ਕਸ਼ਮੀਰ ਕਿਸ਼ਤੀ ਹਾਦਸਾ: 3 ਲਾਪਤਾ ਲੋਕਾਂ ਦੀ ਭਾਲ ਜਾਰੀ

Wednesday, Apr 17, 2024 - 03:09 PM (IST)

ਸ਼੍ਰੀਨਗਰ- ਸ਼੍ਰੀਨਗਰ ਸ਼ਹਿਰ ਦੇ ਬਾਹਰੀ ਇਲਾਕੇ ਵਿਚ ਮੰਗਲਵਾਰ ਨੂੰ ਜੇਹਲਮ ਨਦੀ ਵਿਚ ਕਿਸ਼ਤੀ ਪਲਟ ਜਾਣ ਮਗਰੋਂ ਲਾਪਤਾ ਤਿੰਨ ਲੋਕਾਂ ਦੀ ਭਾਲ ਲਈ ਬੁੱਧਵਾਰ ਨੂੰ ਬਚਾਅ ਮੁਹਿੰਮ ਸ਼ੁਰੂ ਕੀਤੀ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਇਸ ਹਾਦਸੇ ਵਿਚ 6 ਲੋਕ ਮਾਰੇ ਗਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਬੁੱਧਵਾਰ ਦੀ ਸਵੇਰ ਨੂੰ ਤਲਾਸ਼ੀ ਮੁਹਿੰਮ ਫਿਰ ਤੋਂ ਸ਼ੁਰੂ ਕੀਤੀ ਗਈ। ਸੂਬਾ ਆਫਤ ਪ੍ਰਤੀਕਿਰਿਆ ਬਲ (SDRF), ਰਾਸ਼ਟਰੀ ਆਫ਼ਤ ਮੋਚਨ ਬਲ (NDRF) ਅਤੇ ਜੰਮੂ-ਕਸ਼ਮੀਰ ਪੁਲਸ ਦੀਆਂ ਟੀਮਾਂ ਜੇਹਲਮ ਨਦੀ ਵਿਚ ਲਾਪਤਾ ਹੋਏ ਲੋਕਾਂ ਦੀ ਭਾਲ ਕਰ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਭਾਰਤੀ ਜਲ ਸੈਨਾ ਦੇ ਸਮੁੰਦਰੀ ਕਮਾਂਡੋ ਨੂੰ ਵੀ ਰਾਹਤ ਅਤੇ ਬਚਾਅ ਮੁਹਿੰਮ ਵਿਚ ਤਾਇਨਾਤ ਕੀਤਾ ਗਿਆ ਹੈ।

ਅਧਿਕਾਰੀਆਂ ਮੁਤਾਬਕ ਅਜੇ ਵੀ 3 ਲੋਕ ਲਾਪਤਾ ਹਨ।  ਕਿਸ਼ਤੀ 'ਚ ਜ਼ਿਆਦਾਤਰ ਸਕੂਲ ਦੇ ਵਿਦਿਆਰਥੀ ਮੌਜੂਦ ਸਨ। ਗਾਂਦੇਰਬਲ ਨੌਗਾਮ ਇਲਾਕੇ ਵਿਚ ਮੰਗਲਵਾਰ ਨੂੰ ਕਿਸ਼ਤੀ ਹਾਦਸੇ ਦੀ ਸ਼ਿਕਾਰ ਹੋ ਗਈ। ਬਚਾਅ ਕਰਮੀਆਂ ਨੇ ਨਦੀ 'ਚੋਂ 6 ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਹਨ। ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਪੈ ਰਹੇ ਮੀਂਹ ਕਾਰਨ ਜੇਹਲਮ ਨਦੀ ਨਾਲ ਹੀ ਝੀਲਾਂ ਅਤੇ ਤਲਾਬਾਂ 'ਚ ਪਾਣੀ ਦਾ ਪੱਧਰ ਵੱਧ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਕਿਸ਼ਤੀ 'ਤੇ 19 ਲੋਕ ਸਵਾਰ ਸਨ, ਜਿਨ੍ਹਾਂ  ਵਿਚੋਂ 6 ਲੋਕਾਂ ਦੀ ਡੁੱਬਣ ਨਾਲ ਮੌਤ ਹੋ ਗਈ ਅਤੇ 10 ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। SDRF ਦੇ ਡਿਪਟੀ ਸੁਪਰਡੈਂਟ ਮੁਜ਼ੱਫਰ ਅਹਿਮਦ ਨੇ ਦੱਸਿਆ ਕਿ ਅੱਜ ਸਵੇਰੇ 6 ਵਜੇ ਤਲਾਸ਼ੀ ਮੁਹਿੰਮ ਫਿਰ ਤੋਂ ਸ਼ੁਰੂ ਕੀਤੀ ਗਈ। ਅਸੀਂ 3 ਲਾਪਤਾ ਲੋਕਾਂ ਦਾ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਇਸ ਬਚਾਅ ਮੁਹਿੰਮ ਨੂੰ ਘਟਨਾ ਵਾਲੀ ਥਾਂ ਤੋਂ ਅੱਗੇ 4 ਕਿਲੋਮੀਟਰ ਤੱਕ ਵਧਾ ਦਿੱਤਾ ਗਿਆ ਹੈ।


Tanu

Content Editor

Related News