੍ਹਾਂ ਵੱਲੋਂ ਰੁਜ਼ਗਾਰ ਦੀ ਭਾਲ 'ਚ ਨਰਮਿਆਂ ਦੀ ਕਾਸ਼ਤ ਕਰਨ ਵਾਲੇ ਪਿੰਡਾਂ ਵੱਲ ਕੂਚ ਕੀਤਾ ਜਾਂਦਾ ਹੈ ਕਿਉਂਕਿ ਇਨ੍ਹਾਂ ਪਿੰਡਾਂ 'ਚ ਇਸ ਸਮੇਂ ਕੰਮ ਦੀ ਘਾਟ ਆ ਜਾਂਦੀ ਹੈ ਤੇ ਪੇਟ ਦੀ ਅੱਗ ਬੁਝਾਉਣ ਲਈ ਰੋਟੀ ਦਾ ਬੰਦੋਬਸਤ ਕਰਨਾ ਜ਼ਰੂਰੀ ਹੈ। ਇਨ੍ਹਾਂ ਲੋਕਾਂ ਵੱਲੋਂ ਆਪਣੇ ਨਾਲ਼ ਹੀ ਆਪਣੇ ਬੱਚਿਆਂ, ਪਸ਼ੂਆਂ ਤੇ ਮੰਜੇ ਬਿਸਤਰੇ ਅਤੇ ਹੋਰ ਜ਼ਰੂਰੀ ਸਾਮਾਨ ਵੀ ਨਾਲ਼ ਹੀ ਲਿਜਾਇਆ ਜਾਂਦਾ ਹੈ। ਇਨ੍ਹਾਂ ਦੇ ਬੱਚਿਆਂ ਵੱਲੋਂ ਇਨ੍ਹਾਂ ਦਿਨਾਂ 'ਚ ਸਕੂਲਾਂ 'ਚੋਂ ਛੁੱਟੀਆਂ ਕਰ ਲਈਆਂ ਜਾਂਦੀਆਂ ਹਨ ਤੇ ਦੋ-ਤਿੰਨ ਮਹੀਨੇ ਉਹ ਸਕੂਲਾਂ ਦਾ ਮੂੰਹ ਤੱਕ ਨਹੀਂ ਦੇਖਦੇ, ਜਿਸ ਕਾਰਨ ਉਨ੍ਹਾਂ ਦੀ ਪੜ੍ਹਾਈ ਦਾ ਬਹੁਤ ਨੁਕਸਾਨ ਹੁੰਦਾ ਹੈ।
ਕੀ ਕਹਿੰਦੇ ਹਨ ਬੱਚਿਆਂ ਦੇ ਮਾਪੇ 
ਬੱਚਿਆਂ ਦੇ ਮਾਪਿਆਂ ਨਾਲ਼ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਮਜਬੂਰੀ ਹੈ ਕਿਉਂਕਿ ਇਸ ਵੇਲੇ ਉਨ੍ਹਾਂ ਦੇ ਪਿੰਡਾਂ 'ਚ ਰੁਜ਼ਗਾਰ ਦਾ ਕੋਈ ਸਾਧਨ ਬਾਕੀ ਨਹੀਂ। ਉਨ੍ਹਾਂ ਦੱਸਿਆ ਕਿ ਪਹਿਲਾਂ ਝੋਨੇ ਦੀ ਲੁਆਈ, ਗੰਦ-ਫੂਸ ਕੱਢਣ ਆਦਿ ਦਾ ਕੰਮ ਖੇਤਾਂ 'ਚ ਮਿਲ ਜਾਂਦਾ ਸੀ ਪਰ ਹੁਣ ਉਹ ਬਿਲਕੁਲ ਵਿਹਲੇ ਹੋ ਗਏ ਹਨ, ਜਿਸ ਕਾਰਨ ਉਹ ਨਰਮਾ ਚੁਗ ਕੇ ਆਪਣੇ ਤੇ ਆਪਣੇ ਬੱਚਿਆਂ ਦਾ ਪੇਟ ਪਾਲਣਗੇ। ਉਨ੍ਹਾਂ ਦੱਸਿਆ ਕਿ ਉਹ ਵੀ ਚਾਹੁੰਦੇ ਹਨ ਕਿ ਉਨ੍ਹਾਂ ਦੇ ਬੱਚੇ ਸਕੂਲ 'ਚ ਪੜ੍ਹਨ ਪਰ ਉਨ੍ਹਾਂ ਨੂੰ ਨਾਲ਼ ਲੈ ਕੇ ਜਾਣਾ ਪੈਂਦਾ ਹੈ ਕਿਉਂਕਿ ਦੋ-ਤਿੰਨ ਮਹੀਨੇ ਉਨ੍ਹਾਂ ਦੀ ਸੰਭਾਲ ਕੌਣ ਕਰ ਸਕਦਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਮਨਰੇਗਾ ਸਕੀਮ ਤਹਿਤ ਸਰਕਾਰ ਵੱਲੋਂ ਚਾਹੇ ਰੁਜ਼ਗਾਰ ਦਿੱਤਾ ਜਾ ਰਿਹਾ ਹੈ ਪਰ ਉਹ ਕੁਝ ਸੀਮਤ ਦਿਨਾਂ ਵਾਸਤੇ ਹੈ, ਜਿਸ ਕਾਰਨ ਉਨ੍ਹਾਂ ਦਾ ਗੁਜ਼ਾਰਾ ਨਹੀਂ ਹੋ ਸਕਦਾ।
ਕੀ ਹੈ ਮੰਗ 
ਸਰਹੱਦੀ ਪਿੰਡਾਂ ਦੇ ਲੋਕਾਂ ਨੇ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਇਨ੍ਹਾਂ ਦਿਨਾਂ 'ਚ ਕੰਮ ਦਿਵਾਇਆ ਜਾਵੇ ਤਾਂ ਜੋ ਉਨ੍ਹਾਂ ਨੂੰ ਮਜਬੂਰੀ ਵੱਸ ਆਪਣਾ ਘਰ ਨਾ ਛੱਡ ਕੇ ਜਾਣਾ ਪਵੇ ਤੇ ਮਨਰੇਗਾ ਸਕੀਮ ਨੂੰ ਹੋਰ ਵੱਡੇ ਪੱਧਰ 'ਤੇ ਲਿਆਂਦਾ ਜਾਵੇ, ਜਿਸ ਤਹਿਤ ਲੋਕਾਂ ਨੂੰ ਘੱਟੋ-ਘੱਟ 200 ਦਿਨ ਦਾ ਕੰਮ ਦਿੱਤਾ ਜਾਵੇ।


Related News