ਲਿਵ-ਇਨ ਪਾਰਟਨਰ ਤੋਂ ਤੰਗ ਆ ਕੇ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ, ਸੋਸ਼ਲ ਮੀਡੀਆ ''ਤੇ ਵੀਡੀਓ ਪੋਸਟ ਕਰ ਖੋਲ੍ਹੇ ਰਾਜ਼
Thursday, Sep 17, 2026 - 09:04 PM (IST)
ਲੁਧਿਆਣਾ: ਲੁਧਿਆਣਾ ਵਿੱਚ ਇੱਕ ਨੌਜਵਾਨ ਵੱਲੋਂ ਆਪਣੀ ਲਿਵ-ਇਨ ਪਾਰਟਨਰ ਅਤੇ ਉਸ ਦੇ ਦੋਸਤ ਤੋਂ ਪਰੇਸ਼ਾਨ ਹੋ ਕੇ ਰੇਲਵੇ ਲਾਈਨ 'ਤੇ ਖੁਦਕੁਸ਼ੀ ਕਰਨ ਦਾ ਦੁਖਦਾਈ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਪਵਨਦੀਪ ਸਿੰਘ ਵਜੋਂ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਖੁਦਕੁਸ਼ੀ ਕਰਨ ਤੋਂ ਪਹਿਲਾਂ ਪਵਨਦੀਪ ਸਿੰਘ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਪੋਸਟ ਕੀਤੀ, ਜਿਸ ਵਿੱਚ ਉਸ ਨੇ ਆਪਣੀ ਮੌਤ ਲਈ ਆਪਣੀ ਲਿਵ-ਇਨ ਪਾਰਟਨਰ ਵੀਰਪਾਲ ਕੌਰ (ਨਿਵਾਸੀ ਗੰਗਾ ਨਗਰ) ਅਤੇ ਉਸ ਦੇ ਦੋਸਤ ਹਰਮਨਪ੍ਰੀਤ ਸਿੰਘ ਨੂੰ ਜ਼ਿੰਮੇਵਾਰ ਠਹਿਰਾਇਆ। ਵੀਡੀਓ ਵਿੱਚ ਉਸ ਨੇ ਆਪਣੇ ਸਰੀਰ, ਹੱਥ ਅਤੇ ਸਿਰ 'ਤੇ ਲੱਗੀਆਂ ਚੋਟਾਂ ਦੇ ਨਿਸ਼ਾਨ ਦਿਖਾਉਂਦੇ ਹੋਏ ਦੋਸ਼ ਲਾਇਆ ਕਿ ਉਸ 'ਤੇ 5 ਤੋਂ 6 ਵਾਰ ਹਮਲੇ ਕਰਵਾਏ ਗਏ ਹਨ ਅਤੇ ਉਸ ਨੂੰ ਮਾਰਨ ਤੇ ਤੜਫਾਉਣ ਲਈ ਮਜਬੂਰ ਕੀਤਾ ਜਾ ਰਿਹਾ ਸੀ।
ਵੀਡੀਓ ਵਿੱਚ ਪਵਨਦੀਪ ਨੇ ਦੱਸਿਆ ਕਿ ਉਸ ਦੀ ਲਿਵ-ਇਨ ਪਾਰਟਨਰ ਕੋਲ ਉਸ ਦੀ ਅਸ਼ਲੀਲ ਵੀਡੀਓ ਹੈ, ਜੋ ਦੋਹਾਂ ਦੀ ਰਜ਼ਾਮੰਦੀ ਨਾਲ ਬਣੀ ਸੀ। ਹੁਣ ਉਹ ਉਸ ਵੀਡੀਓ ਨੂੰ ਵਾਇਰਲ ਕਰਨ ਅਤੇ ਝੂਠਾ ਕੇਸ ਦਰਜ ਕਰਵਾਉਣ ਦੀਆਂ ਧਮਕੀਆਂ ਦੇ ਕੇ ਉਸ ਨੂੰ ਦਿਮਾਗੀ ਤੌਰ 'ਤੇ ਪਰੇਸ਼ਾਨ ਕਰ ਰਹੀ ਸੀ। ਉਸ ਨੇ ਇਹ ਵੀ ਦੋਸ਼ ਲਾਇਆ ਕਿ ਵੀਰਪਾਲ ਕੌਰ ਉਸ ਦੇ ਘਰੋਂ ਗਹਿਣੇ ਅਤੇ 1 ਲੱਖ ਰੁਪਏ ਨਕਦ ਵੀ ਲੈ ਗਈ ਹੈ।
ਮ੍ਰਿਤਕ ਦੀ ਪਤਨੀ ਸ਼ੀਲਾ ਕੁਮਾਰੀ ਨੇ ਦੱਸਿਆ ਕਿ ਪਵਨਦੀਪ ਘਰੋਂ 10 ਮਿੰਟ ਵਿੱਚ ਵਾਪਸ ਆਉਣ ਦਾ ਕਹਿ ਕੇ ਨਿਕਲਿਆ ਸੀ। ਪਰ ਅਗਲੀ ਸਵੇਰ ਪੁਲਿਸ ਤੋਂ ਸੂਚਨਾ ਮਿਲੀ ਕਿ ਰੇਲਵੇ ਲਾਈਨ 'ਤੇ ਉਸ ਦੀ ਦੇਹ ਪਈ ਹੈ, ਜਿੱਥੇ ਧੜ ਅਤੇ ਸਿਰ ਅਲੱਗ-ਅਲੱਗ ਪਏ ਸਨ। ਪਤਨੀ ਨੇ ਵੀ ਦੋਸ਼ ਲਾਇਆ ਹੈ ਕਿ ਉਸ ਦੇ ਪਤੀ ਦਾ ਕਤਲ ਕਰਵਾਇਆ ਗਿਆ ਹੈ। ਜਾਂਚ ਅਧਿਕਾਰੀ ਏ.ਐੱਸ.ਆਈ. ਸਤਨਾਮ ਸਿੰਘ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਮੁਲਜ਼ਮ ਵੀਰਪਾਲ ਕੌਰ ਅਤੇ ਹਰਮਨਪ੍ਰੀਤ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਤੱਥਾਂ ਦੇ ਆਧਾਰ 'ਤੇ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
