ਪਹਿਲਾਂ ਆਉਂਦੀ ਕੁੜੀ ਦੀ ਨਿਊਡ ਵੀਡੀਓ ਕਾਲ ਤੇ ਫ਼ਿਰ..! ISI ਨੇ ਮੁੰਡਿਆਂ ਲਈ ਵਿਛਾਇਆ ਡਿਜੀਟਲ ਜਾਲ
Thursday, Sep 17, 2026 - 04:48 PM (IST)
ਲੁਧਿਆਣਾ (ਰਾਜ)- ਪਾਕਿਸਤਾਨੀ ਖੁਫੀਆ ਏਜੰਸੀ ਆਈ. ਐੱਸ. ਆਈ. ਅਤੇ ਪਾਕਿਸਤਾਨ ਇੰਟੈਲੀਜੈਂਸ ਅਪਰੇਟਿਵਸ ਨੇ ਭਾਰਤੀ ਨੌਜਵਾਨਾਂ ਨੂੰ ਆਪਣੇ ਨਾਪਾਕ ਮਨਸੂਬਿਆਂ ਦਾ ਮੋਹਰਾ ਬਣਾਉਣ ਲਈ ਇਕ ਬੇਹੱਦ ਖਤਰਨਾਕ ਡਿਜ਼ੀਟਲ ਜਾਲ ਵਿਛਾ ਦਿੱਤਾ ਹੈ।
ਸੁਰੱਖਿਆ ਅਤੇ ਖੁਫੀਆ ਏਜੰਸੀਆਂ ਨੇ ਪੰਜਾਬ ਸਮੇਤ ਪੂਰੇ ਦੇਸ਼ ਦੇ ਨੌਜਵਾਨਾਂ ਲਈ ਚਿੰਤਾ ਜਤਾਈ ਹੈ, ਕਿਉਂਕਿ ਪਾਕਿਸਤਾਨੀ ਏਜੰਟ ਧਰਮ, ਪਾਰਟ ਟਾਈਮ ਨੌਕਰੀ, ਭਾਰੀ ਲਾਟਰੀ ਅਤੇ ਸੋਸ਼ਲ ਮੀਡੀਆ ’ਤੇ ਹਨੀਟ੍ਰੈਪ ਅਤੇ ਜਲਦ ਪੈਸੇ ਕਮਾਉਣ ਦਾ ਲਾਲਚ ਦੇ ਕੇ ਨੌਜਵਾਨਾਂ ਦਾ ਬ੍ਰੇਨਵਾਸ਼ ਕਰ ਰਹੇ ਹਨ। ਫਿਰ ਇਨ੍ਹਾਂ ਮਾਸੂਮ ਜਾਂ ਲਾਲਚ ਵਿਚ ਆਏ ਨੌਜਵਾਨਾਂ ਨੂੰ ਆਪਣੇ ਹੀ ਦੇਸ਼ ਖਿਲਾਫ ਜਾਸੂਸੀ, ਸੰਵੇਦਨਸ਼ੀਲ ਟਿਕਾਣਿਆਂ ਦੀ ਵੀਡੀਓਗ੍ਰਾਫੀ ਅਤੇ ਹਿੰਸਕ ਵਾਰਦਾਤਾਂ ਲਈ ਵਰਤਿਆ ਜਾ ਰਿਹਾ ਹੈ।
ਹਾਲ ਹੀ ਵਿਚ ਫਿਰੋਜ਼ਪੁਰ ਰੋਡ ਇਲਾਕੇ ਵਿਚ ਮਿਲੇ ਜਾਸੂਸੀ ਕੈਮਰਿਆਂ ਅਤੇ ਸੰਗਰੂਰ ਵਿਚ ਚੰਦ ਰੁਪਇਆਂ ਦੇ ਲਾਲਚ ਵਿਚ ਕੀਤੇ ਗਏ ਪੈਟ੍ਰੋਲ ਬੰਬ ਧਮਾਕੇ ਵਰਗੇ ਮਾਮਲਿਆਂ ਨੇ ਇਹ ਸਾਫ ਕਰ ਦਿੱਤਾ ਹੈ ਕਿ ਆਈ. ਐੱਸ. ਆਈ. ਦੇ ਹੈਂਡਲਰ ਪੰਜਾਬ ਦੇ ਨੌਜਵਾਨਾਂ ਨੂੰ ਲਗਾਤਾਰ ਟਰਾਗੈੱਟ ਕਰ ਰਹੇ ਹਨ। ਵਿਭਾਗੀ ਸੂਤਰਾਂ ਦਾ ਕਹਿਣਾ ਹੈ ਕਿ ਇਸੇ ਚਿੰਤਾ ਕਾਰਨ ਖੁਫੀਆ ਏਜੰਸੀਆਂ ਨੇ ਇਕ ਅਹਿਮ ਐਡਵਾਈਜ਼ਰੀ ਜਾਰੀ ਕਰਦੇ ਹੋਏ ਅਲਰਟ ਵੀ ਜਾਰੀ ਕੀਤਾ ਹੋਇਆ ਹੈ।
ਫਿਰੋਜ਼ਪੁਰ ਰੋਡ ’ਤੇ ਜਾਸੂਸੀ ਕੈਮਰਿਆਂ ਅਤੇ ਸੰਗਰੂਰ ਬਲਾਸਟ ਇਸ ਵੱਲ ਕਰ ਰਿਹਾ ਇਸ਼ਾਰਾ
ਖੁਫੀਆ ਏਜੰਸੀਆਂ ਦੇ ਸੂਤਰਾਂ ਮੁਤਾਬਕ ਪਿਛਲੇ ਕੁਝ ਸਮੇਂ ਵਿਚ ਪੰਜਾਬ ਦੇ ਕਈ ਨੌਜਵਾਨ ਅਣਜਾਣੇ ਵਿਚ ਜਾਂ ਪੈਸਿਆਂ ਦੇ ਲਾਲਚ ਵਿਚ ਆਈ. ਐੱਸ. ਆਈ. ਦੀ ਚੁੰਗਲ ਵਿਚ ਫਸ ਚੁੱਕੇ ਹਨ। ਹਾਲ ਹੀ ਵਿਚ ਫਿਰਰੋਜ਼ਪੁਰ ਰੋਡ ’ਤੇ ਮਿਲੇ ਸ਼ੱਕੀ ਜਾਸੂਸੀ ਸੀ. ਸੀ. ਟੀ. ਵੀ. ਕੈਮਰਿਆਂ ਨੇ ਖੁਫੀਆ ਤੰਤਰ ਦੇ ਕੰਨ ਖੜ੍ਹੇ ਕਰ ਦਿੱਤੇ ਹਨ।
ਸ਼ੱਕ ਹੈ ਕਿ ਸਰਹੱਦ ਪਾਰ ਬੈਠੇ ਹੈਂਡਲਰਾਂ ਵਲੋਂ ਸਥਾਨਕ ਨੌਜਵਾਨਾਂ ਦੇ ਜ਼ਰੀਏ ਸੰਵੇਦਨਸ਼ੀਲ ਟਿਕਾਣਿਆਂ ’ਤੇ ਅਜਿਹੇ ਕੈਮਰੇ ਜਾਂ ਨਿਗਰਾਨੀ ਯੰਤਰ ਲਗਵਾਏ ਜਾ ਰਹੇ ਹਨ। ਇਹੀ ਨਹੀਂ, ਸੰਗਰੂਰ ਵਿਚ ਭਾਜਪਾ ਦਫਤਰ ’ਤੇ ਹੋਏ ਪੈਟ੍ਰੋਲ ਬੰਬ ਹਮਲੇ ਵਿਚ ਫੜੇ ਗਏ 2 ਨੌਜਵਾਨਾਂ ਦੀ ਜਾਂਚ ਵਿਚ ਸਨਸਨੀਖੇਜ ਸੱਚ ਸਾਹਮਣੇ ਆਇਆ ਸੀ। ਸੋਸ਼ਲ ਮੀਡੀਆ ’ਤੇ ਵਿਦੇਸ਼ੀ ਹੈਂਡਲਰ ਦੇ ਸੰਪਰਕ ਵਿਚ ਆ ਕੇ ਇਨ੍ਹਾਂ ਨੌਜਵਾਨਾਂ ਨੇ ਮਹਿਜ਼ 2200 ਦੇ ਮਾਸੂਲੀ ਅੈਡਵਾਂਸ ਲਾਲਚ ਵਿਚ ਇੰਨੀ ਵੱਡੀ ਅੱਤਵਾਦੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ ਅਤੇ ਆਪਣੀ ਪੂਰੀ ਜ਼ਿੰਦਗੀ ਸਲਾਖਾਂ ਪਿੱਛੇ ਬਰਬਾਦ ਕਰ ਲਈ।
ਇਨ੍ਹਾਂ 5 ਤਰੀਕਿਆਂ ਨਾਲ ਨੌਜਵਾਨਾਂ ਨੂੰ ਬਣਾਇਆ ਜਾ ਰਿਹੈ ਸ਼ਿਕਾਰ
ਪਾਕਿਸਤਾਨ ਦੇ ਕੰਟਰੀ ਕੋਡ (92) ਜਾਂ ਵਰਚੁਅਲ ਨੰਬਰਾਂ ਤੋਂ ਵ੍ਹਟਸਐਪ ’ਤੇ ਕੇ. ਬੀ. ਸੀ., ਕਾਰ ਜਾਂ ਲੱਖਾਂ ਦੇ ਇਨਾਮ ਜਿੱਤਣ ਦੇ ਫਰਜ਼ੀ ਮੈਸੇਜ ਭੇਜੇ ਜਾਂਦੇ ਹਨ। ਇਸ ਤੋਂ ਬਾਅਦ ਪ੍ਰੋਸੈਸਿੰਗ ਫੀਸ ਦੇ ਨਾਂ ’ਤੇ ਵਸੂਲੀ ਹੁੰਦੀ ਹੈ ਜਾਂ ਫਰਜ਼ੀ ਲਿੰਕ ਭੇਜ ਕੇ ਮੋਬਾਈਲ ਹੈਕ ਕਰ ਲਿਆ ਜਾਂਦਾ ਹੈ। ਇਸ ਦੇ ਨਾਲ ਹੀ ਫੇਸਬੁਕ ਇੰਸਟਾਗ੍ਰਾਮ ਅਤੇ ਟੈਲੀਗ੍ਰਾਮ ’ਤੇ ਖੂਬਸੂਰਤ ਲੜਕੀਆਂ ਦੇ ਨਾਂ ਨਾਲ ਫਰਜ਼ੀ ਪ੍ਰੋਫਾਈਲ ਬਣਾ ਕੇ ਦੋਸਤੀ ਕੀਤੀ ਜਾਂਦੀ ਹੈ।
ਅਸ਼ਲੀਲ ਵੀਡੀਓ ਕਾਲ ਕਰ ਕੇ ਸਕ੍ਰੀਨ ਰਿਕਾਰਡਿੰਗ ਦੇ ਜ਼ਰੀਏ ਲੜਕਿਆਂ ਨੂੰ ਬਲੈਕਮੇਲ ਕੀਤਾ ਜਾਂਦਾ ਹੈ ਅਤੇ ਫਿਰ ਭਾਰਤੀ ਫੌਜ ਦੇ ਟਿਕਾਣਿਆਂ, ਏਅਰਬੇਸ, ਰੇਲਵੇ ਸਟੇਸ਼ਨਾਂ ਅਤੇ ਵੀ. ਆਈ. ਪੀ. ਮੂਵਮੈਂਟ ਦੀਆਂ ਤਸਵੀਰਾਂ ਮੰਗੀਆਂ ਜਾਂਦੀਆਂ ਹਨ। ਇਸੇ ਹੀ ਤਰ੍ਹਾਂ ਧਾਰਮਿਕ ਭਾਵਨਾਵਾਂ ਦੀ ਦੁਰਵਰਤੋਂ ਕਰ ਕੇ ਨੌਜਵਾਨਾਂ ਵਿਚ ਕੱਟੜਤਾ ਭਰੀ ਜਾਂਦੀ ਹੈ ਅਤੇ ਉਨ੍ਹਾਂ ਨੂੰ ਸਿਸਟਮ ਅਤੇ ਦੇਸ਼ ਖਿਲਾਫ ਖੜ੍ਹਾ ਕਰ ਕੇ ਸਲਿੱਪਰ ਸੈੱਲ ਜਾਂ ਮੁਖ਼ਬਰ ਦੀ ਤਰ੍ਹਾਂ ਤਿਆਰ ਕੀਤਾ ਜਾਂਦਾ ਹੈ। ਟੈਲੀਗ੍ਰਾਮ ਟਾਸਕ ਅਤੇ ਡਾਟਾ ਐਂਟਰੀ ਦੇ ਨਾਂ ’ਤੇ 200-500 ਰੁਪਏ ਦਾ ਮੁਨਾਫਾ ਦਿਖਾਇਆ ਜਾਂਦਾ ਹੈ, ਫਿਰ ਟਾਸਕ ਦੇ ਨਾਂ ’ਤੇ ਲੋਕੇਸ਼ਨ ਅਤੇ ਸੰਵੇਦਨਸ਼ੀਲ ਫੋਟੋਆਂ ਸਾਂਝੀਆਂ ਕਰਨ ਦਾ ਦਬਾਅ ਬਣਾਇਆ ਜਾਂਦਾ ਹੈ। ਇਸ ਦੇ ਨਾਲ ਹੀ ਨਾਜਾਇਜ਼ ਚਾਈਨੀਜ਼ ਅਤੇ ਪਾਕਿਸਤਾਨੀ ਐਪਸ ਜ਼ਰੀਏ ਆਸਾਨ ਕਰਜ਼ ਦਿੱਤਾ ਜਾਂਦਾ ਹੈ। ਫਿਰ ਭਾਰੀ ਵਿਆਜ ਅਤੇ ਨਿੱਜੀ ਡਾਟਾ ਹੈਕ ਕਰ ਕੇ ਦੇਸ਼ ਵਿਰੋਧੀ ਕੰਮ ਕਰਨ ਲਈ ਮਜਬੂਰ ਕੀਤਾ ਜਾਂਦਾ ਹੈ।
ਫਸਣ ’ਤੇ ਭੁਗਤਣਾ ਪਵੇਗਾ ਭਿਆਨਕ ਅੰਜਾਮ, ਜੇਲ ਦੇ ਨਾਲ ਕਰੀਅਰ ਖਤਮ!
ਸੂਤਰਾਂ ਨੇ ਦੱਸਿਆ ਕਿ ਸੁਰੱਖਿਆ ਏਜੰਸੀਆਂ ਨੇ ਸਾਫ ਚਿਤਾਵਨੀ ਦਿੱਤੀ ਹੈ ਕਿ ਜਾਣੇ ਅਣਜਾਣੇ ਵਿਚ ਵੀ ਦੇਸ਼ ਵਿਰੋਧੀ ਗਤੀਵਿਧੀਆਂ ਜਾਂ ਜਾਸੂਸੀ ਵਿਚ ਸ਼ਾਮਲ ਪਾਏ ਜਾਣ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ। ਅਜਿਹੇ ਮਾਮਲਿਆਂ ਵਿਚ ਗੈਰ-ਕਾਨੂੰਨੀ ਗਤੀਵਿਧੀਆਂ ਰੋਕਥਾਮ ਅੈਕਟ (ਯੂ. ਏ. ਪੀ. ਏ.) ਅਤੇ ਆਫੀਸ਼ੀਅਲ ਸੀਕ੍ਰੇਟ ਐਕਟ (ਓ. ਐੱਸ. ਏ.) ਤਹਿਤ ਗੈਰ-ਜ਼ਮਾਨਤੀ ਕੇਸ ਦਰਜ ਕੀਤੇ ਜਾ ਰਹੇ ਹਨ। ਫੜੇ ਜਾਣ ’ਤੇ ਜ਼ਿੰਦਗੀ ਭਰ ਦੇ ਲਈ ਸਰਕਾਰੀ ਨੌਕਰੀ, ਪਾਸਪੋਰਟ ਜਾਰੀ ਹੋਣਾ ਅਤੇ ਵਿਦੇਸ਼ ਜਾਣ ਦੇ ਸਾਰੇ ਰਸਤੇ ਹਮੇਸ਼ਾ ਲਈ ਬੰਦ ਹੋ ਜਾਣਗੇ। ਚੰਦ ਰੁਪਇਆਂ ਦਾ ਲਾਲਚ ਨੌਜਵਾਨਾਂ ਨੂੰ ਸਿੱਧਾ ਤਿਹਾੜ ਜਾਂ ਕੇਂਦਰੀ ਜੇਲਾਂ ਦੀਆਂ ਹਨੇਰੀਆਂ ਕੋਠੜੀਆਂ ਤੱਕ ਪਹੁੰਚਾ ਰਿਹਾ ਹੈ।
ਰੋਜਾਨਾ ਸੋਸ਼ਲ ਮੀਡੀਆ ਜਾਂ ਜਾਗਰੂਕਤਾ ਕੈਂਪ ਲਗਾ ਕੇ ਪੁਲਸ ਕਰ ਰਹੀ ਜਾਗਰੂਕ
ਪੰਜਾਬ ਪੁਲਸ ਰੋਜ਼ਾਨਾ ਸੋਸ਼ਲ ਮੀਡੀਆ, ਅਵੇਅਰਨੈੱਸ ਕੈਂਪ ਲਗਾ ਕੇ ਲੋਕਾਂ ਨੂੰ ਲਗਾਤਾਰ ਜਾਗਰੂਕ ਕਰਦੀ ਰਹਿੰਦੀ ਹੈ, ਜਿਸ ਵਿਚ ਉਨ੍ਹਾਂ ਨੇ ਸਾਫ ਕਿਹਾ ਹੁੰਦਾ ਹੈ ਕਿ 92 ਕੋਡ ਜਾਂ ਕਿਸੇ ਵੀ ਅਣਜਾਣ ਵਿਦੇਸ਼ੀ ਨੰਬਰ ਤੋਂ ਆਉਣ ਵਾਲੇ ਵ੍ਹਟਸਐਪ ਕਾਲ, ਮੈਸੇਜ ਜਾਂ ਏ. ਪੀ. ਕੇ. ਫਾਈਲਾਂ ਨੂੰ ਤੁਰੰਤ ਬਲਾਕ ਅਤੇ ਰਿਪੋਰਟ ਕਰਨ। ਸੋਸ਼ਲ ਮੀਡੀਆ ’ਤੇ ਅਣਜਾਣ ਲੜਕੀ ਜਾਂ ਪ੍ਰੋਫਾਈਲ ਤੋਂ ਆਉਣ ਵਾਲੀਆਂ ਵੀਡੀਓ ਕਾਲ ਕਦੇ ਰਿਸੀਵ ਨਾ ਕਰਨ। ਇਹ ਸਕ੍ਰੀਨ ਰਿਕਾਰਡਿੰਗ ਹਨੀਟ੍ਰੈਪ ਦਾ ਫਾਹਾ ਹੋ ਸਕਦਾ ਹੈ।
ਬਿਨਾਂ ਲਾਟਰੀ ਖਰੀਦੇ ਇਨਾਮ ਜਿੱਤਣ ਜਾਂ ਚੰਦ ਰੁਪਇਆਂ ਬਦਲੇ ਕਿਸੇ ਜਗ੍ਹਾ ਦੀ ਵੀਡੀਓ/ਫੋਟੋ ਬਣਾ ਕੇ ਭੇਜਣ ਦੇ ਆਫਰ ਨੂੰ ਫੌਰਨ ਠੁਕਰਾਉਣ। ਜੇਕਰ ਕੋਈ ਤੁਹਾਨੂੰ ਆਨਲਾਈਨ ਬਲੈਕਮੇਲ ਕਰ ਰਿਹਾ ਹੈ ਤਾਂ ਡਰ ਕੇ ਦੇਸ਼ ਵਿਰੋਧੀ ਹਰਕਤਾਂ ਕਰਨ ਦੀ ਬਜਾਏ ਤੁਰੰਤ ਨੇੜੇ ਦੇ ਪੁਲਸ ਸਟੇਸ਼ਨ ਜਾਂ ਰਾਸ਼ਟਰੀ ਸਾਈਬਰ ਕ੍ਰਾਈਮ ਹੈਲਪਲਾਈਨ 1930 ’ਤੇ ਸੰਪਰਕ ਕਰਨ। ਇਸ ਦੇ ਨਾਲ ਹੀ ਮਾਤਾ-ਪਿਤਾ ਆਪਣੇ ਬੱਚਿਆਂ ਦੀਆਂ ਆਨਲਾਈਨ ਗਤੀਵਿਧੀਆਂ ਅਤੇ ਸ਼ੱਕੀ ਵਿਦੇਸ਼ੀ ਸੰਪਰਕਾਂ ’ਤੇ ਪੈਨੀ ਨਜ਼ਰ ਰੱਖਣ, ਤਾਂ ਕਿ ਨੌਜਵਾਨ ਪੀੜ੍ਹੀ ਕਿਸੇ ਵਿਦੇਸ਼ੀ ਏਜੰਸੀ ਤਾਂ ਮੋਹਰਾ ਬਣ ਕੇ ਆਪਣੀ ਜ਼ਿੰਦਗੀ ਤਬਾਹ ਨਾ ਕਰ ਲਵੇ।
