ਡਰੈਗਨ ਫਰੂਟ ਦੀ ਖੇਤੀ ਨਾਲ ਹੋਰਨਾਂ ਲਈ ਮਿਸਾਲ ਬਣਿਆ ਕਿਸਾਨ ਸਤਨਾਮ ਸਿੰਘ
Saturday, Dec 13, 2025 - 06:49 PM (IST)
ਮਹਿਲ ਕਲਾਂ (ਹਮੀਦੀ): ਪੰਜਾਬ ਵਿਚ ਤਬਦੀਲੀ ਵਾਲੀ ਖੇਤੀ ਅਤੇ ਉੱਚ ਮੁੱਲ ਵਾਲੀਆਂ ਫ਼ਸਲਾਂ ਵੱਲ ਵਧ ਰਹੇ ਰੁਝਾਨ ਦੀ ਜੀਤੀ-ਜਾਗਦੀ ਮਿਸਾਲ ਬਣੇ ਅਗਾਂਹਵਧੂ ਕਿਸਾਨ ਸਤਨਾਮ ਸਿੰਘ ਦੇ ਡਰੈਗਨ ਫਰੂਟ ਫ਼ਾਰਮ ਦਾ ਡਿਪਟੀ ਕਮਿਸ਼ਨਰ ਬਰਨਾਲਾ ਟੀ. ਬੈਨਿਥ ਵੱਲੋਂ ਦੌਰਾ ਕੀਤਾ ਗਿਆ। ਥਾਣਾ ਠੁੱਲੀਵਾਲ ਅਧੀਨ ਪੈਂਦੇ ਪਿੰਡ ਠੁੱਲੇਵਾਲ ਵਿਖੇ ਸਥਿਤ ਇਹ ਫ਼ਾਰਮ ਅੱਜ ਸਿਰਫ਼ ਬਰਨਾਲਾ ਹੀ ਨਹੀਂ, ਸਗੋਂ ਪੂਰੇ ਪੰਜਾਬ ਦੇ ਕਿਸਾਨਾਂ ਲਈ ਪ੍ਰੇਰਣਾ ਦਾ ਕੇਂਦਰ ਬਣ ਚੁੱਕਾ ਹੈ।ਦੌਰੇ ਦੌਰਾਨ ਕਿਸਾਨ ਸਤਨਾਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਸਾਲ 2016 ਵਿੱਚ ਸਿਰਫ਼ 2 ਕਨਾਲਾਂ ’ਚ ਡਰੈਗਨ ਫਰੂਟ ਦੀ ਖੇਤੀ ਸ਼ੁਰੂ ਕੀਤੀ ਸੀ, ਜੋ ਅੱਜ 4 ਏਕੜ ਰਕਬੇ ਤੱਕ ਫੈਲ ਚੁੱਕੀ ਹੈ। ਉਨ੍ਹਾਂ ਇੱਕ ਏਕੜ ਰਕਬੇ ਵਿੱਚ ਆਧੁਨਿਕ ਨੈੱਟ ਹਾਊਸ ਸਥਾਪਤ ਕਰਕੇ ਨਵੀਂ ਤਕਨੀਕ ਅਪਣਾਈ ਹੈ। ਸਤਨਾਮ ਸਿੰਘ ਅਨੁਸਾਰ ਡਰੈਗਨ ਫਰੂਟ ਦੀ ਇੱਕ ਏਕੜ ਤੋਂ ਇੱਕ ਸੀਜ਼ਨ ਦੌਰਾਨ ਲਗਭਗ 30 ਕੁਇੰਟਲ ਤੱਕ ਉਤਪਾਦਨ ਹੁੰਦਾ ਹੈ, ਜੋ ਮਾਰਕੀਟ ਵਿੱਚ 150 ਤੋਂ 200 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕਦਾ ਹੈ।ਉਨ੍ਹਾਂ ਦੇ ਫ਼ਾਰਮ ‘ਡਰੈਗਨ ਔਲਖ ਠੁੱਲੇਵਾਲ’ ’ਚ ਉਗਾਈ ਜਾ ਰਹੀ ਅਮਰੀਕਨ ਬਿਊਟੀ ਕਿਸਮ—ਜੋ ਪੀਏਯੂ ਵੱਲੋਂ ਵਿਕਸਿਤ ਪੰਜਾਬ ਨੰਬਰ-1 ਵਰਾਇਟੀ ਹੈ ਦੀ ਚੰਡੀਗੜ੍ਹ ਸਮੇਤ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਭਾਰੀ ਮੰਗ ਹੈ। ਇਸ ਉਪਲਬਧੀ ਲਈ ਸਤਨਾਮ ਸਿੰਘ ਨੂੰ ਪੀਏਯੂ ਵੱਲੋਂ ਸਨਮਾਨਿਤ ਵੀ ਕੀਤਾ ਜਾ ਚੁੱਕਾ ਹੈ।
ਇਸ ਤੋਂ ਇਲਾਵਾ, ਉਹ ਸਾਲ ਭਰ ਡਰੈਗਨ ਫਰੂਟ ਦੀ ਪਨੀਰੀ ਤਿਆਰ ਕਰਕੇ ਵੀ ਵੇਚਦੇ ਹਨ, ਜਿਸ ਨਾਲ ਉਨ੍ਹਾਂ ਦੀ ਆਮਦਨ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ.ਸਤਨਾਮ ਸਿੰਘ ਨੇ ਦੱਸਿਆ ਕਿ ਡਰੈਗਨ ਫਰੂਟ ਇੱਕ ਵਾਰ ਲਗਾਉਣ ਵਾਲੀ ਲੰਬੇ ਸਮੇਂ ਦੀ ਫ਼ਸਲ ਹੈ। ਪੌਦਿਆਂ ਦੇ ਦਰਮਿਆਨ ਰਹਿੰਦੇ ਖਾਲੀ ਰਕਬੇ ’ਚ ਉਹ ਛੋਲੇ, ਸਰੋਂ, ਹਲਦੀ ਅਤੇ ਹੋਰ ਸਬਜ਼ੀਆਂ ਦੀ ਇੰਟਰ-ਕਰਾਪਿੰਗ ਕਰਦੇ ਹਨ, ਜਿਸ ਨਾਲ ਵਾਧੂ ਮੁਨਾਫ਼ਾ ਮਿਲਦਾ ਹੈ। ਘੱਟ ਪਾਣੀ ਦੀ ਲੋੜ ਕਾਰਨ ਜ਼ਮੀਨ ਦੀ ਸਿਹਤ ਵਿੱਚ ਸੁਧਾਰ ਆਇਆ ਹੈ ਅਤੇ ਉਨ੍ਹਾਂ ਨੂੰ ਕਣਕ-ਝੋਨੇ ਦੇ ਰਵਾਇਤੀ ਫ਼ਸਲੀ ਚੱਕਰ ਤੋਂ ਮੁਕਤੀ ਮਿਲੀ ਹੈ। ਲੰਬੇ ਸਮੇਂ ਦੀ ਆਮਦਨ ਨੂੰ ਧਿਆਨ ਵਿੱਚ ਰੱਖਦਿਆਂ ਉਨ੍ਹਾਂ ਲਗਭਗ ਅੱਧੇ ਏਕੜ ਵਿੱਚ ਚੰਦਨ ਦੇ ਰੁੱਖ ਵੀ ਲਗਾਏ ਹਨ। ਡਿਪਟੀ ਕਮਿਸ਼ਨਰ ਸ੍ਰੀ ਟੀ. ਬੈਨਿਥ ਨੇ ਕਿਹਾ ਕਿ ਖੇਤੀਬਾੜੀ ਵਿੱਚ ਨਵੀਂਆਂ ਫ਼ਸਲਾਂ ਅਤੇ ਆਧੁਨਿਕ ਤਕਨੀਕਾਂ ਅਪਣਾਉਣਾ ਸਮੇਂ ਦੀ ਲੋੜ ਹੈ। ਤਬਦੀਲੀ ਵਾਲੀ ਖੇਤੀ ਰਾਹੀਂ ਕਿਸਾਨ ਆਪਣੀ ਆਮਦਨ ਵਧਾ ਸਕਦੇ ਹਨ ਅਤੇ ਪਾਣੀ ਵਰਗੇ ਕੀਮਤੀ ਸਰੋਤਾਂ ਦੀ ਵੀ ਬਚਤ ਕਰ ਸਕਦੇ ਹਨ। ਉਨ੍ਹਾਂ ਕਿਸਾਨ ਨਾਲ ਗੱਲਬਾਤ ਦੌਰਾਨ ਖ਼ਰਚੇ, ਲਾਭ ਅਤੇ ਮਾਰਕੀਟਿੰਗ ਬਾਰੇ ਵਿਸਥਾਰ ਨਾਲ ਜਾਣਕਾਰੀ ਹਾਸਲ ਕੀਤੀ।ਕਿਸਾਨ ਨੇ ਦੱਸਿਆ ਕਿ ਨੈੱਟ ਹਾਊਸ ਵਿੱਚ ਟਮਾਟਰ, ਰੰਗਦਾਰ ਸ਼ਿਮਲਾ ਮਿਰਚ, ਹਰੀ ਮਿਰਚ ਸਮੇਤ ਹੋਰ ਉੱਚ ਮੁੱਲ ਵਾਲੀਆਂ ਸਬਜ਼ੀਆਂ ’ਤੇ ਤਜ਼ੁਰਬੇ ਕੀਤੇ ਜਾ ਰਹੇ ਹਨ, ਜਿਨ੍ਹਾਂ ਤੋਂ ਕਾਫ਼ੀ ਵਧੀਆ ਮੁਨਾਫ਼ਾ ਮਿਲ ਰਿਹਾ ਹੈ।
ਡਿਪਟੀ ਕਮਿਸ਼ਨਰ ਨੇ ਕਿਸਾਨ ਦੀ ਸ਼ਲਾਘਾ ਕਰਦਿਆਂ ਖੇਤੀਬਾੜੀ ਵਿਭਾਗ ਨੂੰ ਹਦਾਇਤ ਕੀਤੀ ਕਿ ਡਰੈਗਨ ਫਰੂਟ ਵਰਗੀਆਂ ਉੱਚ ਮੁੱਲ ਵਾਲੀਆਂ ਫ਼ਸਲਾਂ ਲਈ ਹੋਰ ਕਿਸਾਨਾਂ ਨੂੰ ਪ੍ਰੇਰਿਤ ਕਰਨ ਵਾਸਤੇ ਕੈਂਪ ਅਤੇ ਫ਼ੀਲਡ ਡੈਮੋਨਸਟਰੇਸ਼ਨ ਕਰਵਾਏ ਜਾਣ।ਉਨ੍ਹਾਂ ਕਿਹਾ ਕਿ ਸਤਨਾਮ ਸਿੰਘ ਦੀ ਸਫ਼ਲਤਾ ਤੋਂ ਪ੍ਰੇਰਿਤ ਹੋ ਕੇ ਬਰਨਾਲਾ ਸਮੇਤ ਪੰਜਾਬ ਦੇ ਹੋਰ ਕਈ ਇਲਾਕਿਆਂ ਦੇ ਕਿਸਾਨ ਡਰੈਗਨ ਫਰੂਟ ਦੀ ਖੇਤੀ ਵੱਲ ਰੁਝਾਨ ਦਿਖਾ ਰਹੇ ਹਨ, ਜੋ ਸੂਬੇ ਦੀ ਖੇਤੀਬਾੜੀ ਲਈ ਇਕ ਸਕਾਰਾਤਮਕ ਬਦਲਾਅ ਹੈ। ਡਿਪਟੀ ਕਮਿਸ਼ਨਰ ਨੇ ਭਰੋਸਾ ਦਵਾਇਆ ਕਿ ਪ੍ਰਸ਼ਾਸਨ ਵੱਲੋਂ ਨਵੀਂ ਤਕਨੀਕਾਂ, ਪਾਣੀ ਬਚਾਉਣ ਵਾਲੀਆਂ ਵਿਧੀਆਂ ਅਤੇ ਉੱਚ ਮੁੱਲ ਵਾਲੀਆਂ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਲਈ ਪੂਰਾ ਸਹਿਯੋਗ ਜਾਰੀ ਰਹੇਗਾ। ਦੌਰੇ ਦੌਰਾਨ ਖੇਤੀਬਾੜੀ ਵਿਭਾਗ ਤੋਂ ਮੁੱਖ ਖੇਤੀਬਾੜੀ ਅਫ਼ਸਰ ਡਾ. ਅਮ੍ਰਿਤਪਾਲ ਸਿੰਘ ਅਤੇ ਸੁਨੀਤਾ ਸ਼ਰਮਾ ਵੀ ਹਾਜ਼ਰ ਸਨ।
