ਨਾਜਾਇਜ਼ ਬਿਲਡਿੰਗਾਂ ’ਤੇ ਜ਼ੋਨ-ਡੀ ਦੇ ਨਵੇਂ ਏ. ਟੀ. ਪੀ. ਦੀ ਕਾਰਵਾਈ ਨਾਲ ਖੁੱਲ੍ਹ ਰਹੀ ਪੁਰਾਣੇ ਅਫਸਰਾਂ ਦੀ ਪੋਲ
Tuesday, Dec 16, 2025 - 08:08 AM (IST)
ਲੁਧਿਆਣਾ (ਹਿਤੇਸ਼) : ਜ਼ੋਨ-ਡੀ ਦੇ ਨਵੇਂ ਏ. ਟੀ. ਪੀ. ਵਲੋਂ ਨਾਜਾਇਜ਼ ਬਿਲਡਿੰਗਾਂ ’ਤੇ ਜੋ ਕਾਰਵਾਈ ਕੀਤੀ ਜਾ ਰਹੀ ਹੈ, ਉਸ ਨਾਲ ਪੁਰਾਣੇ ਅਫਸਰਾਂ ਦੀ ਪੋਲ ਖੁੱਲ੍ਹ ਗਈ ਹੈ। ਇੱਥੇ ਜ਼ਿਕਰਯੋਗ ਹੋਵੇਗਾ ਕਿ ਕਮਿਸ਼ਨਰ ਵਲੋਂ ਜਿਸ ਰੈਗੂਲਰ ਏ. ਟੀ. ਪੀ. ਹਰਵਿੰਦਰ ਹਨੀ ਨੂੰ ਜ਼ੋਨ-ਡੀ ਦਾ ਚਾਰਜ ਦਿੱਤਾ ਗਿਆ ਹੈ, ਉਸ ਵਲੋਂ ਪਿਛਲੇ ਕੁਝ ਦਿਨਾਂ ਦੌਰਾਨ ਰਾਣੀ ਝਾਂਸੀ, ਕਾਲਜ ਰੋਡ, ਸਮਿਟਰੀ ਰੋਡ, ਸਰਾਭਾ ਨਗਰ, ਬੀ. ਆਰ. ਐੱਸ. ਨਗਰ, ਮਾਡਲ ਟਾਊਨ, ਹੈਬੋਵਾਲ ਅਤੇ ਫਿਰੋਜ਼ਪੁਰ ਰੋਡ ਦੇ ਨਾਲ ਲੱਗਦੇ ਇਲਾਕਿਆਂ ’ਚ ਬਿਨਾਂ ਮਨਜ਼ੂਰੀ ਦੇ ਬਣ ਰਹੀਆਂ ਬਿਲਡਿੰਗਾਂ ਨੂੰ ਤੋੜਨ ਜਾਂ ਸੀਲ ਕਰਨ ਦੀ ਕਾਰਵਾਈ ਕੀਤੀ ਗਈ ਹੈ।
ਇਹ ਬਿਲਡਿੰਗਾਂ ਜ਼ੋਨ-ਡੀ ਦੇ ਪਿਛਲੇ ਸਟਾਫ ਦੀ ਮਿਲੀਭੁਗਤ ਨਾਲ ਬਣ ਰਹੀਆਂ ਸਨ। ਇਨ੍ਹਾਂ ’ਚੋਂ ਕਈ ਬਿਲਡਿੰਗਾਂ ਤਾਂ ਰਿਹਾਇਸ਼ੀ ਏਰੀਆ ’ਚ ਬਣਨ ਦੀ ਵਜ੍ਹਾ ਨਾਲ ਨਾਨ-ਕੰਪਾਊਂਡੇਬਲ ਕੈਟਾਗਿਰੀ ’ਚ ਆਉਂਦੀਅਾਂ ਹਨ ਅਤੇ ਉਨ੍ਹਾਂ ਦੇ ਫਾਊਂਡੇਸ਼ਨ ਲੈਵਲ ’ਤੇ ਤੋੜਨ ਜਾਂ ਰੋਕਣ ਦੀ ਜ਼ਿੰਮੇਦਾਰੀ ਨਹੀਂ ਨਿਭਾਈ ਗਈ। ਇਸੇ ਤਰ੍ਹਾਂ ਨਕਸ਼ਾ ਪਾਸ ਕਰਵਾਏ ਬਿਨਾਂ ਬਣਨ ਵਾਲੀਆਂ ਬਿਲਡਿੰਗਾਂ ਤੋਂ ਕਰੋੜਾਂ ਦਾ ਜੁਰਮਾਨਾ ਨਹੀਂ ਵਸੂਲਿਆ ਗਿਆ, ਜਿਸ ਨੂੰ ਲੈ ਕੇ ਕਮਿਸ਼ਨਰ ਵਲੋਂÇ ਇੰਸਪੈਕਟਰ ਵਾਲੀਆ ਨੂੰ ਸਸਪੈਂਡ ਕਰ ਦਿੱਤਾ ਗਿਆ ਅਤੇ ਪੁਰਾਣੇ ਏ. ਟੀ. ਪੀ. ਖਿਲਾਫ ਕਾਰਵਾਈ ਕਰਨ ਲਈ ਸਰਕਾਰ ਨੂੰ ਰਿਪੋਰਟ ਭੇਜੀ ਜਾ ਰਹੀ ਹੈ।
ਇਹ ਵੀ ਪੜ੍ਹੋ : ਬਿਨਾਂ ਰੋਕ-ਟੋਕ ਚੱਲ ਰਹੀਆਂ ਪ੍ਰਦੂਸ਼ਤ ਵਾਸ਼ਿੰਗ ਅਤੇ ਇਲੈਕਟ੍ਰੋਪਲੇਟਿੰਗ ਯੂਨਿਟਾਂ
ਆਰਤੀ ਸਿਨੇਮਾ ਚੌਕ ਨੇੜੇ ਅਤੇ ਮਾਡਲ ਟਾਊਨ ਮਾਰਕੀਟ ’ਚ ਬਣ ਰਹੇ ਕੰਪਲੈਕਸ ’ਤੇ ਹੋਈ ਸੀਲਿੰਗ
ਨਗਰ ਨਿਗਮ ਵਲੋਂ ਸੋਮਵਾਰ ਨੂੰ ਆਰਤੀ ਸਿਨੇਮਾ ਚੌਕ ਨੇੜੇ ਅਤੇ ਮਾਡਲ ਟਾਊਨ ਮਾਰਕੀਟ ’ਚ ਬਣ ਰਹੇ ਕੰਪਲੈਕਸ ’ਤੇ ਸੀਲਿੰਗ ਕੀਤੀ ਗਈ। ਇਹ ਦੋਵੇਂ ਬਿਲਡਿੰਗਾਂ ਟੀ. ਪੀ. ਸਕੀਮ ਦੇ ਏਰੀਆ ’ਚ ਸਥਿਤ ਹਨ, ਜਿਨ੍ਹਾਂ ਦੇ ਨਿਰਮਾਣ ਲਈ ਨਾ ਤਾਂ ਨਕਸ਼ਾ ਪਾਸ ਹੋ ਸਕਦਾ ਹੈ ਅਤੇ ਨਾਲ ਹੀ ਉਨ੍ਹਾਂ ਨੂੰ ਫੀਸ ਜਮ੍ਹਾ ਕਰ ਕੇ ਰੈਗੂਲਰ ਕਰਨ ਦਾ ਨਿਯਮ ਹੈ। ਇਸ ਦੇ ਮੱਦੇਨਜ਼ਰ ਜ਼ੋਨ-ਡੀ ਦੀ ਟੀਮ ਵਲੋਂ ਆਰਤੀ ਸਿਨੇਮੇ ਨੇੜੇ ਸੱਗੂ ਚੌਕ ਨੂੰ ਜਾਣ ਵਾਲੀ ਰੋਡ ’ਤੇ ਬਣ ਰਹੇ ਕੰਪਲੈਕਸ ਅਤੇ ਮਾਡਲ ਟਾਊਨ ਮਾਰਕੀਟ ’ਚ ਸਥਿਤ 5 ਦੁਕਾਨਾਂ ਨੂੰ ਨਾਜਾਇਜ਼ ਨਿਰਮਾਣ ਦੇ ਦੋਸ਼ ’ਚ ਸੀਲ ਕਰ ਦਿੱਤਾ।
