ਆਟੋ ਚਾਲਕਾਂ ਦੀ ਧੌਂਸ, ਕਿਰਾਇਆ ਵਸੂਲੀ ਮਨਮਰਜ਼ੀ ਨਾਲ!
Sunday, Dec 24, 2017 - 03:25 PM (IST)
ਮੋਹਾਲੀ (ਨਿਆਮੀਆਂ)-ਸ਼ਹਿਰ ਵਿਚ ਚੱਲ ਰਹੇ ਬੇਮੁਹਾਰੇ ਆਟੋ ਰਿਕਸ਼ਾ ਚਾਲਕਾਂ ਵਲੋਂ ਲੋਕਾਂ ਕੋਲੋਂ ਮਨਮਰਜ਼ੀ ਦਾ ਭਾੜਾ ਲੈ ਕੇ ਲੋਕਾਂ ਦੀ ਦਿਨ-ਦਿਹਾੜੇ ਕੀਤੀ ਜਾ ਰਹੀ ਲੁੱਟ ਵਿਰੁੱਧ ਸ਼ਹਿਰ ਵਾਸੀਆਂ ਵਲੋਂ ਆਵਾਜ਼ ਚੁੱਕੀ ਜਾ ਰਹੀ ਹੈ। ਲੋਕਾਂ ਨੇ ਮੰਗ ਕੀਤੀ ਹੈ ਕਿ ਆਟੋ ਚਾਲਕਾਂ ਵਲੋਂ ਵਸੂਲੇ ਜਾਂਦੇ ਵੱਧ ਪੈਸੇ ਲੈਣੇ ਬੰਦ ਕਰਵਾਏ ਜਾਣ, ਆਟੋਆਂ ਦਾ ਕਿਰਾਇਆ ਦੂਰੀ ਦੇ ਹਿਸਾਬ ਨਾਲ ਤੈਅ ਕੀਤਾ ਜਾਵੇ ਤੇ ਆਟੋ ਚਾਲਕਾਂ ਵਲੋਂ ਮਨਮਰਜ਼ੀ ਦਾ ਕਿਰਾਇਆ ਵਸੂਲੇ ਜਾਣ 'ਤੇ ਰੋਕ ਲਗਾਈ ਜਾਵੇ। ਸ਼ਹਿਰ ਦੇ ਲੋਕਾਂ ਦਾ ਕਹਿਣਾ ਹੈ ਕਿ ਆਟੋ ਚਾਲਕਾਂ ਵਲੋਂ ਆਟੋ ਵਿਚ ਸਫਰ ਕਰਨ ਵਾਲੇ ਲੋਕਾਂ ਤੋਂ ਮਨਮਰਜ਼ੀ ਦੇ ਰੇਟ ਵਸੂਲ ਕੇ ਉਨ੍ਹਾਂ ਦੀ ਆਰਥਿਕ ਲੁੱਟ ਕੀਤੀ ਜਾ ਰਹੀ ਹੈ ਪਰ ਇਸ ਸਬੰਧੀ ਕੋਈ ਕਾਰਵਾਈ ਕਰਨ ਦੀ ਥਾਂ ਪ੍ਰਸ਼ਾਸਨ ਜਿਵੇਂ ਸੁੱਤਾ ਪਿਆ ਹੈ।
ਸਪੈਸ਼ਲ ਗੇੜੇ ਦੇ ਨਾਂ 'ਤੇ 'ਸਪੈਸ਼ਲ ਰੇਟ' :
ਸ਼ਹਿਰ ਵਿਚ ਹਾਲ ਇਹ ਹੋ ਗਿਆ ਹੈ ਕਿ ਜੇ ਕਿਸੇ ਨੇ ਸਿਰਫ ਅਗਲੇ ਚੌਕ ਤਕ ਹੀ ਜਾਣਾ ਹੁੰਦਾ ਹੈ ਤਾਂ ਉਸ ਤੋਂ ਵੀ 10 ਰੁਪਏ ਪ੍ਰਤੀ ਸਵਾਰੀ ਦੇ ਲਏ ਜਾਂਦੇ ਹਨ। ਇਸਦੇ ਨਾਲ ਫੇਜ਼-11 ਤੋਂ ਫੇਜ਼-7 ਤਕ ਦੇ 10 ਰੁਪਏ ਤੇ ਫੇਜ਼-11 ਤੋਂ ਹੀ ਫੇਜ਼-7 ਨਾਲ ਲਗਦੇ 3 ਬੀ 2 ਦੇ 20 ਰੁਪਏ ਵਸੂਲੇ ਜਾਂਦੇ ਹਨ, ਜੇ ਕਿਸੇ ਨੇ ਫੇਜ਼-11 ਤੋਂ ਫੇਜ਼-6 ਦੇ ਨਵੇਂ ਬੱਸ ਅੱਡੇ ਤਕ ਜਾਣਾ ਹੋਵੇ ਤਾਂ 50 ਰੁਪਏ ਸਵਾਰੀ ਦੇ ਹਿਸਾਬ ਨਾਲ ਆਟੋ ਚਾਲਕਾਂ ਵਲੋਂ ਪੈਸਿਆਂ ਦੀ ਮੰਗ ਕੀਤੀ ਜਾਂਦੀ ਹੈ ਜਾਂ ਸਪੈਸ਼ਲ ਗੇੜਾ ਕਹਿ ਕੇ 100 ਰੁਪਏ ਦੀ ਮੰਗ ਕੀਤੀ ਜਾਂਦੀ ਹੈ।
ਆਵਾਜ਼ ਚੁੱਕਣ ਵਾਲਿਆਂ ਨੂੰ ਜਾਂਦਾ ਹੈ ਡਰਾਇਆ-ਧਮਕਾਇਆ :
ਆਟੋ ਚਾਲਕਾਂ ਵਲੋਂ ਆਮ ਲੋਕਾਂ ਦੀ ਦਿਨ-ਦਿਹਾੜੇ ਕੀਤੀ ਜਾਂਦੀ ਇਸ ਲੁੱਟ ਕਾਰਨ ਸ਼ਹਿਰ ਵਾਸੀਆਂ ਵਿਚ ਕਾਫੀ ਰੋਸ ਹੈ, ਜੇ ਕੋਈ ਇਨ੍ਹਾਂ ਨੂੰ ਸਹੀ ਕਿਰਾਇਆ ਲੈਣ ਲਈ ਕਹਿੰਦਾ ਹੈ ਤਾਂ ਇਹ ਉਸ ਨਾਲ ਝਗੜਨਾ ਸ਼ੁਰੂ ਕਰ ਦਿੰਦੇ ਹਨ ਤੇ ਕਈ ਵਾਰ ਤਾਂ ਗੱਲ ਹੱਥੋਪਾਈ ਤਕ ਵੀ ਪਹੁੰਚ ਜਾਂਦੀ ਹੈ। ਇਨ੍ਹਾਂ ਆਟੋ ਚਾਲਕਾਂ ਦੇ ਆਪੋ-ਆਪਣੇ ਗਰੁੱਪ ਬਣੇ ਹੁੰਦੇ ਹਨ ਤੇ ਜਦੋਂ ਕੋਈ ਵਿਅਕਤੀ ਇਨ੍ਹਾਂ ਵਲੋਂ ਵਸੂਲੇ ਜਾਂਦੇ ਵੱਧ ਪੈਸਿਆਂ ਖਿਲਾਫ ਆਵਾਜ਼ ਚੁੱਕਦਾ ਹੈ ਤਾਂ ਇਹ ਆਟੋ ਚਾਲਕ ਤੁਰੰਤ ਹੀ ਇਕੱਠੇ ਹੋ ਕੇ ਉਸ ਵਿਅਕਤੀ ਨੂੰ ਡਰਾਉਣ-ਧਮਕਾਉਣ ਤਕ ਜਾਂਦੇ ਹਨ।
ਸ਼ਹਿਰ ਵਿਚ ਚੱਲਦੇ ਅਨੇਕਾਂ ਹੀ ਆਟੋ ਚਾਲਕਾਂ ਕੋਲ ਡਰਾਈਵਿੰਗ ਲਾਇਸੈਂਸ ਤੇ ਹੋਰ ਜ਼ਰੂਰੀ ਕਾਗਜ਼ਾਤ ਵੀ ਸ਼ਾਇਦ ਹੀ ਹੋਣ। ਇਸਦੇ ਨਾਲ ਹੀ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨਾ, ਖਾਸ ਕਰਕੇ ਰੈੱਡ ਲਾਈਟ ਨੂੰ ਕਰਾਸ ਕਰਨਾ ਇਹ ਆਟੋ ਚਾਲਕ ਸ਼ਾਇਦ ਆਪਣਾ ਅਧਿਕਾਰ ਸਮਝਦੇ ਹਨ। ਲੋਕਾਂ ਨੇ ਇਨ੍ਹਾਂ ਦੀ ਮਨਮਾਨੀ 'ਤੇ ਰੋਕ ਆਉਣ ਦੀ ਮੰਗ ਕੀਤੀ ਹੈ।
