ਬਿਹਾਰੀ ਕਾਲੋਨੀ ’ਚ ਨਹੀਂ ਰੁਕ ਰਿਹਾ ਨਸ਼ੇ ਦਾ ਕਾਰੋਬਾਰ! ਪ੍ਰਾਈਵੇਟ ਪਾਰਟ ’ਤੇ ਟੀਕਾ ਲਾਉਂਦੇ ਦਿਸੇ ਨਸ਼ੇੜੀ,ਵੀਡੀਓ ਵਾਇਰਲ
Friday, Aug 21, 2026 - 03:16 PM (IST)
ਲੁਧਿਆਣਾ (ਰਾਜ)- ਮਹਾਨਗਰ ਦੀ ਤਾਜਪੁਰ ਰੋਡ ਸਥਿਤ ਬਿਹਾਰੀ ਕਾਲੋਨੀ ਵਿਚ ਪੁਲਸ ਦੀਆਂ ਤਮਾਮ ਕੋਸ਼ਿਸ਼ਾਂ ਅਤੇ ਦਾਅਵਿਆਂ ਦੇ ਬਾਵਜੂਦ ਨਸ਼ਾ ਤਸਕਰੀ ਦਾ ਧੰਦਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਇਲਾਕੇ ਵਿਚ ਹਾਲਾਤ ਇਸ ਕਦਰ ਬਦਤਰ ਹੋ ਚੁੱਕੇ ਹਨ ਕਿ ਨਸ਼ਾ ਖਰੀਦਣ ਤੋਂ ਬਾਅਦ ਯੁਵਕ ਸ਼ਰੇਆਮ ਗਲੀਆਂ ਤੇ ਸੁੰਨਸਾਨ ਕੋਨਿਆਂ ਵਿਚ ਇੰਜੈਕਸ਼ਨ ਲਗਾਉਂਦੇ ਦੇਖੇ ਜਾ ਸਕਦੇ ਹਨ।
ਨਸ਼ੇ ਦੀ ਓਵਰਡੋਜ਼ ਤੋਂ ਬਾਅਦ ਕਈ ਨੌਜਵਾਨ ਸੁੱਧ-ਬੁੱਧ ਖੋਹ ਕੇ ਜੋੰਬੀ ਵਾਂਗ ਇੱਧਰ-ਉੱਧਰ ਝੂਮਦੇ ਤੇ ਬੇਸੁੱਧ ਪਏ ਨਜ਼ਰ ਆਉਂਦੇ ਹਨ। ਪੰਜਾਬ ਕੇਸਰੀ ਲਗਾਤਾਰ ਇਸ ਸੰਵੇਦਨਸ਼ੀਲ ਇਲਾਕੇ ਵਿਚ ਪਨਪ ਰਹੇ ਨਸ਼ੇ ਦੇ ਨੈੱਟਵਰਕ ਖ਼ਿਲਾਫ਼ ਆਵਾਜ਼ ਉਠਾਉਂਦਾ ਰਿਹਾ ਹੈ ਪਰ ਜ਼ਮੀਨੀ ਹਕੀਕਤ ਅੱਜ ਵੀ ਬੇਹੱਦ ਡਰਾਉਣੀ ਬਣੀ ਹੋਈ ਹੈ।
ਪੰਜਾਬ ਕੇਸਰੀ ਦੀ ਟੀਮ ਦੇ ਹੱਥ ਇਲਾਕੇ ਨਾਲ ਜੁੜੇ ਕੁਝ ਬੇਹੱਦ ਚੌਂਕਾਉਣ ਵਾਲੇ ਵੀਡੀਓ ਲੱਗੇ ਹਨ। ਇਹਨਾਂ ਵੀਡੀਓਜ਼ ਵਿਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਨਸ਼ਾ ਕਰਨ ਤੋਂ ਬਾਅਦ ਯੁਵਕ ਆਪਣੀ ਚੇਤਨਾ ਖੋਹ ਕੇ ਅਜੀਬੋ-ਗਰੀਬ ਹਰਕਤਾਂ ਨਾਲ ਖੜ੍ਹੇ ਹਨ। ਇਕ ਯੁਵਕ ਸ਼ਰੇਆਮ ਆਪਣੇ ਪ੍ਰਾਈਵੇਟ ਪਾਰਟ ''ਤੇ ਨਸ਼ੇ ਦਾ ਇੰਜੈਕਸ਼ਨ ਲਗਾਉਂਦਾ ਦਿਖਾਈ ਦੇ ਰਿਹਾ ਹੈ।
ਜਨਤਾ ਨੇ ਸਮੱਗਲਰ ਫੜੇ, ਫਿਰ ਵੀ ਸਪਲਾਈ ਲਾਈਨ ਨਹੀਂ ਟੁੱਟੀ
ਸਥਾਨਕ ਨਿਵਾਸੀਆਂ ਦਾ ਕਹਿਣਾ ਹੈ ਕਿ ਉਹ ਇਸ ਦਲਦਲ ਤੋਂ ਆਪਣੇ ਬੱਚਿਆਂ ਤੇ ਇਲਾਕੇ ਨੂੰ ਬਚਾਉਣ ਲਈ ਕਈ ਵਾਰ ਖ਼ੁਦ ਅੱਗੇ ਆਏ ਹਨ। ਜਨਤਾ ਨੇ ਖ਼ੁਦ ਹਿੰਮਤ ਦਿਖਾਉਂਦੇ ਕਈ ਨਸ਼ਾ ਸਮੱਗਲਰਾਂ ਤੇ ਨਸ਼ੇੜੀਆਂ ਨੂੰ ਰੰਗੇ ਹੱਥੀਂ ਫੜ ਕੇ ਪੁਲਸ ਦੇ ਹਵਾਲੇ ਵੀ ਕੀਤਾ ਪਰ ਕੁਝ ਹੀ ਦਿਨਾਂ ਬਾਅਦ ਨਵੇਂ ਪੈਡਲਰ ਸਰਗਰਮ ਹੋ ਜਾਂਦੇ ਹਨ ਤੇ ਨਸ਼ੇ ਦੀ ਸਪਲਾਈ ਚੇਨ ਦੁਬਾਰਾ ਸ਼ੁਰੂ ਹੋ ਜਾਂਦੀ ਹੈ।
ਨਸ਼ਾ ਮੁਕਤੀ ਕੇਂਦਰ ਭੇਜਣ ਦੀ ਮੁਹਿੰਮ ਵੀ ਬੇਅਸਰ
ਥਾਣਾ ਡਵੀਜ਼ਨ ਨੰਬਰ-7 ਦੀ ਪੁਲਸ ਦਾ ਦਾਅਵਾ ਹੈ ਕਿ ਉਹ ਇਲਾਕੇ ਵਿਚ ਲਗਾਤਾਰ ਛਾਪੇਮਾਰੀ ਕਰ ਰਹੀ ਹੈ ਅਤੇ ਫੜੇ ਗਏ ਨਸ਼ਾ ਪੀੜਤਾਂ ਨੂੰ ਨਸ਼ਾ ਛੁਡਾਊ ਕੇਂਦਰਾਂ ਵਿੱਚ ਭੇਜ ਕੇ ਮੁੱਖ ਧਾਰਾ ਵਿਚ ਲਿਆਉਣ ਦਾ ਯਤਨ ਕਰ ਰਹੀ ਹੈ। ਹਾਲਾਂਕਿ ਜ਼ਮੀਨੀ ਪੱਧਰ 'ਤੇ ਨਸ਼ੇ ਦਾ ਵਹਾਅ ਰੁਕਣ ਦਾ ਨਾਂ ਨਹੀਂ ਲੈ ਰਿਹਾ। ਲੋਕਾਂ ਨੇ ਪੁਲਸ ਕਮਿਸ਼ਨਰ ਤੋਂ ਮੰਗ ਕੀਤੀ ਹੈ ਕਿ ਬਿਹਾਰੀ ਕਾਲੋਨੀ ਤੇ ਆਸ-ਪਾਸ ਦੇ ਇਲਾਕਿਆਂ ਵਿਚ ਨਸ਼ਾ ਸਪਲਾਈ ਕਰਨ ਵਾਲੇ ਵੱਡੇ ਸਰਗਣਿਆਂ ’ਤੇ ਸ਼ਿਕੰਜਾ ਕੱਸਿਆ ਜਾਵੇ ਤੇ 24 ਘੰਟੇ ਪੁਲਸ ਦੀ ਸਖ਼ਤ ਨਿਗਰਾਨੀ ਤੇ ਗਸ਼ਤ ਯਕੀਨੀ ਬਣਾਈ ਜਾਵੇ।
