ਲੁਧਿਆਣਾ ''ਚ ਨਵੇਂ ਮਕਾਨ ਦਾ ਜਸ਼ਨ ਮਨਾਉਂਦੇ ਯਾਰਾਂ ''ਤੇ ਫ਼ਾਇਰਿੰਗ!
Sunday, Sep 20, 2026 - 07:51 PM (IST)
ਲੁਧਿਆਣਾ (ਤਰੁਣ): ਜ਼ਮੀਨੀ ਵਿਵਾਦ ਦੇ ਚੱਲਦਿਆਂ 15-20 ਬਦਮਾਸ਼ਾਂ ਨੇ ਫ਼ਾਇਰਿੰਗ ਕਰ ਕੇ ਨਵੇਂ ਮਕਾਨ ਦੇ ਖੁਸ਼ੀਆਂ ਭਰੇ ਮਾਹੌਲ ਨੂੰ ਗ਼ਮਗੀਨ ਕਰ ਦਿੱਤਾ। ਬਦਮਾਸ਼ਾਂ ਨੇ ਕਈ ਰਾਊਂਡ ਤਾਬੜਤੋੜ ਫ਼ਾਇਰਿੰਗ ਕੀਤੀ ਜਿਸ ਵਿਚ 2 ਨੌਜਵਾਨ ਜ਼ਖ਼ਮੀ ਹੋ ਗਏ ਹਨ। ਇਕ ਗੱਡੀ 'ਤੇ ਵੀ ਫ਼ਾਇਰਿੰਗ ਕੀਤੀ ਗਈ ਹੈ। ਸੂਚਨਾ ਮਿਲਣ ਤੋਂ ਬਾਅਦ ਥਾਣਾ ਡਵੀਜ਼ਨ ਨੰਬਰ 7 ਦੀ ਪੁਲਸ ਮੌਕੇ 'ਤੇ ਪਹੁੰਚੀ। ਇਹ ਘਟਨਾ ਸ਼ਨੀਵਾਰ ਰਾਤ ਪਿੰਡ ਕੁਲੀਏਵਾਲ ਦੀ ਹੈ।
ਪੀੜਤ ਅੰਕੁਸ਼ ਚੋਪੜਾ ਨੇ ਦੱਸਿਆ ਕਿ ਰਾਤ ਨੂੰ ਉਹ ਆਪਣੇ ਦੋਸਤ ਦੇ ਨਵੇਂ ਮਕਾਨ ਵਿਚ ਪਾਰਟੀ ਕਰ ਰਹੇ ਸਨ, ਜਿੱਥੇ ਲਗਭਗ 10 ਦੋਸਤ ਮੌਜੂਦ ਸਨ। ਰਾਤ ਲਗਭਗ ਪੌਣੇ 12 ਵਜੇ ਇਕ ਜ਼ੋਰਦਾਰ ਧਮਾਕਾ ਹੋਇਆ। ਬਾਹਰ ਆ ਕੇ ਦੇਖਿਆ ਤਾਂ ਬਦਮਾਸ਼ਾਂ ਨੇ ਕਰੇਨ ਨਾਲ ਕੰਧ ਡੇਗ ਦਿੱਤੀ ਸੀ ਅਤੇ ਵਿਰੋਧ ਜਤਾਉਣ 'ਤੇ ਬਦਮਾਸ਼ ਧਮਕਾਉਂਦੇ ਹੋਏ ਗੋਲੀਆਂ ਚਲਾਉਣ ਲੱਗ ਪਏ।
ਗੋਲ਼ੀਬਾਰੀ ਵਿਚ ਅੰਕੁਸ਼ ਦੀ ਅੱਖ ਦੇ ਉੱਪਰ ਛੱਰੇ ਲੱਗੇ ਅਤੇ ਉਸ ਦਾ ਦੋਸਤ ਰਾਜਦੀਪ ਵੀ ਜ਼ਖ਼ਮੀ ਹੋ ਗਿਆ। ਜਦੋਂ ਉਹ ਪਾਰਟੀ ਦਾ ਸਾਮਾਨ ਗੱਡੀ ਵਿਚ ਲੋਡ ਕਰਕੇ ਜਾ ਰਹੇ ਸਨ, ਤਾਂ ਬਦਮਾਸ਼ਾਂ ਨੇ ਉਸ 'ਤੇ ਵੀ ਤਾਬੜਤੋੜ ਫ਼ਾਇਰਿੰਗ ਕਰ ਦਿੱਤੀ। ਉਨ੍ਹਾਂ ਨੇ ਕਿਸੇ ਤਰ੍ਹਾਂ ਭੱਜ ਕੇ ਅਤੇ ਲੁਕ ਕੇ ਆਪਣੀ ਜਾਨ ਬਚਾਈ। ਬਦਮਾਸ਼ਾਂ ਦੀ ਦਹਿਸ਼ਤ ਇੰਨੀ ਸੀ ਕਿ ਦੋਵਾਂ ਜ਼ਖ਼ਮੀਆਂ ਨੂੰ ਲੁਧਿਆਣਾ ਦੇ ਹਸਪਤਾਲ ਦੀ ਬਜਾਏ ਮੋਹਾਲੀ ਦੇ ਸੁਹਾਨਾ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਹਮਲਾਵਰਾਂ ਕੋਲ ਸਭ ਤਰ੍ਹਾਂ ਦੇ ਆਧੁਨਿਕ ਹਥਿਆਰ ਸਨ।
ਇਸ ਸਬੰਧੀ ਥਾਣਾ ਮੁਖੀ ਗਗਨਦੀਪ ਸਿੰਘ ਨੇ ਦੱਸਿਆ ਕਿ ਪੀੜਤ ਦੇ ਬਿਆਨ 'ਤੇ ਸੁਖਵਿੰਦਰ ਸਿੰਘ, ਅਮਰਪ੍ਰੀਤ ਸਿੰਘ, ਜਸਕਰਨ ਸਿੰਘ, ਗੁਰਜੀਤ ਸਿੰਘ ਅਤੇ 10-12 ਅਣਪਛਾਤੇ ਦੋਸ਼ੀਆਂ ਖ਼ਿਲਾਫ਼ ਇਰਾਦਾ-ਏ-ਕਤਲ ਅਤੇ ਆਰਮਜ਼ ਐਕਟ ਸਮੇਤ ਕਈ ਅਪਰਾਧਿਕ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਜਲਦ ਹੀ ਫ਼ਾਇਰਿੰਗ ਕਰਨ ਵਾਲੇ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ। ਇਹ ਵਿਵਾਦ ਪ੍ਰਾਪਰਟੀ ਨੂੰ ਲੈ ਕੇ ਹੋਇਆ ਹੈ ਅਤੇ ਦੋਵਾਂ ਧਿਰਾਂ ਵਿਚਾਲੇ ਇਸੇ ਗੱਲ ਦੀ ਰੰਜਿਸ਼ ਹੈ। ਪੁਲਸ ਨੂੰ ਮੌਕੇ ਤੋਂ ਗੋਲੀਆਂ ਦੇ ਖੋਲ ਵੀ ਬਰਾਮਦ ਹੋਏ ਹਨ।
