ਪਹਿਲੇ ਪੜਾਅ ਦੇ ਚਰਨ ਕੀ ਦੂਜੇ ਪੜਾਅ ’ਚ ਪੈਣਗੇ

Thursday, Apr 25, 2024 - 03:45 PM (IST)

ਪਹਿਲੇ ਪੜਾਅ ਦੇ ਚਰਨ ਕੀ ਦੂਜੇ ਪੜਾਅ ’ਚ ਪੈਣਗੇ

ਲੋਕ ਸਭਾ ਚੋਣਾਂ ਦਾ ਦੂਜਾ ਪੜਾਅ ਸਾਹਮਣੇ ਹੈ। ਪਹਿਲੇ ਪੜਾਅ ’ਚ ਵੋਟਰਾਂ ’ਚ ਉਤਸ਼ਾਹ ਬਹੁਤ ਨਹੀਂ ਦਿਸਿਆ। ਰਾਸ਼ਟਰੀ ਮੁੱਦਿਆਂ ਦਾ ਅਸਰ ਘੱਟ ਦਿਸਿਆ। ਜਾਤੀ, ਸਥਾਨਕ ਸਮੀਕਰਨ, ਸਥਾਨਕ ਮਤਭੇਦ-ਮਨਭੇਦ ਹਾਵੀ ਰਹੇ। ਹੁਣ ਇਹ ਤਾਂ ਬਿਲਕੁਲ ਨਹੀਂ ਕਿਹਾ ਜਾ ਸਕਦਾ ਕਿ ਘੱਟ ਵੋਟਿੰਗ ਦੀ ਸਥਿਤੀ ’ਚ ਕਿਸ ਧਿਰ ਦਾ ਵੋਟਰ ਨਿਕਲਿਆ ਅਤੇ ਕਿਸ ਧਿਰ ਦਾ ਘਰ ਬੈਠ ਗਿਆ ਪਰ ਇੰਨਾ ਜ਼ਰੂਰ ਤੈਅ ਹੈ ਕਿ ਵੋਟਰਾਂ ’ਚ ਉਹ ਤੇਜ਼ੀ ਨਹੀਂ ਦਿਸੀ ਜਿਸ ਦੀ ਉਮੀਦ ਸੀ। ਹੁਣ ਵੱਡਾ ਸਵਾਲ ਉੱਠਦਾ ਹੈ ਕਿ ਕੀ ਦੂਜੇ ਪੜਾਅ ’ਚ ਇਸ ਦਾ ਅਸਰ ਦਿਖਾਈ ਦੇਵੇਗਾ? ਕੀ ਦੂਜੇ ਪੜਾਅ ’ਚ ਵੋਟਰ ਵੱਡੀ ਗਿਣਤੀ ’ਚ ਨਿਕਲੇਗਾ? ਕੀ ਪਹਿਲੇ ਪੜਾਅ ਪਿੱਛੋਂ ਐੱਨ. ਡੀ. ਏ. ਜਾਂ ਆਈ. ਐੱਨ. ਡੀ. ਆਈ. ਏ. ਦਾ ਵੋਟਰ ਇਹ ਸੋਚ ਕੇ ਨਿਕਲੇਗਾ ਕਿ ਉਸ ਦੀ ਪਾਰਟੀ ਮੁਸੀਬਤ ’ਚ ਹੈ? ਕੀ ਪਹਿਲੇ ਪੜਾਅ ਪਿੱਛੋਂ ਵੋਟਰ ਇਹ ਸੋਚ ਕੇ ਨਿਕਲੇਗਾ ਕਿ ਲੜਾਈ ਸਖਤ ਹੈ ਅਤੇ ਸੰਭਾਵਨਾ ਬਣਦੀ ਹੈ? ਸ਼ੱਕ ਤੇ ਸੰਭਾਵਨਾ ਦਰਮਿਆਨ ਝੂਲ ਰਹੀਆਂ ਹਨ ਚੋਣਾਂ। ਵਿਰੋਧੀ ਧਿਰ ਮੰਨਦੀ ਹੈ ਕਿ ਪਹਿਲੇ ਪੜਾਅ ਦੇ ਤੁਰੰਤ ਪਿੱਛੋਂ ਜਿਸ ਤਰ੍ਹਾਂ ਪ੍ਰਧਾਨ ਮੰਤਰੀ ਦੇ ਹਮਲੇ ਹੋਏ ਹਨ, ਕਾਂਗਰਸ ਨੂੰ ਕੋਸਿਆ ਗਿਆ ਹੈ, ਹਿੰਦੂ-ਮੁਸਲਿਮ ਦੀ ਕੋਸ਼ਿਸ਼ ਕੀਤੀ ਗਈ ਹੈ, ਉਸ ਨਾਲ ਲੱਗਦਾ ਤਾਂ ਇਹੀ ਹੈ ਕਿ ਭਾਜਪਾ ਦੀ ਧਿਰ ਮੁਸ਼ਕਿਲ ’ਚ ਹੈ। ਆਪਣੇ ਸੰਕਲਪ ਪੱਤਰ ਦੀ ਥਾਂ ਕਾਂਗਰਸ ਦੇ ਐਲਾਨਨਾਮੇ ਦਾ ਜ਼ਿਕਰ ਚੋਣ ਭਾਸ਼ਣਾਂ ’ਚ ਵੱਧ ਨਜ਼ਰ ਆ ਰਿਹਾ ਹੈ। ਇਹ ਸਭ ਕੀ ਸੋਚੀ-ਸਮਝੀ ਰਣਨੀਤੀ ਦੇ ਤਹਿਤ ਹੋ ਰਿਹਾ ਹੈ ਜਾਂ ਤਾਲਾਬ ’ਚ ਪੱਥਰ ਸੁੱਟ ਕੇ ਤਮਾਸ਼ਾ ਦੇਖਣ ਦੀ ਸੋਚ ਹੈ? ਇਸ ਵਿਚ ਕੋਈ ਸ਼ੱਕ ਨਹੀਂ ਕਿ ਕਾਂਗਰਸ ਦਾ ਐਲਾਨਨਾਮਾ ਕੁਝ ਵੱਖਰਾ ਜਿਹਾ ਹੈ ਪਰ ਕਾਂਗਰਸ ਜਿੰਨਾ ਪ੍ਰਚਾਰ-ਪ੍ਰਸਾਰ ਨਹੀਂ ਕਰ ਰਹੀ ਸੀ, ਉਸ ਤੋਂ ਵੱਧ ਮੋਦੀ ਨੇ ਇਸ ਦਾ ਜ਼ਿਕਰ ਕਰ ਕੇ ਕੀ ਗਲਤੀ ਕਰ ਦਿੱਤੀ ਹੈ ਜਾਂ ਜਾਣ-ਬੁੱਝ ਕੇ ਕਾਂਗਰਸ ਦੇ ਪ੍ਰਚਾਰ ਨੂੰ ਪੱਟੜੀ ਤੋਂ ਉਤਾਰਨ ਦੀ ਕੋਸ਼ਿਸ਼ ਕੀਤੀ ਹੈ? ਅਜੇ ਤੱਕ ਤਾਂ ਕਾਂਗਰਸ ਇਸ ਸਿਆਸੀ ਦਾਅ-ਪੇਚ ਵਿਚ ਫਸੀ ਨਹੀਂ ਹੈ ਅਤੇ ਅਜੇ ਤਕ ਮੋਦੀ ਨੇ ਵੀ ਹਾਰ ਨਹੀਂ ਮੰਨੀ ਹੈ। ਮਾਮਲਾ ਚੋਣ ਕਮਿਸ਼ਨ ਕੋਲ ਹੈ ਪਰ ਉਥੋਂ ਕੁਝ ਹੋਣ ਦੀ ਆਸ ਤਾਂ ਸ਼ਾਇਦ ਕਾਂਗਰਸ ਨੂੰ ਵੀ ਨਹੀਂ ਹੈ।

ਅਜਿਹੇ ’ਚ ਸਵਾਲ ਉੱਠਦਾ ਹੈ ਕਿ ਜੇ ਦੂਜੇ ਪੜਾਅ ’ਚ ਵੋਟਿੰਗ ਫੀਸਦੀ ਵਧ ਗਈ, ਬੀ. ਜੇ. ਪੀ. ਦੀ ਜਿੱਤ ਵਾਲੀਆਂ ਸੀਟਾਂ ’ਤੇ ਜ਼ਿਆਦਾ ਵਧ ਗਈ ਤਾਂ ਕੀ ਬਾਕੀ ਦੇ ਪੰਜ ਪੜਾਵਾਂ ’ਚ ਚੋਣਾਂ ਪੂਰੀ ਤਰ੍ਹਾਂ ਹਿੰਦੂ-ਮੁਸਲਿਮ ’ਚ ਬਦਲ ਜਾਣਗੀਆਂ? ਕੀ ਮਹਿੰਗਾਈ, ਬੇਰੋਜ਼ਗਾਰੀ, ਆਰਥਿਕ ਹਾਲਾਤ ਵਰਗੇ ਮਸਲੇ, ਮਸਲੇ ਹੀ ਬਣ ਕੇ ਰਹਿ ਜਾਣਗੇ? ਇਥੇ ‘ਇੰਡੀਆ’ ਨੇ ਗਲਤੀ ਕਰ ਦਿੱਤੀ ਹੈ। ਹੋਣਾ ਤਾਂ ਇਹ ਚਾਹੀਦਾ ਸੀ ਕਿ ਵੱਖ-ਵੱਖ ਚੋਣ ਮਨੋਰਥ ਪੱਤਰ ਕੱਢਣ ਪਿੱਛੋਂ ਸਾਰੇ ਚੋਣ ਮਨੋਰਥ ਪੱਤਰਾਂ ਦੇ ਕੁਝ-ਕੁਝ ਬਿੰਦੂ ਕੱਢ ਕੇ ਘੱਟੋ-ਘੱਟ ਸਾਂਝਾ ਪ੍ਰੋਗਰਾਮ ਬਣਾਉਣਾ ਚਾਹੀਦਾ ਸੀ ਜਿਸ ਦਾ ਜ਼ਿਕਰ ‘ਇੰਡੀਆ’ ਗੱਠਜੋੜ ਦੇ ਸਾਰੇ ਆਗੂ ਕਰਦੇ। ਅਜਿਹਾ ਹੁੰਦਾ ਤਾਂ ਮੋਦੀ ਦਾ ਕਾਂਗਰਸ ਦੇ ਚੋਣ ਮਨੋਰਥ ਪੱਤਰ ਦਾ ਵਿਰੋਧ ਜਾਂ ਉਸ ’ਚ ਖਾਮੀਆਂ ਕੱਢਣ ਦਾ ਪੂਰਾ ‘ਇੰਡੀਆ’ ਗੱਠਜੋੜ ਵਿਰੋਧ ਕਰਦਾ, ਕਿਉਂਕਿ ਜਿਨ੍ਹਾਂ ਗੱਲਾਂ ਦਾ ਜ਼ਿਕਰ ਮੋਦੀ ਕਰ ਰਹੇ ਹਨ ਉਹ ਸਾਂਝੇ ਐਲਾਨਨਾਮੇ ਦਾ ਬਿੰਦੂ ਜ਼ਰੂਰ ਹੁੰਦਾ ਪਰ ਅਜਿਹਾ ਹੋ ਨਾ ਸਕਿਆ। ਇਸ ਲਈ ਪਹਿਲੀ ਵਾਰ ਸ਼ਾਇਦ ਕਿਸੇ ਪਾਰਟੀ ਦਾ ਚੋਣ ਮਨੋਰਥ ਪੱਤਰ ਇਸ ਤਰ੍ਹਾਂ ਚਰਚਾ ’ਚ ਆਇਆ ਹੈ।

ਐੱਨ. ਡੀ. ਏ. ਅਤੇ ਆਈ. ਐੱਨ. ਡੀ. ਆਈ. ਏ. ਦਾ ਵੋਟਰ ਤਾਂ ਲਾਮਬੰਦ ਹੋ ਚੁੱਕਾ ਹੈ ਪਰ ਫਲੋਟਿੰਗ ਵੋਟਰ ਨੇ ਅਜੇ ਤੈਅ ਕਰਨਾ ਹੈ ਕਿ ਕਿਸ ਪਾਸੇ ਜਾਣਾ ਹੈ। ਅਜਿਹਾ ਵੋਟਰ ਕਿਸੇ ਪਾਰਟੀ ਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਨਹੀਂ ਹੁੰਦਾ ਹੈ। ਉਹ ਮਾਹੌਲ ਦੇਖ ਕੇ ਵੋਟ ਪਾਉਂਦਾ ਹੈ ਅਤੇ ਕਦੇ ਸਥਾਨਕ ਉਮੀਦਵਾਰ ਨੂੰ ਦੇਖ ਕੇ। ਅਜਿਹੇ ਵੋਟਰ ਜੇ ਚੋਣ ਮਨੋਰਥ ਪੱਤਰ ਪੜ੍ਹਦੇ ਹਨ ਤਾਂ ਕੀ ਉਨ੍ਹਾਂ ਨੂੰ ਮੋਦੀ ਦੀ ਗੱਲ ਦਿਸੇਗੀ। ਕੀ ਕਾਂਗਰਸ ਨੂੰ ਮੋਦੀ ਦੇ ਬਹਾਨੇ ਹੀ ਜਨਤਾ ਦਰਮਿਆਨ ਆਪਣਾ ਚੋਣ ਮਨੋਰਥ ਪੱਤਰ ਪਹੁੰਚਾਉਣ ਦਾ ਮੌਕਾ ਮਿਲ ਗਿਆ ਹੈ? ਬੀ. ਜੇ. ਪੀ. ਦੀ ਕੋਸ਼ਿਸ਼ ਤਾਂ ਇਹੀ ਹੈ ਕਿ ਕਾਂਗਰਸ ਦੇ ਚੋਣ ਮਨੋਰਥ ਪੱਤਰ ਨੂੰ ਪੂਰੀ ਤਰ੍ਹਾਂ ਸ਼ੱਕੀ ਐਲਾਨ ਦਿੱਤਾ ਜਾਵੇ। ਇੰਨਾ ਜ਼ਰੂਰ ਤੈਅ ਹੈ ਕਿ ਚੋਣ ਕਮਿਸ਼ਨ ਦੀ ਕਿਸੇ ਵੀ ਕਾਰਵਾਈ ਤੋਂ ਪਹਿਲਾਂ ਤੱਕ ਮੋਦੀ ਇਸ ’ਤੇ ਖੇਡਦੇ ਰਹਿਣਗੇ।

ਹਕੀਕਤ ਤਾਂ ਇਹ ਹੈ ਕਿ ਅੱਜ ਦੀ ਤਰੀਕ ’ਚ ਭਾਜਪਾ ਦੀ ਵਾਪਸੀ ਦੀ ਸੰਭਾਵਨਾ ਸਭ ਤੋਂ ਵੱਧ ਹੈ। ਸੱਚ ਤਾਂ ਇਹ ਹੈ ਕਿ ਅੱਜ ਦੀ ਤਰੀਕ ’ਚ ਮੋਦੀ ਦੇ ਤੀਜੀ ਵਾਰ ਪ੍ਰਧਾਨ ਮੰਤਰੀ ਦੀ ਸਹੁੰ ਚੁੱਕਣ ਦੀ ਸੰਭਾਵਨਾ ਸਭ ਤੋਂ ਵੱਧ ਹੈ। ਤਾਂ ਫਿਰ ਦਸ ਸਾਲ ਦੀਆਂ ਪ੍ਰਾਪਤੀਆਂ ਗਿਣਾਉਣ ’ਤੇ ਜ਼ੋਰ ਨਹੀਂ ਹੈ ਪਰ ਇਹ ਵੀ ਸੱਚ ਹੈ ਕਿ ਅੰਮ੍ਰਿਤ ਕਾਲ ਦੀ ਚਰਚਾ ਬੰਦ ਹੋ ਗਈ ਹੈ। ਬੀ. ਜੇ. ਪੀ. ਅਜੇ ਵੀ ਇਹ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਵੋਟਰ ਨੂੰ ਨਵਾਂ ਕੀ ਦਿੱਤਾ ਜਾਏ। ਅਜਿਹੇ ’ਚ ਵੋਟਰ ਨੂੰ ਹਿੰਦੂ ਖਤਰੇ ’ਚ ਹੈ, ਦੇ ਨਾਅਰੇ ਨਾਲ ਹੀ ਜੋਸ਼ ’ਚ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਇੰਨੇ ਵੀ ਖਰਾਬ ਨਹੀਂ ਕਿ ਵੋਟਰ ਮੂੰਹ ਮੋੜ ਲੈਣ ਜਾਂ ਫਿਰ ਕਾਂਗਰਸ ਦੇ ਆਰਥਿਕ ਬਦਲ ਇੰਨੇ ਵੀ ਲੁਭਾਵਣੇ ਨਹੀਂ ਹਨ ਕਿ ਵੋਟਰ ਉਸ ਪਾਸੇ ਖਿੱਚਿਆ ਚਲਾ ਜਾਵੇ। ਬੇਰੋਜ਼ਗਾਰੀ ਹੈ, ਮਹਿੰਗਾਈ ਹੈ, ਜਨਤਾ ਨਾਰਾਜ਼ ਵੀ ਹੈ ਪਰ ਨਾਰਾਜ਼ਗੀ ਖਿਲਾਫ ਵੋਟ ਬਹੁਤ ਵੱਡੀ ਗਿਣਤੀ ’ਚ ਤਬਦੀਲ ਹੋ ਜਾਵੇਗੀ, ਅਜਿਹਾ ਵੀ ਦਿਖਾਈ ਨਹੀਂ ਦਿੰਦਾ। ‘ਇੰਡੀਆ’ ਗੱਠਜੋੜ ਵੀ ਭਾਜਪਾ ਨੂੰ 250 ਤੋਂ ਘੱਟ ’ਤੇ ਸਮੇਟਣ ਦਾ ਟੀਚਾ ਲੈ ਕੇ ਚੱਲ ਰਿਹਾ ਹੈ। ਬੀ. ਜੇ. ਪੀ. ਪਿਛਲੇ ਪ੍ਰਦਰਸ਼ਨ ਨੂੰ ਦੁਹਰਾਉਣ ਲਈ ਜੂਝ ਰਹੀ ਹੈ। ਗੱਲ ਸੌ-ਪੰਜਾਹ-ਸੱਠ ਸੀਟਾਂ ਇਧਰ ਜਾਂ ਓਧਰ ਹੋਣ ਦੀ ਹੀ ਲੱਗ ਰਹੀ ਹੈ। ਅਜਿਹੇ ’ਚ ਭਾਜਪਾ ਦੇ ਚੋਣ ਪ੍ਰਚਾਰ ’ਚ ਅਚਾਨਕ ਕਾਂਗਰਸ ਵਿਰੁੱਧ ਆਈ ਤਲਖ਼ੀ ਕਈ ਸਵਾਲ ਖੜ੍ਹੇ ਕਰਦੀ ਹੈ।

ਪਹਿਲੇ ਪੜਾਅ ਦੀਆਂ 101 ਸੀਟਾਂ ’ਚ ਪਿਛਲੀ ਵਾਰ ਦੋਵਾਂ ਦਰਮਿਆਨ ਮੁਕਾਬਲਾ ਬਰਾਬਰ ਦਾ ਸੀ। ਇਸ ਲਈ ਘੱਟ ਵੋਟਿੰਗ ਅਤੇ ਉਦਾਸੀਨ ਵੋਟਰ ਦੇ ਰੁਖ ਦਾ ਵੱਖਰੇ-ਵੱਖਰੇ ਢੰਗ ਨਾਲ ਵਿਸ਼ਲੇਸ਼ਣ ਕੀਤਾ ਜਾ ਰਿਹਾ ਹੈ। ਦੂਜੇ ਪੜਾਅ ਦੀਆਂ 89 ਸੀਟਾਂ ’ਚ ਕੇਰਲ ਦੀਆਂ 20 ਸੀਟਾਂ ’ਤੇ ਬੀ. ਜੇ. ਪੀ. ਕਿਤੇ ਨਹੀਂ ਸੀ, ਬਾਕੀ ਦੀਆਂ 69 ਸੀਟਾਂ ’ਚੋਂ ਉਹ 57 ਸੀਟਾਂ ’ਤੇ ਸੀ। ਇਸ ਹਿਸਾਬ ਨਾਲ ਦੇਖਿਆ ਜਾਵੇ ਤਾਂ ਇਹ ਪੜਾਅ ਭਾਜਪਾ ਦੀ ਅਸਲ ਅਗਨੀ ਪ੍ਰੀਖਿਆ ਦਾ ਹੈ। ਬੀ. ਜੇ. ਪੀ. ਨੂੰ ਲੱਗਦਾ ਹੈ ਕਿ ਮਾਹੌਲ ਪਹਿਲੇ ਤਿੰਨ ਪੜਾਵਾਂ ’ਚ ਜੋ ਬਣਦਾ ਹੈ ਉਸ ਨੂੰ ਉਲਟਾਉਣਾ ਫਿਰ ਮੁਸ਼ਕਿਲ ਹੋ ਜਾਂਦਾ ਹੈ। ਲਿਹਾਜ਼ਾ, ਹਿੰਦੂ-ਮੁਸਲਿਮ ਦਾ ਅਸਤਰ ਜੋ ਸ਼ਾਇਦ ਪੰਜਵੇਂ ਪੜਾਅ ਲਈ ਰੱਖਿਆ ਗਿਆ ਸੀ, ਉਸ ਨੂੰ ਦੂਜੇ ਪੜਾਅ ਤੋਂ ਠੀਕ ਪਹਿਲਾਂ ਚਲਾ ਦਿੱਤਾ ਗਿਆ ਹੈ। ਉਹ ਵੀ ਬਹੁਤ ਸੋਚ-ਸਮਝ ਕੇ, ਕਾਂਗਰਸ ਨੂੰ ਉਕਸਾਉਣ ਅਤੇ ਗਲਤੀ ਕਰਨ ਲਈ ਜਾਲ਼ ਸੁੱਟ ਦਿੱਤਾ ਗਿਆ ਹੈ। ਸਵਾਲ ਉੱਠਦਾ ਹੈ ਕਿ ਕਾਂਗਰਸ ਕੀ ਆਪਣੇ ਹੀ ਮੁੱਦਿਆਂ ਤਕ ਸੀਮਿਤ ਰਹਿੰਦੀ ਹੈ ਅਤੇ ਕੀ ਭਾਜਪਾ ਦੂਜੇ ਪੜਾਅ ਪਿੱਛੋਂ ਫਿਰ ਤੋਂ 10 ਸਾਲਾਂ ਦਾ ਹਿਸਾਬ ਨਵੇਂ ਸਿਰੇ ਤੋਂ ਦੇਣਾ ਸ਼ੁਰੂ ਕਰਦੀ ਹੈ। ਕਾਂਗਰਸ ਜਾਂ ਉਸਦੇ ਸਾਥੀਆਂ ਨੇ ਗਲਤੀ ਵੀ ਸ਼ੁਰੂ ਕਰ ਦਿੱਤੀ ਹੈ। ਰਾਜੀਵ ਗਾਂਧੀ ਦੇ ਪਰਮ ਮਿੱਤਰ ਰਹੇ ਸੈਮ ਪਿਤ੍ਰੋਦਾ ਨੇ ਗਲਤੀ ਕਰ ਦਿੱਤੀ ਹੈ। ਅੱਗੇ ਉਸ ਨਾਲ ਕਿਵੇਂ ਨਜਿੱਠਿਆ ਜਾ ਸਕਦਾ ਹੈ, ਇਹ ਦੇਖਣਾ ਹੋਵੇਗਾ।

ਵਿਜੇ ਵਿਦਰੋਹੀ
 


author

Rakesh

Content Editor

Related News