ਦੂਜੇ ਦਿਨ ਵੀ ਇੰਡੀਗੋ ਦੀਆਂ ਉਡਾਣਾਂ ਹੋਈਆਂ ਲੇਟ, ਕਿਰਾਏ ''ਚ ਦੁੱਗਣਾ ਵਾਧਾ
Friday, Dec 05, 2025 - 01:27 PM (IST)
ਚੰਡੀਗੜ੍ਹ (ਲਲਨ) : ਇੰਡੀਗੋ ਏਅਰਲਾਈਨਜ਼ ਦੇ ਆਪਰੇਟਿੰਗ ਸਿਸਟਮ ’ਚ ਆਈ ਤਕਨੀਕੀ ਖ਼ਰਾਬੀ ਕਾਰਨ ਸ਼ਹੀਦ ਭਗਤ ਸਿੰਘ ਕੌਮਾਂਤਰੀ ਹਵਾਈ ਅੱਡੇ ਚੰਡੀਗੜ੍ਹ ਤੋਂ ਹੋਰ ਏਅਰਲਾਈਨਜ਼ ਦੀਆਂ ਉਡਾਣਾਂ ਦੇ ਕਿਰਾਏ ’ਚ ਲਗਭਗ ਦੋ ਗੁਣਾ ਵਾਧਾ ਹੋਇਆ ਹੈ। ਜਿਸ ਕਾਰਨ ਦਿੱਲੀ, ਮੁੰਬਈ ਤੇ ਬੰਗਲੌਰ ਜਾਣ ਵਾਲੀ ਏਅਰਲਾਈਨਜ਼ ਏਅਰ ਤੇ ਏਅਰ ਇੰਡੀਆ ਐਕਸਪ੍ਰੈਸ ਹਵਾਈ ਜਹਾਜ਼ ਦਾ ਕਿਰਾਇਆ ਦੁੱਗਣਾ ਹੋ ਗਿਆ ਹੈ। ਚੰਡੀਗੜ੍ਹ ਕੌਮਾਂਤਰੀ ਹਵਾਈ ਅੱਡੇ ਤੋਂ ਮੁੰਬਈ, ਦਿੱਲੀ ਤੇ ਬੈਂਗਲੂਰੂ ਲਈ ਸਭ ਤੋਂ ਵੱਧ ਉਡਾਣਾਂ ਇੰਡੀਗੋ ਏਅਰਲਾਈਨਜ਼ ਦੀਆਂ ਚੱਲਦੀਆਂ ਹਨ। ਦੂਜੇ ਦਿਨ ਵੀ ਇੰਡੀਗੋ ਦੇ ਸਿਸਟਮ ’ਚ ਖ਼ਰਾਬੀ ਹੋਣ ਕਾਰਨ ਯਾਤਰੀਆਂ ਨੂੰ ਜ਼ਿਆਦਾ ਕਿਰਾਇਆ ਦੇਣਾ ਪੈ ਰਿਹਾ ਹੈ।
ਜਾਣਕਾਰੀ ਮੁਤਾਬਕ ਬੈਂਗਲੂਰੂ ਦਾ ਕਿਰਾਇਆ ਕਰੀਬ 28 ਹਜ਼ਾਰ ਤੱਕ ਪਹੁੰਚ ਗਿਆ ਹੈ, ਜਦਕਿ ਚੰਡੀਗੜ੍ਹ-ਦੁਬਈ ਦਾ ਕਿਰਾਇਆ ਕਰੀਬ 30 ਹਜ਼ਾਰ ਹੈ। ਘਰੇਲੂ ਉਡਾਣਾਂ ਲਈ ਕੌਮਾਂਤਰੀ ਕਿਰਾਇਆ ਦੇਣਾ ਪੈ ਰਿਹਾ ਹੈ। ਇੰਡੀਗੋ ਏਅਰਲਾਈਨਜ਼ ਦੇ ਸਿਸਟਮ ’ਚ ਖ਼ਰਾਬੀ ਕਾਰਨ ਦੂਜੇ ਦਿਨ ਵੀ ਆਉਣ ਤੇ ਜਾਣ ਵਾਲੀਆਂ ਦੋ ਦਰਜਨ ਤੋਂ ਵੱਧ ਉਡਾਣਾਂ ਨੇ ਤੈਅ ਸਮੇਂ ਤੋਂ 3 ਤੋਂ 5 ਘੰਟੇ ਦੇਰੀ ਨਾਲ ਉਡਾਣ ਭਰੀ। ਇੰਡੀਗੋ ਦੀ ਪੁਣੇ ਤੇ ਕੁੱਲੂ ਦੀ ਇਕ-ਇਕ ਤੇ ਦਿੱਲੀ ਦੀਆਂ ਦੋ ਉਡਾਣਾਂ ਨੂੰ ਰੱਦ ਘੋਸ਼ਿਤ ਕੀਤਾ ਗਿਆ, ਜਿਸ ਕਾਰਨ ਯਾਤਰੀ ਪਰੇਸ਼ਾਨ ਰਹੇ।
ਸ਼ਤਾਬਦੀ ਤੇ ਵੰਦੇ ਭਾਰਤ ਫੁਲ
ਉਡਾਣਾਂ ਪ੍ਰਭਾਵਿਤ ਹੋਣ ਕਾਰਨ ਟ੍ਰਾਈਸਿਟੀ ਦੇ ਲੋਕ ਸ਼ਤਾਬਦੀ ਤੇ ਵੰਦੇ ਭਾਰਤ ਰੇਲਗੱਡੀਆਂ ’ਚ ਯਾਤਰਾ ਕਰਨੀ ਪਸੰਦ ਕਰ ਰਹੇ ਹਨ, ਜਿਸ ਕਾਰਨ ਸ਼ੁੱਕਰਵਾਰ ਨੂੰ ਚੰਡੀਗੜ੍ਹ ਰੇਲਵੇ ਸਟੇਸ਼ਨ ਤੋਂ ਦਿੱਲੀ ਜਾਣ ਵਾਲੀਆਂ ਪੰਜ ਸੁਪਰਫਾਸਟ ਰੇਲਗੱਡੀਆਂ ’ਚ ਸੀਟਾਂ ਫੁਲ ਹੋ ਗਈਆਂ ਹਨ। ਇੰਨਾ ਹੀ ਨਹੀਂ ਪੰਜ ਹੋਰ ਰੇਲਗੱਡੀਆਂ ’ਚ ਵੇਟਿੰਗ 20 ਤੋਂ ਵੱਧ ਪਹੁੰਚ ਗਈ ਹੈ।
