ਲਿਵ-ਇਨ ਰਿਲੇਸ਼ਨਸ਼ਿਪ ''ਚ ਰਹਿ ਰਹੀ ਮਹਿਲਾ ਦੀ ਸ਼ੱਕੀ ਹਾਲਤ ''ਚ ਮਿਲੀ ਲਾਸ਼, ਨਸ਼ੇ ਦੀ ਓਵਰਡੋਜ਼ ਦਾ ਖ਼ਦਸ਼ਾ
Tuesday, Sep 15, 2026 - 08:14 PM (IST)
ਲੁਧਿਆਣਾ (ਰਾਜ): ਦੁੱਗਰੀ ਇਲਾਕੇ ਵਿਚ ਸ਼ਨੀਵਾਰ ਦੁਪਹਿਰ ਉਸ ਵੇਲੇ ਹੜਕੰਪ ਮਚ ਗਿਆ ਜਦੋਂ ਇਕ ਖਾਲੀ ਪਲਾਟ ਵਿਚ ਕੂੜੇ ਦੇ ਢੇਰ ਕੋਲੋਂ 32 ਸਾਲਾ ਔਰਤ ਦੀ ਸ਼ੱਕੀ ਅਤੇ ਖ਼ਰਾਬ ਹਾਲਤ ਵਿਚ ਲਾਸ਼ ਬਰਾਮਦ ਹੋਈ। ਮ੍ਰਿਤਕਾ ਦੀ ਪਛਾਣ ਦਾਣਾ ਮੰਡੀ ਸਥਿਤ ਅਰੋੜਾ ਪੈਲੇਸ ਇਲਾਕੇ ਦੀ ਰਹਿਣ ਵਾਲੀ ਆਸ਼ਾ ਵਜੋਂ ਹੋਈ ਹੈ, ਜੋ ਸ਼ਨੀਵਾਰ ਸਵੇਰੇ ਕਿਸੇ ਕੰਮ ਲਈ ਘਰੋਂ ਨਿਕਲੀ ਸੀ। ਲਾਸ਼ ਕਈ ਘੰਟੇ ਬਾਹਰ ਪਏ ਰਹੇ ਹੋਣ ਕਾਰਨ ਆਵਾਰਾ ਜਾਨਵਰਾਂ ਨੇ ਉਸ ਨੂੰ ਬੁਰੀ ਤਰ੍ਹਾਂ ਨੋਚਿਆ ਹੋਇਆ ਸੀ।
ਪੋਸਟਮਾਰਟਮ ਦੌਰਾਨ ਡਾਕਟਰਾਂ ਨੇ ਸ਼ੁਰੂਆਤੀ ਜਾਂਚ ਵਿਚ ਡਰੱਗ ਓਵਰਡੋਜ਼ ਕਾਰਨ ਮੌਤ ਹੋਣ ਦਾ ਖ਼ਦਸ਼ਾ ਜਤਾਇਆ ਹੈ, ਹਾਲਾਂਕਿ ਮੌਤ ਦੇ ਸਹੀ ਕਾਰਨਾਂ ਦੀ ਪੁਸ਼ਟੀ ਲਈ ਵਿਸਰਾ ਅਤੇ ਕੈਮੀਕਲ ਜਾਂਚ ਦੇ ਸੈਂਪਲ ਲੈਬੋਰੇਟਰੀ ਭੇਜ ਦਿੱਤੇ ਗਏ ਹਨ। ਪਰਿਵਾਰਕ ਮੈਂਬਰਾਂ ਅਨੁਸਾਰ ਮ੍ਰਿਤਕਾ ਲਿਵ-ਇਨ ਰਿਲੇਸ਼ਨਸ਼ਿਪ ਵਿਚ ਰਹਿ ਰਹੀ ਸੀ ਅਤੇ ਉਸ ਦੀ 4 ਸਾਲ ਦੀ ਧੀ ਹੈ। ਪੁਲਸ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲ ਰਹੀ ਹੈ ਅਤੇ ਮ੍ਰਿਤਕਾ ਦੇ ਲਿਵ-ਇਨ ਪਾਰਟਨਰ, ਦੋਸਤਾਂ ਅਤੇ ਪਰਿਵਾਰਕ ਮੈਂਬਰਾਂ ਤੋਂ ਪੁੱਛਗਿੱਛ ਕਰ ਰਹੀ ਹੈ।
