ਪੰਜਾਬ ''ਚ ਸਵਾਈਨ ਫਲੂ ਦਾ ਖ਼ਤਰਾ ਵਧਿਆ! ਲੁਧਿਆਣਾ ''ਚ ਸਭ ਤੋਂ ਵੱਧ ਮਰੀਜ਼, ਪੜ੍ਹੋ ਆਪਣੇ ਜ਼ਿਲ੍ਹੇ ਦੀ ਰਿਪੋਰਟ

Saturday, Sep 12, 2026 - 02:30 PM (IST)

ਪੰਜਾਬ ''ਚ ਸਵਾਈਨ ਫਲੂ ਦਾ ਖ਼ਤਰਾ ਵਧਿਆ! ਲੁਧਿਆਣਾ ''ਚ ਸਭ ਤੋਂ ਵੱਧ ਮਰੀਜ਼, ਪੜ੍ਹੋ ਆਪਣੇ ਜ਼ਿਲ੍ਹੇ ਦੀ ਰਿਪੋਰਟ

ਪਾਇਲ/ਦੋਰਾਹਾ (ਵਿਨਾਇਕ) : ਪੰਜਾਬ 'ਚ ਸਵਾਈਨ ਫਲੂ (ਐੱਚ1ਐੱਨ1) ਦੇ ਵੱਧ ਰਹੇ ਮਾਮਲਿਆਂ ਦਰਮਿਆਨ ਹੁਣ ਪਾਇਲ ਇਲਾਕੇ 'ਚ ਵੀ ਇਸ ਨੇ ਦਸਤਕ ਦੇ ਦਿੱਤੀ ਹੈ। ਪਾਇਲ ਇਲਾਕੇ ਨਾਲ ਸਬੰਧਿਤ ਇੱਕ ਮਰੀਜ਼ 'ਚ ਸਵਾਈਨ ਫਲੂ ਦੀ ਪੁਸ਼ਟੀ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ, ਜੋ ਇਸ ਸਮੇਂ ਲੁਧਿਆਣਾ ਦੇ ਡੀ. ਐੱਮ. ਸੀ. ਹਸਪਤਾਲ ਵਿਖੇ ਜੇਰੇ ਇਲਾਜ ਹੈ। ਸਿਹਤ ਵਿਭਾਗ ਅਨੁਸਾਰ ਮਰੀਜ਼ ਦੀ ਹਾਲਤ ਹੁਣ ਠੀਕ ਦੱਸੀ ਜਾ ਰਹੀ ਹੈ ਅਤੇ ਉਸ ਦੀ ਉਮਰ ਲਗਭਗ 40 ਤੋਂ 50 ਸਾਲ ਦੇ ਵਿਚਕਾਰ ਹੈ। ਖਾਸ ਗੱਲ ਇਹ ਹੈ ਕਿ ਮਰੀਜ਼ ਦੇ ਆਲੇ-ਦੁਆਲੇ ਕਿਸੇ ਹੋਰ ਬੁਖਾਰ ਪੀੜਤ ਵਿਅਕਤੀ ਦਾ ਮਾਮਲਾ ਸਾਹਮਣੇ ਨਹੀਂ ਆਇਆ। ਪਾਇਲ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਹਰਵਿੰਦਰ ਸਿੰਘ ਨੇ ਦੱਸਿਆ ਕਿ ਮਰੀਜ਼ ਦੀ ਸਿਹਤ ਹੁਣ ਸਥਿਰ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਪਿੰਡ ਮੰਡਿਆਲਾ ਕਲਾਂ ਨਾਲ ਸਬੰਧਿਤ ਇੱਕ ਮਾਮਲਾ ਸਾਹਮਣੇ ਆਇਆ ਸੀ, ਪਰ ਉਹ ਵਿਅਕਤੀ ਮਾਈਗ੍ਰੇਟ ਸੀ ਅਤੇ ਕੁੱਝ ਦਿਨ ਪਹਿਲਾਂ ਹੀ ਇਲਾਕੇ 'ਚ ਆ ਕੇ ਰਹਿਣ ਲੱਗਾ ਸੀ।

ਪੰਜਾਬ ’ਚ 1723 ਸ਼ੱਕੀ ਮਰੀਜ਼ਾਂ ’ਚੋਂ 281 ਪਾਜ਼ੇਟਿਵ

ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਪੰਜਾਬ 'ਚ ਸਵਾਈਨ ਫਲੂ (ਐੱਚ1ਐੱਨ1) ਦੇ ਮਾਮਲਿਆਂ 'ਚ ਵਾਧਾ ਦਰਜ ਕੀਤਾ ਜਾ ਰਿਹਾ ਹੈ। ਹੁਣ ਤੱਕ ਸੂਬੇ 'ਚ 1723 ਸ਼ੱਕੀ ਮਰੀਜ਼ਾਂ ਦੀ ਪਛਾਣ ਕੀਤੀ ਗਈ ਹੈ, ਜਿਨ੍ਹਾਂ ਵਿੱਚੋਂ 281 ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਫਿਲਹਾਲ ਸਵਾਈਨ ਫਲੂ ਕਾਰਨ ਕਿਸੇ ਮੌਤ ਦੀ ਸੂਚਨਾ ਨਹੀਂ ਹੈ ਪਰ ਲਗਾਤਾਰ ਵੱਧ ਰਹੇ ਮਾਮਲਿਆਂ ਨੇ ਸਿਹਤ ਵਿਭਾਗ ਲਈ ਚਿੰਤਾ ਵਧਾ ਦਿੱਤੀ ਹੈ। ਜ਼ਿਲ੍ਹਾ-ਵਾਰ ਅੰਕੜਿਆਂ 'ਚ ਲੁਧਿਆਣਾ 84 ਪਾਜ਼ੇਟਿਵ ਮਾਮਲਿਆਂ ਨਾਲ ਸਭ ਤੋਂ ਅੱਗੇ ਹੈ। ਇਸ ਤੋਂ ਬਾਅਦ ਐੱਸ. ਏ. ਐੱਸ. ਨਗਰ 'ਚ 42 ਅਤੇ ਪਟਿਆਲਾ 'ਚ 31 ਮਾਮਲੇ ਦਰਜ ਕੀਤੇ ਗਏ ਹਨ। ਜਲੰਧਰ 'ਚ 15, ਅੰਮ੍ਰਿਤਸਰ 'ਚ 11, ਬਠਿੰਡਾ ਅਤੇ ਹੁਸ਼ਿਆਰਪੁਰ 'ਚ 10-10, ਰੂਪਨਗਰ 'ਚ 9, ਜਦੋਂ ਕਿ ਸੰਗਰੂਰ ਅਤੇ ਮਲੇਰਕੋਟਲਾ ਵਿੱਚ 8-8 ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ। ਸਿਹਤ ਵਿਭਾਗ ਦੇ ਅੰਕੜਿਆਂ ਮੁਤਾਬਕ 11 ਸਤੰਬਰ ਨੂੰ ਹੀ 35 ਸ਼ੱਕੀ ਮਰੀਜ਼ ਸਾਹਮਣੇ ਆਏ, ਜਿਨ੍ਹਾਂ ਵਿੱਚੋਂ 11 ਦੀ ਰਿਪੋਰਟ ਪਾਜ਼ੇਟਿਵ ਪਾਈ ਗਈ।

ਪਿਛਲੇ ਸਾਲ ਦੇ ਮੁਕਾਬਲੇ ਮਾਮਲਿਆਂ 'ਚ ਵੱਡਾ ਵਾਧਾ

ਅੰਕੜਿਆਂ ਅਨੁਸਾਰ ਇਸ ਸਾਲ ਐੱਚ1ਐੱਨ1 ਦੇ ਮਾਮਲਿਆਂ ਵਿੱਚ ਪਿਛਲੇ ਸਾਲ ਦੇ ਮੁਕਾਬਲੇ ਵੱਡਾ ਵਾਧਾ ਦਰਜ ਕੀਤਾ ਗਿਆ ਹੈ। ਸਾਲ 2025 'ਚ ਸਤੰਬਰ ਦੇ ਅਖ਼ੀਰ ਤੱਕ ਪੰਜਾਬ 'ਚ ਸਿਰਫ਼ 7 ਮਾਮਲੇ ਦਰਜ ਹੋਏ ਸਨ, ਜਦੋਂ ਕਿ ਇਸ ਸਾਲ ਹੁਣ ਤੱਕ 281 ਪਾਜ਼ੇਟਿਵ ਮਾਮਲੇ ਸਾਹਮਣੇ ਆ ਚੁੱਕੇ ਹਨ। ਲੁਧਿਆਣਾ ਸਮੇਤ ਪੰਜਾਬ ਦੇ ਕਈ ਇਲਾਕਿਆਂ ਵਿੱਚ ਮੌਸਮੀ ਫਲੂ ਅਤੇ ਸਾਹ ਨਾਲ ਸਬੰਧਿਤ ਬੀਮਾਰੀਆਂ ਦੇ ਮਾਮਲੇ ਵੱਧਣ ਕਾਰਨ ਲੋਕਾਂ ਨੂੰ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਦੀ ਲੋੜ ਹੈ।

ਇਹ ਵੀ ਪੜ੍ਹੋ : ਗੈਰ-ਹਾਜ਼ਰ ਰਹਿਣ ਵਾਲੇ ਪੰਜਾਬ ਦੇ ਮੁਲਾਜ਼ਮਾਂ ਨੂੰ ਰਾਹਤ, ਸਰਕਾਰ ਨੇ ਵਾਪਸ ਲਿਆ ਅਹਿਮ ਫ਼ੈਸਲਾ

ਭੀੜ ਵਾਲੀਆਂ ਥਾਵਾਂ ’ਤੇ ਮਾਸਕ ਅਤੇ ਹੱਥਾਂ ਦੀ ਸਫ਼ਾਈ ’ਤੇ ਜ਼ੋਰ

ਸਿਹਤ ਮਾਹਰਾਂ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਭੀੜ-ਭੜੱਕੇ ਵਾਲੀਆਂ ਥਾਵਾਂ ’ਤੇ ਲੋੜ ਅਨੁਸਾਰ ਮਾਸਕ ਦੀ ਵਰਤੋਂ ਕੀਤੀ ਜਾਵੇ, ਹੱਥਾਂ ਨੂੰ ਵਾਰ-ਵਾਰ ਸਾਬਣ ਨਾਲ ਧੋਇਆ ਜਾਵੇ ਅਤੇ ਖੰਘ ਜਾਂ ਛਿੱਕ ਆਉਣ ਸਮੇਂ ਮੂੰਹ ਨੂੰ ਢੱਕਿਆ ਜਾਵੇ। ਬੁਖ਼ਾਰ, ਖੰਘ ਜਾਂ ਸਾਹ ਸਬੰਧੀ ਤਕਲੀਫ਼ ਹੋਣ ’ਤੇ ਬਿਮਾਰੀ ਨੂੰ ਹਲਕੇ ਵਿੱਚ ਨਾ ਲੈਂਦਿਆਂ ਸਮੇਂ ਸਿਰ ਡਾਕਟਰੀ ਸਲਾਹ ਲੈਣੀ ਚਾਹੀਦੀ ਹੈ।

ਜ਼ੁਕਾਮ, ਖੰਘ ਜਾਂ ਬੁਖ਼ਾਰ ਨੂੰ ਹਲਕੇ ’ਚ ਨਾ ਲੈਣ ਲੋਕ

ਐੱਸ. ਐੱਮ. ਓ. ਡਾ. ਹਰਵਿੰਦਰ ਸਿੰਘ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਮੌਸਮ 'ਚ ਤਬਦੀਲੀ ਦੌਰਾਨ ਜੇਕਰ ਕਿਸੇ ਵਿਅਕਤੀ ਨੂੰ ਜ਼ੁਕਾਮ, ਖੰਘ ਜਾਂ ਬੁਖ਼ਾਰ ਹੁੰਦਾ ਹੈ ਤਾਂ ਇਸ ਨੂੰ ਸਿਰਫ਼ ਆਮ ਮੌਸਮੀ ਬੁਖ਼ਾਰ ਸਮਝ ਕੇ ਨਜ਼ਰ-ਅੰਦਾਜ਼ ਨਾ ਕੀਤਾ ਜਾਵੇ। ਲੱਛਣ ਨਜ਼ਰ ਆਉਣ ’ਤੇ ਤੁਰੰਤ ਡਾਕਟਰ ਨਾਲ ਸੰਪਰਕ ਕਰਕੇ ਜਾਂਚ ਕਰਵਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਵਾਈਨ ਫਲੂ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਤੱਕ ਸਾਹ ਰਾਹੀਂ ਫੈਲ ਸਕਦਾ ਹੈ, ਇਸ ਲਈ ਖੰਘਣ ਜਾਂ ਛਿੱਕਣ ਸਮੇਂ ਸਾਵਧਾਨੀ ਵਰਤਣੀ, ਹੱਥਾਂ ਨੂੰ ਵਾਰ-ਵਾਰ ਸਾਬਣ ਨਾਲ ਧੋਣਾ, ਨਿੱਜੀ ਸਫ਼ਾਈ ਦਾ ਧਿਆਨ ਰੱਖਣਾ ਅਤੇ ਲੋੜ ਪੈਣ ’ਤੇ ਮਾਸਕ ਦੀ ਵਰਤੋਂ ਕਰਨਾ ਬੇਹੱਦ ਜ਼ਰੂਰੀ ਹੈ। ਬੀਮਾਰੀ ਦੇ ਲੱਛਣ ਹੋਣ ਦੀ ਸੂਰਤ 'ਚ ਖ਼ੁਦ ਦਵਾਈ ਲੈਣ ਦੀ ਬਜਾਏ ਡਾਕਟਰੀ ਸਲਾਹ ਲੈਣੀ ਚਾਹੀਦੀ ਹੈ। 

ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਕਿਰਾਏਦਾਰਾਂ ਤੇ ਮਕਾਨ ਮਾਲਕਾਂ ਲਈ ਨਵੇਂ ਨਿਯਮ ਲਾਗੂ, 15 ਦਿਨਾਂ 'ਚ ਦੇਣਾ ਪਵੇਗਾ ਜਵਾਬ

ਸਵਾਈਨ ਫਲੂ, ਕੋਵਿਡ ਅਤੇ ਡੇਂਗੂ ਦੇ ਮਾਮਲਿਆਂ ’ਤੇ ਨਜ਼ਰ ਰੱਖਣ ਦੀ ਲੋੜ : ਡਾ. ਗੁਰਸਰਨ ਕੌਰ ਸਿੱਧੂ

ਇਸੇ ਦੌਰਾਨ ਸਿੱਧੂ ਹਸਪਤਾਲ ਅਤੇ ਸਿੱਧੂ ਕਾਲਜ ਆਫ਼ ਨਰਸਿੰਗ ਦੋਰਾਹਾ ਦੀ ਡਾਇਰੈਕਟਰ ਅਤੇ ਗੋਲਡ ਮੈਡਲਿਸਟ ਡਾ. ਗੁਰਸਰਨ ਕੌਰ ਸਿੱਧੂ ਨੇ ਕਿਹਾ ਕਿ ਪੰਜਾਬ ਵਿੱਚ ਇਨ੍ਹੀਂ ਦਿਨੀਂ ਸਵਾਈਨ ਫਲੂ ਦੇ ਨਾਲ-ਨਾਲ ਕੋਵਿਡ ਅਤੇ ਡੇਂਗੂ ਦੇ ਮਾਮਲਿਆਂ ਨੂੰ ਲੈ ਕੇ ਵੀ ਸਾਵਧਾਨ ਰਹਿਣ ਦੀ ਲੋੜ ਹੈ। ਹਸਪਤਾਲਾਂ ਦੀਆਂ ਓ. ਪੀ. ਡੀਜ਼ 'ਚ ਰੋਜ਼ਾਨਾ ਬੁਖ਼ਾਰ, ਖੰਘ, ਜ਼ੁਕਾਮ ਅਤੇ ਸਾਹ ਨਾਲ ਸਬੰਧਿਤ ਲੱਛਣਾਂ ਵਾਲੇ ਮਰੀਜ਼ ਪਹੁੰਚ ਰਹੇ ਹਨ। ਕੁੱਝ ਮਰੀਜ਼ਾਂ ਦੀ ਹਾਲਤ ਗੰਭੀਰ ਹੋਣ ’ਤੇ ਉਨ੍ਹਾਂ ਨੂੰ ਹਸਪਤਾਲ 'ਚ ਦਾਖ਼ਲ ਕਰਨਾ ਪੈ ਰਿਹਾ ਹੈ।
 ਡਾ. ਸਿੱਧੂ ਨੇ ਦੱਸਿਆ ਕਿ ਸਵਾਈਨ ਫਲੂ, ਆਮ ਵਾਇਰਲ ਬੁਖ਼ਾਰ ਅਤੇ ਹੋਰ ਸਾਹ ਦੀਆਂ ਇਨਫੈਕਸ਼ਨਾਂ ਦੇ ਲੱਛਣ ਕਈ ਵਾਰ ਇੱਕੋ ਜਿਹੇ ਹੋ ਸਕਦੇ ਹਨ। ਬੁਖ਼ਾਰ, ਖੰਘ, ਗਲੇ 'ਚ ਦਰਦ, ਨੱਕ ਵਗਣਾ, ਸਰੀਰ ਵਿੱਚ ਦਰਦ, ਸਿਰ ਦਰਦ, ਥਕਾਵਟ ਅਤੇ ਸਾਹ ਲੈਣ ਵਿੱਚ ਤਕਲੀਫ਼ ਵਰਗੇ ਲੱਛਣਾਂ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਖਾਸ ਕਰਕੇ ਬਜ਼ੁਰਗਾਂ, ਛੋਟੇ ਬੱਚਿਆਂ, ਗਰਭਵਤੀ ਮਹਿਲਾਵਾਂ ਅਤੇ ਪਹਿਲਾਂ ਤੋਂ ਦਿਲ ਜਾਂ ਫੇਫੜਿਆਂ ਦੀਆਂ ਬੀਮਾਰੀਆਂ ਨਾਲ ਪੀੜਤ ਵਿਅਕਤੀਆਂ ਨੂੰ ਵਧੇਰੇ ਸਾਵਧਾਨੀ ਵਰਤਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਮਰੀਜ਼ਾਂ ਨੂੰ ਸਾਹ ਲੈਣ ਵਿੱਚ ਵਧੇਰੇ ਤਕਲੀਫ਼, ਲਗਾਤਾਰ ਤੇਜ਼ ਬੁਖਾਰ ਜਾਂ ਹੋਰ ਗੰਭੀਰ ਲੱਛਣ ਹੋਣ, ਉਨ੍ਹਾਂ ਨੂੰ ਤੁਰੰਤ ਡਾਕਟਰੀ ਜਾਂਚ ਕਰਵਾਉਣੀ ਚਾਹੀਦੀ ਹੈ। ਹਲਕੇ ਲੱਛਣਾਂ ਵਾਲੇ ਮਰੀਜ਼ਾਂ ਨੂੰ ਵੀ ਡਾਕਟਰ ਦੀ ਸਲਾਹ ਅਨੁਸਾਰ ਇਲਾਜ ਅਤੇ ਲੋੜੀਂਦੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ।

ਮੌਸਮ ਦੀ ਨਮੀ ਨਾਲ ਸਾਹ ਦੀਆਂ ਬੀਮਾਰੀਆਂ ਦਾ ਖ਼ਤਰਾ ਵਧਿਆ

ਡਾ. ਗੁਰਸਰਨ ਕੌਰ ਸਿੱਧੂ ਅਨੁਸਾਰ ਬਰਸਾਤ ਅਤੇ ਨਮੀ ਵਾਲੇ ਮੌਸਮ ਵਿੱਚ ਵੱਖ-ਵੱਖ ਮੌਸਮੀ ਇਨਫੈਕਸ਼ਨਾਂ ਦੇ ਫੈਲਣ ਲਈ ਹਾਲਾਤ ਅਨੁਕੂਲ ਹੋ ਜਾਂਦੇ ਹਨ। ਦੂਜੇ ਪਾਸੇ ਜਨਤਕ ਥਾਵਾਂ ’ਤੇ ਖੜ੍ਹਾ ਪਾਣੀ ਮੱਛਰਾਂ ਦੀ ਪੈਦਾਵਾਰ ਵਧਾਉਂਦਾ ਹੈ, ਜਿਸ ਕਾਰਨ ਡੇਂਗੂ ਦਾ ਖ਼ਤਰਾ ਵੀ ਬਣਿਆ ਰਹਿੰਦਾ ਹੈ। ਇਸ ਲਈ ਲੋਕਾਂ ਨੂੰ ਆਪਣੇ ਘਰਾਂ ਅਤੇ ਆਲੇ-ਦੁਆਲੇ ਪਾਣੀ ਖੜ੍ਹਾ ਨਹੀਂ ਹੋਣ ਦੇਣਾ ਚਾਹੀਦਾ ਅਤੇ ਸਫ਼ਾਈ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ।  ਉਨ੍ਹਾਂ ਕਿਹਾ ਕਿ ਲੋਕਾਂ ਵਿੱਚ ਸਿਹਤ ਸਬੰਧੀ ਜਾਗਰੂਕਤਾ ਪਹਿਲਾਂ ਨਾਲੋਂ ਵਧੀ ਹੈ ਅਤੇ ਹੁਣ ਕਈ ਲੋਕ ਲੱਛਣ ਦਿਖਾਈ ਦੇਣ ’ਤੇ ਸ਼ੁਰੂਆਤੀ ਪੜਾਅ 'ਚ ਹੀ ਡਾਕਟਰਾਂ ਨਾਲ ਸੰਪਰਕ ਕਰ ਰਹੇ ਹਨ। ਹਾਲਾਂਕਿ ਪ੍ਰਾਈਵੇਟ ਹਸਪਤਾਲਾਂ ਵਿੱਚ ਕੁਝ ਜਾਂਚਾਂ ਦੀ ਫ਼ੀਸ ਜ਼ਿਆਦਾ ਹੋਣ ਕਾਰਨ ਕਈ ਲੋਕ ਟੈਸਟ ਕਰਵਾਉਣ ਤੋਂ ਗੁਰੇਜ਼ ਕਰਦੇ ਹਨ। ਉਨ੍ਹਾਂ ਲੋਕਾਂ ਨੂੰ ਸਲਾਹ ਦਿੱਤੀ ਕਿ ਬੀਮਾਰੀ ਨੂੰ ਖ਼ੁਦ ਪਛਾਣਨ ਜਾਂ ਖ਼ੁਦ ਦਵਾਈ ਲੈਣ ਦੀ ਬਜਾਏ ਯੋਗ ਡਾਕਟਰ ਦੀ ਸਲਾਹ ਲੈਣੀ ਵਧੇਰੇ ਸੁਰੱਖਿਅਤ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e


author

Babita

Content Editor

Related News