ਸ਼ਰਾਬ ਠੇਕਿਆਂ ''ਤੇ ਮਨਮਰਜ਼ੀ ਦੇ ਵਸੂਲੇ ਜਾ ਰਹੇ ਰੇਟ, ਨਹੀਂ ਲਗਾਈ ਗਈ ਸੂਚੀ

Friday, Dec 12, 2025 - 03:19 PM (IST)

ਸ਼ਰਾਬ ਠੇਕਿਆਂ ''ਤੇ ਮਨਮਰਜ਼ੀ ਦੇ ਵਸੂਲੇ ਜਾ ਰਹੇ ਰੇਟ, ਨਹੀਂ ਲਗਾਈ ਗਈ ਸੂਚੀ

ਤਰਨਤਾਰਨ (ਰਮਨ ਚਾਵਲਾ)- ਪੰਜਾਬ ਸਰਕਾਰ ਵੱਲੋਂ ਸ਼ਰਾਬ ਦੇ ਸ਼ੌਕੀਨ ਲੋਕਾਂ ਨੂੰ ਜਿੱਥੇ ਨਕਲੀ ਸ਼ਰਾਬ ਦੀ ਵਰਤੋਂ ਨਾ ਕਰਨ ਸਬੰਧੀ ਅਪੀਲ ਕੀਤੀ ਜਾ ਰਹੀ ਹੈ, ਉਥੇ ਹੀ ਸਰਕਾਰ ਦੀਆਂ ਸ਼ਰਤਾਂ ਪੂਰੀਆਂ ਕਰਨ ਵਾਲੇ ਸ਼ਰਾਬ ਠੇਕੇਦਾਰਾਂ ਨੂੰ ਦਿੱਤੇ ਗਏ ਲਾਇਸੈਂਸ ਤਹਿਤ ਠੇਕਿਆਂ ਉਪਰ ਸਹੀ ਅਤੇ ਬਿਨਾਂ ਮਿਲਾਵਟ ਵਾਲੀ ਸ਼ਰਾਬ ਵੇਚਣ ਦਾ ਦਾਅਵਾ ਕੀਤਾ ਜਾ ਰਿਹਾ ਹੈ ਪ੍ਰੰਤੂ ਜ਼ਿਲੇ ’ਚ ਜਿੱਥੇ ਕੁਝ ਗ੍ਰਾਹਕਾਂ ਵੱਲੋਂ ਕਥਿਤ ਤੌਰ 'ਤੇ ਮਿਲਾਵਟੀ ਸ਼ਰਾਬ ਵੇਚਣ ਦੇ ਦੋਸ਼ ਲਗਾਏ ਜਾ ਰਹੇ ਹਨ, ਉਥੇ ਹੀ ਥਾਂ-ਥਾਂ ਖੁੱਲ੍ਹੇ ਠੇਕਿਆਂ ਰਾਹੀਂ ਸ਼ਰਾਬ ਠੇਕੇਦਾਰਾਂ ਵੱਲੋਂ ਆਪਣੀ ਮਨਮਰਜ਼ੀ ਦੇ ਰੇਟ ਵਸੂਲਦੇ ਹੋਏ ਲੁੱਟ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। 

ਇਹ ਵੀ ਪੜ੍ਹੋ- ਪੰਜਾਬ ਦੇ ਇਸ ਜ਼ਿਲ੍ਹੇ ਦੇ ਸਾਰੇ ਸਕੂਲਾਂ 'ਚ ਤੁਰੰਤ ਛੁੱਟੀ ਦੇ ਹੁਕਮ, ਪੁਲਸ ਅਲਰਟ

ਜ਼ਿਕਰਯੋਗ ਹੈ ਕਿ ਸਿਹਤ ਵਿਭਾਗ ਵੱਲੋਂ ਠੇਕਿਆਂ ਉਪਰ ਵਿਕਣ ਵਾਲੀ ਸ਼ਰਾਬ ਦੇ ਨਮੂਨੇ ਲੈਣ ਸਬੰਧੀ ਜਿੱਥੇ ਲੋਕਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ, ਉਥੇ ਹੀ ਠੇਕਿਆਂ ਅੱਗੇ ਸਰਕਾਰ ਦੇ ਹੁਕਮਾਂ ਤਹਿਤ ਰੇਟ ਲਿਸਟਾਂ ਲਗਾਉਣ ਸਬੰਧੀ ਸਬੰਧਤ ਵਿਭਾਗ ਪਾਸੋਂ ਮੰਗ ਕੀਤੀ ਗਈ ਹੈ। ਜਾਣਕਾਰੀ ਦਿੰਦੇ ਹੋਏ ਸਥਾਨਕ ਸ਼ਹਿਰ ਦੇ ਨਿਵਾਸੀ ਦਿਨੇਸ਼, ਗੌਰਵ ਕੁਮਾਰ, ਜਸਬੀਰ ਸਿੰਘ ਆਦਿ ਨੇ ਦੱਸਿਆ ਕਿ ਸ਼ਰਾਬ ਠੇਕੇਦਾਰਾਂ ਵੱਲੋਂ ਆਪਣੇ ਮਨਮਰਜ਼ੀ ਕਰਦੇ ਹੋਏ ਗ੍ਰਾਹਕਾਂ ਪਾਸੋਂ ਲੁੱਟ ਸ਼ਰੇਆਮ ਕੀਤੀ ਜਾ ਰਹੀ ਹੈ, ਜਿਸ ਨੂੰ ਰੋਕਣ ਲਈ ਸਬੰਧਤ ਵਿਭਾਗ ਨੇ ਕਬੂਤਰ ਵਾਂਗ ਅੱਖਾਂ ਮੀਟੀਆਂ ਹੋਈਆਂ ਹਨ। ਉਨ੍ਹਾਂ ਦੱਸਿਆ ਕਿ ਸ਼ਹਿਰ ਦੀ ਕੁਝ ਠੇਕਿਆਂ ਉਪਰ ਕਥਿਤ ਤੌਰ ਉਪਰ ਮਿਲਾਵਟੀ ਸ਼ਰਾਬ ਨੂੰ ਵੇਚਿਆ ਜਾ ਰਿਹਾ ਹੈ, ਜਿਸ ਦੀ ਵਰਤੋਂ ਕਰਕੇ ਲੋਕਾਂ ਦਾ ਵੱਡਾ ਨੁਕਸਾਨ ਹੋ ਸਕਦਾ ਹੈ।

ਇਹ ਵੀ ਪੜ੍ਹੋ- ਅੰਮ੍ਰਿਤਸਰ ਦੇ ਕਈ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਬੱਚਿਆਂ ਨੂੰ ਕੀਤੀ ਗਈ ਛੁੱਟੀ

ਉਨ੍ਹਾਂ ਕਿਹਾ ਕਿ ਠੇਕਿਆਂ ਉਪਰ ਵਿਕਣ ਵਾਲੀ ਸ਼ਰਾਬ ਸਬੰਧੀ ਸਿਹਤ ਵਿਭਾਗ ਵੱਲੋਂ ਕਿਉਂ ਕਾਰਵਾਈ ਨਹੀਂ ਕੀਤੀ ਜਾਂਦੀ ਹੈ ਅਤੇ ਸ਼ਰਾਬ ਦੇ ਸੈਂਪਲ ਕਿਉਂ ਨਹੀਂ ਭਰੇ ਜਾਂਦੇ ਹਨ, ਜਦ ਕਿ ਦੂਸਰੇ ਦਿਨ ਹੋਟਲਾਂ, ਰੈਸਟੋਰੈਂਟਾਂ ਅਤੇ ਹੋਰ ਥਾਵਾਂ ਉਪਰ ਸਿਹਤ ਵਿਭਾਗ ਦੀ ਟੀਮ ਸੈਂਪਲ ਭਰਦੀ ਨਜ਼ਰ ਆਉਂਦੀ ਹੈ। ਉਨ੍ਹਾਂ ਦੱਸਿਆ ਕਿ ਮਿਲਾਵਟੀ ਸ਼ਰਾਬ ਪੀਣ ਨਾਲ ਕਿਸੇ ਵਿਅਕਤੀ ਦੀ ਜਾਨ ਵੀ ਜਾ ਸਕਦੀ ਹੈ ਪ੍ਰੰਤੂ ਸਬੰਧਤ ਸਿਹਤ ਵਿਭਾਗ ਨੂੰ ਲੋਕਾਂ ਦੀ ਸਿਹਤ ਨਾਲ ਹੋ ਰਹੇ ਖਿਲਵਾੜ ਨੂੰ ਮੁੱਖ ਰੱਖਦੇ ਹੋਏ ਜਲਦ ਤੋਂ ਜਲਦ ਸੈਂਪਲ ਲੈਣੇ ਚਾਹੀਦੇ ਹਨ।

ਇਹ ਵੀ ਪੜ੍ਹੋ- ਗਰਭਵਤੀ ਨਾ ਹੋਣ ਕਾਰਣ ਨੂੰਹ ਨੂੰ ਦਿੱਤੇ ਜਾਂਦੇ ਸੀ ਤਸੀਹੇ, ਤੰਗ ਆਈ ਨੇ ਗਲ ਲਾਈ ਮੌਤ, 10 ਮਹੀਨੇ ਪਹਿਲਾਂ...

ਉਨ੍ਹਾਂ ਦੋਸ਼ ਲਗਾਇਆ ਕਿ ਕੁਝ ਠੇਕਿਆਂ ਉਪਰ ਵਿਕਣ ਵਾਲੀ ਸ਼ਰਾਬ ਦੇ ਮਨਮਰਜ਼ੀ ਵਾਲੇ ਰੇਟ ਵਸੂਲੇ ਜਾ ਰਹੇ ਹਨ ਪ੍ਰੰਤੂ ਇਨ੍ਹਾਂ ਲੁੱਟ ਕਰਨ ਵਾਲੇ ਠੇਕੇਦਾਰਾਂ ਨੂੰ ਪੁੱਛਣ ਵਾਲਾ ਕੋਈ ਵੀ ਨਜ਼ਰ ਨਹੀਂ ਆ ਰਿਹਾ ਹੈ। ਜੋ ਸਰਕਾਰ ਦੀ ਬਦਨਾਮੀ ਕਰਨ ਵਿਚ ਕੋਈ ਕਸਰ ਨਹੀਂ ਛੱਡ ਰਹੇ ਹਨ। ਜੇ ਸਰਕਾਰ ਦੇ ਹੁਕਮਾਂ ਦੀ ਮੰਨੀਏ ਤਾਂ ਸਬੰਧਤ ਠੇਕੇਦਾਰ ਨੂੰ ਆਪਣੇ ਹਰ ਮਨਜ਼ੂਰ ਸ਼ੁਦਾ ਠੇਕੇ ਦੇ ਸਾਹਮਣੇ ਸ਼ਰਾਬ ਦੇ ਰੇਟਾਂ ਦੀ ਸੂਚੀ ਲਗਾਉਣੀ ਅਤੀ ਲਾਜ਼ਮੀ ਹੁੰਦੀ ਹੈ ਪ੍ਰੰਤੂ ਇਸ ਜ਼ਿਲੇ ’ਚ ਠੇਕੇਦਾਰਾਂ ਦੀ ਮਨਮਰਜ਼ੀ ਕਰਨ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੋ ਰਹੇ ਹਨ।

ਇਹ ਵੀ ਪੜ੍ਹੋ- ਪੰਜਾਬ 'ਚ 12, 13, 14 ਤੇ 15 ਦਸੰਬਰ ਤੱਕ ਮੌਸਮ ਵਿਭਾਗ ਦੀ ਵੱਡੀ ਭਵਿੱਖਬਾਣੀ, ਇਨ੍ਹਾਂ ਜ਼ਿਲ੍ਹਿਆਂ 'ਚ ALERT ਜਾਰੀ

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾਕਟਰ ਗੁਰਪ੍ਰੀਤ ਸਿੰਘ ਰਾਏ ਨੇ ਦੱਸਿਆ ਕਿ ਜੇ ਕਿਸੇ ਦੀ ਸਿਹਤ ਨਾਲ ਵਿਭਾਗ ਨੂੰ ਲਿਖਤੀ ਰੂਪ ’ਚ ਕੀਤੀ ਜਾ ਸਕਦੀ ਹੈ, ਜਿਸ ਤੋਂ ਬਾਅਦ ਬਣਦੀ ਕਾਰਵਾਈ ਅਮਲ ’ਚ ਜ਼ਰੂਰ ਲਿਆਂਦੀ ਜਾਵੇਗੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲੇ ਦੇ ਡਿਪਟੀ ਕਮਿਸ਼ਨਰ ਰਾਹੁਲ ਨੇ ਦੱਸਿਆ ਕਿ ਸਰਕਾਰ ਦੇ ਹੁਕਮਾਂ ਤਹਿਤ ਠੇਕੇਦਾਰਾਂ ਨੂੰ ਨਿਯਮਾਂ ਦੀ ਇੰਨ-ਬਿਨ ਪਾਲਣਾ ਕਰਨੀ ਜ਼ਰੂਰੀ ਹੋਵੇਗੀ, ਅਜਿਹਾ ਨਾ ਕਰਨ ਵਾਲੇ ਠੇਕੇਦਾਰਾਂ ਖਿਲਾਫ ਸਬੰਧਤ ਵਿਭਾਗ ਵੱਲੋਂ ਬਣਦੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਹੀਂ ਹੋਣ ਦਿੱਤਾ ਜਾਵੇਗਾ। ਇਸ ਮਾਮਲੇ ਸਬੰਧੀ ਸਾਰੀ ਰਿਪੋਰਟ ਈ.ਟੀ.ਓ ਪਾਸੋਂ ਲਈ ਜਾਵੇਗੀ।


 


author

Shivani Bassan

Content Editor

Related News