ਇੰਡਸਟ੍ਰੀਅਲ ਕੈਟਾਗਰੀ ''ਚ ਅਲਾਟ ਜਗ੍ਹਾ ’ਤੇ ਕਮਰਸ਼ੀਅਲ ਤੇ ਰਿਹਾਇਸ਼ੀ ਸਰਗਰਮੀਆਂ ’ਤੇ ਹੋਵੇਗੀ ਕਾਰਵਾਈ
Wednesday, Sep 16, 2026 - 10:58 AM (IST)
ਲੁਧਿਆਣਾ (ਹਿਤੇਸ਼) : ਇੰਡਸਟ੍ਰੀਅਲ ਕੈਟਾਗਰੀ ਲਈ ਅਲਾਟ ਕੀਤੀ ਜਗ੍ਹਾ ਦੀ ਗਲਤ ਤਰੀਕੇ ਨਾਲ ਸੀ. ਐੱਲ. ਯੂ. ਹਾਸਲ ਕਰਨ ਦੇ ਮਾਮਲੇ 'ਚ ਵੱਡੇ ਘਰਾਣਿਆਂ ਦੀਆਂ ਮੁਸ਼ਕਲਾਂ ਵੱਧ ਗਈਆਂ ਹਨ, ਜਿਸ ਤਹਿਤ ਇੰਡਸਟ੍ਰੀਅਲ ਏਰੀਆ 'ਚ ਚੱਲ ਰਹੀਆਂ ਕਮਰਸ਼ੀਅਲ ਅਤੇ ਰਿਹਾਇਸ਼ੀ ਗਤੀਵਿਧੀਆਂ ’ਤੇ ਗਲਾਡਾ ਵੱਲੋਂ ਕਾਰਵਾਈ ਹੋਣ ਜਾ ਰਹੀ ਹੈ। ਇਸ ਦੇ ਸੰਕੇਤ ਮੰਗਲਵਾਰ ਨੂੰ ਈ. ਡੀ. ਦੇ ਸਾਹਮਣੇ ਗਲਾਡਾ ਦੇ ਸੀ. ਏ.ਵਿਕਾਸ ਹੀਰਾ ਦੀ ਪੇਸ਼ੀ ਦੌਰਾਨ ਮਿਲੇ ਹਨ। ਹਾਲਾਂਕਿ ਇਸ ਜਾਂਚ ਦੀ ਸ਼ੁਰੂਆਤ ਆਮ ਆਦਮੀ ਪਾਰਟੀ ਦੇ ਮੰਤਰੀ ਸੰਜੀਵ ਅਰੋੜਾ ਦੀ ਕੰਪਨੀ ਰਿਤੇਸ਼ ਇੰਡਸਟਰੀ ਨਾਲ ਜੁੜੇ ਪ੍ਰਾਜੈਕਟ ਹੈਂਪਟਨ ਹੋਮਸ ਨਾਲ ਹੋਈ ਸੀ ਪਰ ਹੁਣ ਈ. ਡੀ. ਨੇ ਗਲਾਡਾ ਤੋਂ ਪੀ. ਐੱਸ. ਆਈ. ਈ. ਸੀ. ਵੱਲੋਂ 6 ਵੱਡੇ ਘਰਾਣਿਆਂ ਨੂੰ ਚੰਡੀਗੜ੍ਹ ਰੋਡ ’ਤੇ ਅਲਾਟ ਕੀਤੀ ਗਈ ਕਰੀਬ 340 ਏਕੜ ਜਗ੍ਹਾ ਦਹ ਬਿਓਰਾ ਵੀ ਮੰਗ ਲਿਆ ਹੈ, ਜਿਸ ਵਿਚ ਓਸਵਾਲ, ਹੀਰੋ, ਏਵਨ, ਵਰਧਮਾਨ ਅਤੇ ਰਾਇਲ ਗਰੁੱਪ ਦੇ ਨਾਮ ਸ਼ਾਮਲ ਹਨ। ਮਿਲੀ ਜਾਣਕਾਰੀ ਮੁਤਾਬਕ ਇਸ ਜਾਂਚ ਦੌਰਾਨ ਈ. ਡੀ. ਵੱਲੋਂ ਇੰਡਸਟ੍ਰੀਅਲ ਕੈਟਾਗਰੀ ਲਈ ਮਾਰਕ ਕੀਤੀ ਜਗ੍ਹਾ ਦਾ ਕਮਰਸ਼ੀਅਲ ਅਤੇ ਰਿਹਾਇਸ਼ੀ ਗਤੀਵਿਧੀਆਂ ਦੇ ਲਈ ਚੇਂਜ ਆਫ ਲੈਂਡ ਯੂਜ਼ ਹੋਣ ਸਬੰਧੀ ਮੁੱਖ ਤੌਰ ‘ਤੇ ਫੋਕਸ ਕੀਤਾ ਜਾ ਰਿਹਾ ਹੈ। ਜਿਨ੍ਹਾਂ ਪ੍ਰਾਜੈਕਟਾਂ 'ਚ ਮਾਸਟਰ ਪਲਾਨ ਅਤੇ ਸੀ.ਐੱਲ.ਯੂ. ਪਾਲਿਸੀ ਦੇ ਨਿਯਮਾਂ ਦੀ ਉਲੰਘਣਾ ਹੋਣ ਸਬੰਧੀ ਈ. ਡੀ. ਨੇ ਗਲਾਡਾ ਤੋਂ ਇਕ ਹਫ਼ਤੇ 'ਚ ਰਿਪੋਰਟ ਮੰਗੀ ਹੈ, ਜਿਸ ਦੇ ਆਧਾਰ ‘ਤੇ ਗਲਾਡਾ ਵੱਲੋਂ ਇਨ੍ਹਾਂ ਪ੍ਰਾਜੈਕਟਾਂ 'ਚ ਗਾਈਡਲਾਈਨ ਦੀ ਅਣਦੇਖੀ ਕਰਕੇ ਹੋਈ ਉਸਾਰੀ ਦੇ ਖ਼ਿਲਾਫ਼ ਆਉਣ ਵਾਲੇ ਦਿਨਾਂ ਦੌਰਾਨ ਕਾਰਵਾਈ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ।
ਗਲਤ ਤਰੀਕੇ ਨਾਲ ਮਨਜ਼ੂਰੀ ਦੇਣ ਵਾਲੇ ਮੁਲਾਜ਼ਮਾਂ ’ਤੇ ਲਟਕੀ ਤਲਵਾਰ
ਰਿਆਲ ਅਸਟੇਟ ਪ੍ਰਾਜੈਕਟਾਂ ਨੂੰ ਗਲਤ ਤਰੀਕੇ ਨਾਲ ਮਨਜ਼ੂਰੀ ਦੇਣ ਦੇ ਮਾਮਲੇ ਵਿਚ ਈ. ਡੀ. ਵੱਲੋਂ ਹੁਣ ਤੱਕ ਗਲਾਡਾ ਦੇ ਮੌਜੂਦਾ ਸੀ. ਏ. ਤੋਂ ਇਲਾਵਾ ਸਾਬਕਾ ਚੀਫ ਸੈਕਟਰੀ ਅਨੁਰਾਗ ਵਰਮਾ, ਗਮਾਡਾ ਦੇ ਸਾਬਕਾ ਚੀਫ ਸੰਦੀਪ ਕੁਮਾਰ , ਕੇ.ਪੀ.ਬਰਾੜ ਅਤੇ ਮੋਹਾਲੀ ਦੇ ਐੱਸ.ਐੱਸ.ਪੀ. ਨੂੰ ਤਲਬ ਕੀਤਾ ਗਿਆ ਹੈ। ਜਿਥੋਂ ਤੱਕ ਲੁਧਿਆਣਾ ਦੇ ਫੋਕਲ ਪੁਆਇੰਟ ਵਿਚ ਇੰਡਸਟ੍ਰੀਅਲ ਕੈਟਾਗਰੀ ਲਈ ਮਾਰਕ ਕੀਤੀ ਜਗ੍ਹਾ ’ਤੇ ਚੱਲ ਰਹੀਆਂ ਕਮਰਸ਼ੀਅਲ ਅਤੇ ਰਿਹਾਇਸ਼ੀ ਗਤੀਵਿਧੀਆਂ ਦਾ ਸਵਾਲ ਹੈ, ਉਸ ਸਬੰਧੀ ਇਹ ਗੱਲ ਸਾਹਮਣੇ ਆਈ ਹੈ ਕਿ ਨਿਯਮਾਂ ਦੇ ਮੁਤਾਬਕ 50 ਫ਼ੀਸਦੀ ਹਿੱਸੇ ‘ਤੇ ਇੰਡਸਟ੍ਰੀਅਲ ਯੂਨੀਟ ਚਾਲੂ ਹੋਣ ਹੀ ਗਰਾਊਂਡ ਵੈਰੀਫਿਕੇਸ਼ਨ ਕਰਨ ਦੀ ਬਜਾਏ ਚੇਂਜ ਆਫ ਲੈਂਡ ਯੂਜ਼ ਦੀ ਮਨਜ਼ੂਰੀ ਦੇ ਦਿੱਤੀ ਗਈ ਜਿਸ ਸਬੰਧੀ ਉਸ ਸਮੇਂ ਗਲਾਡਾ ਵਿਚ ਤਾਇਨਾਤ ਰਹੇ ਮੁਲਾਜ਼ਮਾ ’ਤੇ ਤਲਵਾਰ ਲਟਕ ਰਹੀ ਹੈ।
