ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ! ਨੌਜਵਾਨ ਦਾ ਬੇਰਹਿਮੀ ਨਾਲ ਕਤਲ
Sunday, Dec 07, 2025 - 04:57 PM (IST)
ਤਪਾ ਮੰਡੀ (ਸ਼ਾਮ,ਗਰਗ)- ਪਿੰਡ ਘੁੰਨਸ ਦੀ ਚੰਡੀਗੜ੍ਹ ਬਸਤੀ ‘ਚ ਉਸ ਸਮੇਂ ਸਨਸਨੀ ਫ਼ੈਲ ਗਈ, ਜਦੋਂ ਗੁਆਂਢੀਆਂ ਨੇ ਹੀ ਕਾਰਾਂ ਦੀ ਭੰਨ੍ਹਤੋੜ ਕਰਕੇ ਗੁਆਂਢ ਵਿਚ ਰਹਿੰਦੇ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ। ਤਪਾ ਪੁਲਸ ਨੇ ਵੱਖ-ਵੱਖ ਧਾਰਾਵਾਂ ਹੇਠ ਮਾਮਲਾ ਦਰਜ ਕਰਕੇ ਹਮਲਾਵਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੇ ਭਰਾ ਰੇਸ਼ਮ ਸਿੰਘ ਉਰਫ ਰੇਸ਼ੀ ਵੱਲੋਂ ਦਰਜ ਕਰਵਾਏ ਬਿਆਨ ਅਨੁਸਾਰ, ਸ਼ੁਰੂਆਤੀ ਝਗੜਾ ਸ਼ਰਾਬ ਦੇ ਠੇਕੇ ਨੇੜੇ ਹੋਇਆ ਸੀ, ਜਿੱਥੇ ਗੁਆਂਢੀਆਂ (ਜੌਨੀ ਸਿੰਘ, ਗੁਰਪ੍ਰੀਤ ਸਿੰਘ, ਅਤੇ ਗੁਰਦੀਪ ਸਿੰਘ) ਨੇ ਪਹਿਲਾਂ ਇਕ ਆਲਟੋ ਕਾਰ ਦੀ ਭੰਨ੍ਹਤੋੜ ਕੀਤੀ ਅਤੇ ਤਰਸੇਮ ਸਿੰਘ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਸਨ।
ਝਗੜਾ ਸ਼ਾਂਤ ਹੋਣ ਤੋਂ ਬਾਅਦ ਜਦੋਂ ਤਰਸੇਮ ਸਿੰਘ ਆਪਣੇ ਸਾਥੀਆਂ ਨਾਲ ਵਰਨਾ ਕਾਰ 'ਚ ਸਵਾਰ ਹੋ ਕੇ ਕੱਪੜੇ ਚੁੱਕਣ ਲਈ ਘਰ ਕੋਲ ਪਹੁੰਚਿਆ, ਤਾਂ ਉਕਤ ਦੋਸ਼ੀ ਆਪਣੇ ਹੋਰਨਾਂ ਸਾਥੀਆਂ ਅੰਮ੍ਰਿਤ ਪਾਲ ਸਿੰਘ ਉਰਫ ਰੋਡੂ ਅਤੇ ਸਿਕੰਦਰ ਸਿੰਘ ਸਮੇਤ ਹੱਥਾਂ ਵਿਚ ਸੋਟੀਆਂ, ਖਪਰਾ, ਲੋਹੇ ਦੀਆਂ ਰਾਡਾਂ ਅਤੇ ਡੰਡੇ ਫੜ ਕੇ ਆ ਗਏ। ਉਨ੍ਹਾਂ ਨੇ ਪਹਿਲਾਂ ਇੱਟਾਂ-ਰੋੜੇ ਮਾਰ ਕੇ ਵਰਨਾ ਕਾਰ ਦੀ ਭੰਨ੍ਹਤੋੜ ਕੀਤੀ ਅਤੇ ਜਦੋਂ ਤਰਸੇਮ ਸਿੰਘ ਕਾਰ ਵਿਚੋਂ ਉਤਰਨ ਲੱਗਾ ਤਾਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਦਾ ਗਲਾ ਵੱਢ ਕੇ ਲਹੂ-ਲੁਹਾਣ ਕਰ ਦਿੱਤਾ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।ਪਿੰਡ ਦੇ ਲੋਕਾਂ ਦਾ ਇਕੱਠ ਹੁੰਦਾ ਦੇਖ ਹਮਲਾਵਰ ਹਥਿਆਰਾਂ ਸਮੇਤ ਫਰਾਰ ਹੋ ਗਏ।
ਡੀ.ਐੱਸ.ਪੀ ਤਪਾ ਗੁਰਪ੍ਰੀਤ ਸਿੰਘ ਸਿੱਧੂ ਨੇ ਦੱਸਿਆ ਕਿ ਤਪਾ ਪੁਲਸ ਨੇ ਜੌਨੀ ਸਿੰਘ, ਅੰਮ੍ਰਿਤਪਾਲ ਸਿੰਘ, ਸਿਕੰਦਰ ਸਿੰਘ, ਗੁਰਦੀਪ ਸਿੰਘ ਅਤੇ ਗੁਰਪ੍ਰੀਤ ਸਿੰਘ ਸਮੇਤ ਹੋਰਨਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਹੇਠ ਕਤਲ ਦਾ ਮਾਮਲਾ ਦਰਜ ਕਰਕੇ, ਦੋਸ਼ੀਆਂ ਨੂੰ ਫੜਨ ਲਈ ਉਨ੍ਹਾਂ ਦੇ ਠਿਕਾਣਿਆਂ 'ਤੇ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਨਾਮਜ਼ਦ ਦੋਸ਼ੀ ਪਹਿਲਾਂ ਤੋਂ ਹੀ ਲੜਾਈ-ਝਗੜਾ ਕਰਨ ਦੇ ਆਦੀ ਹਨ ਅਤੇ ਵਿਰੋਧ ਕਾਰਨ ਉਨ੍ਹਾਂ ਨਾਲ ਰੰਜਿਸ਼ ਰੱਖਦੇ ਸਨ। ਲਾਸ਼ ਨੂੰ ਪੋਸਟਮਾਰਟਮ ਲਈ ਬਰਨਾਲਾ ਭੇਜ ਦਿੱਤਾ ਗਿਆ ਹੈ।
