8 ਸਾਲ ਦੀ ਬੱਚੀ ਨਾਲ ਜਬਰ-ਜ਼ਿਨਾਹ ਦੇ ਮੁਲਜ਼ਮ ਨੂੰ 30 ਸਾਲ ਦੀ ਕੈਦ
Tuesday, Dec 16, 2025 - 01:31 PM (IST)
ਚੰਡੀਗੜ੍ਹ (ਪ੍ਰੀਕਸ਼ਿਤ) : ਇੱਥੇ 8 ਸਾਲ ਦੀ ਬੱਚੀ ਨੂੰ ਸਮਾਨ ਲਿਆਉਣ ਦੇ ਬਹਾਨੇ ਘਰ ਬੁਲਾ ਕੇ ਜਬਰ-ਜ਼ਿਨਾਹ ਕਰਨ ਵਾਲੇ ਮੁਲਜ਼ਮ ਨੂੰ ਅਦਾਲਤ ਨੇ 30 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਨਾਲ ਹੀ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੂੰ ਬੱਚੀ ਨੂੰ ਚਾਰ ਲੱਖ ਰੁਪਏ ਦਿਵਾਉਣ ਲਈ ਕਿਹਾ। ਮਾਮਲੇ ’ਚ ਮੁਲਜ਼ਮ ਝੂਠ ਬੋਲ ਕੇ ਬਚਣ ਦੀ ਕੋਸ਼ਿਸ਼ ਕਰਦਾ ਰਿਹਾ, ਪਰ ਡੀ. ਐੱਨ. ਏ. ਮੈਚ ਹੋਣ ’ਤੇ ਸੱਚਾਈ ਸਾਹਮਣੇ ਆ ਗਈ। ਇਸੇ ਦੇ ਆਧਾਰ ’ਤੇ ਅਦਾਲਤ ਨੇ ਪਿਛਲੇ ਸ਼ੁੱਕਰਵਾਰ ਨੂੰ 25 ਸਾਲਾ ਮੁਲਜ਼ਮ ਨੂੰ ਮੁਲਜ਼ਮ ਕਰਾਰ ਦਿੰਦਿਆਂ ਸੋਮਵਾਰ ਨੂੰ ਸਜ਼ਾ ’ਤੇ ਫ਼ੈਸਲਾ ਸੁਣਾਇਆ। 2023 ’ਚ ਮੌਲੀਜਾਗਰਾਂ ਥਾਣਾ ਖੇਤਰ ’ਚ ਹੋਈ ਇਸ ਸ਼ਰਮਨਾਕ ਘਟਨਾ ਸਬੰਧੀ ਅਦਾਲਤ ਨੇ ਸ਼ੁੱਕਰਵਾਰ ਨੂੰ ਉਕਤ ਵਿਅਕਤੀ ਨੂੰ ਮੁਲਜ਼ਮ ਕਰਾਰ ਦਿੱਤਾ ਸੀ। ਮਾਮਲੇ ’ਚ ਹੋਈ ਸੁਣਵਾਈ ਦੌਰਾਨ ਮੁਲਜ਼ਮ ਨੇ ਝੂਠੀਆਂ ਦਲੀਲਾਂ ਦੇ ਕੇ ਬਚਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਅਦਾਲਤ ’ਚ ਪੇਸ਼ ਕੀਤੀ ਗਈ ਡੀ. ਐੱਨ. ਏ. ਰਿਪੋਰਟ ਨੇ ਮਾਮਲੇ ਦੀ ਸੱਚਾਈ ਸਾਹਮਣੇ ਲਿਆ ਦਿੱਤੀ। ਅਦਾਲਤ ’ਚ ਪੇਸ਼ ਕੀਤੀ ਗਈ ਮੁਲਜ਼ਮ ਦੀ ਡੀ. ਐੱਨ. ਏ. ਰਿਪੋਰਟ ਪੀੜਤਾ ਦੀ ਰਿਪੋਰਟ ਨਾਲ ਮੈਚ ਹੋ ਗਈ।
ਵੂਮੈਨ ਐਂਡ ਚਾਈਲਡ ਹੈਲਪਲਾਈਨ ਦੀ ਕਾਊਂਸਲਰ ਦੀ ਰਿਪੋਰਟ ਦੇ ਆਧਾਰ ’ਤੇ ਮਾਮਲਾ ਦਰਜ ਕੀਤਾ ਸੀ
ਦਾਇਰ ਮਾਮਲੇ ਤਹਿਤ ਪੁਲਸ ਨੇ ਵੂਮੈਨ ਐਂਡ ਚਾਈਲਡ ਹੈਲਪਲਾਈਨ ਦੀ ਕਾਊਂਸਲਰ ਦੀ ਰਿਪੋਰਟ ਦੇ ਆਧਾਰ ’ਤੇ ਮਾਮਲਾ ਦਰਜ ਕੀਤਾ ਸੀ। ਮਾਮਲੇ ’ਚ ਸੁਣਵਾਈ ਦੌਰਾਨ ਮੁਲਜ਼ਮ ਦੇ ਵਕੀਲ ਨੇ ਅਦਾਲਤ ’ਚ ਦਲੀਲ ਦਿੱਤੀ ਕਿ ਬੱਚੀ ਨੇ ਜੱਜ ਦੇ ਸਾਹਮਣੇ ਦਿੱਤੇ ਬਿਆਨ ਵਿਚ ਕਿਹਾ ਸੀ ਕਿ ਉਸ ਨਾਲ ਦੋ ਲੋਕਾਂ ਨੇ ਦੁਸ਼ਕਰਮ ਕੀਤਾ, ਸੀ, ਪਰ ਸਿਰਫ਼ ਉਸ ਨੂੰ ਹੀ ਗ੍ਰਿਫ਼ਤਾਰ ਕੀਤਾ ਗਿਆ, ਜਦੋਂ ਕਿ ਦੂਜੇ ਮੁਲਜ਼ਮ ਬਾਰੇ ਜਾਂਚ ਹੀ ਨਹੀਂ ਕੀਤੀ ਗਈ। ਬੱਚੀ ਨੇ ਮੈਡੀਕਲ ਅਫ਼ਸਰ ਦੇ ਸਾਹਮਣੇ ਕੁੱਝ ਹੋਰ ਬਿਆਨ ਦਿੱਤੇ ਸਨ, ਜਿਸ ਨਾਲ ਉਸਦੀ ਗਵਾਹੀ ’ਤੇ ਸ਼ੱਕ ਪੈਦਾ ਹੁੰਦਾ ਹੈ। ਹਾਲਾਂਕਿ ਮੁਲਜ਼ਮ ਦੀਆਂ ਇਨ੍ਹਾਂ ਦਲੀਲਾਂ ਨੂੰ ਅਦਾਲਤ ਨੇ ਨਹੀਂ ਮੰਨਿਆ ਅਤੇ ਉਸਨੂੰ ਮੁਲਜ਼ਮ ਕਰਾਰ ਦਿੰਦਿਆਂ ਸਜ਼ਾ ਸੁਣਾਈ। ਮਾਮਲੇ ਦੇ ਸਬੰਧ ’ਚ ਪੀੜਤ ਬੱਚੀ ਨੇ ਚਾਈਲਡ ਹੈਲਪਲਾਈਨ ’ਤੇ ਦੱਸਿਆ ਸੀ ਕਿ ਉਹ ਘਰ ਦੇ ਨੇੜੇ ਖੇਡ ਰਹੀ ਸੀ, ਉਸੇ ਦੌਰਾਨ ਗੁਆਂਢ ਦੇ ਇੱਕ ਨੌਜਵਾਨ ਨੇ ਉਸਨੂੰ ਦੁਕਾਨ ਤੋਂ ਕੁੱਝ ਸਮਾਨ ਲਿਆਉਣ ਲਈ ਪੈਸੇ ਦਿੱਤੇ ਅਤੇ ਘਰ ਦੇ ਅੰਦਰ ਬੁਲਾ ਲਿਆ। ਉੱਥੇ ਉਸਨੂੰ ਥੱਪੜ ਮਾਰੇ ਅਤੇ ਜਬਰ-ਜ਼ਿਨਾਹ ਕੀਤਾ। ਬੱਚੀ ਨੇ ਘਰ ਆ ਕੇ ਆਪਣੀ ਮਾਂ ਨੂੰ ਸਾਰੀ ਗੱਲ ਦੱਸੀ। ਜਿਸ ਦੇ ਬਾਅਦ ਮਾਮਲਾ ਸਾਹਮਣੇ ਆਇਆ ਅਤੇ ਪੁਲਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ।
ਨੌਜਵਾਨ ਨੂੰ ਮੁਲਜ਼ਮ ਠਹਿਰਾਉਣ ’ਚ ਡੀ.ਐੱਨ.ਏ. ਰਿਪੋਰਟ ਰਹੀ ਮਹੱਤਵਪੂਰਨ
ਪੁਲਸ ਨੇ ਜਾਂਚ ਦੌਰਾਨ ਬੱਚੀ ਦੇ ਕੱਪੜਿਆਂ ਅਤੇ ਸਰੀਰ ਦੇ ਅੰਗਾਂ ਤੋਂ ਕੁੱਝ ਡੀ. ਐੱਨ. ਏ. ਸੈਂਪਲ ਲਏ ਸਨ। ਜਦੋਂ ਉਨ੍ਹਾਂ ਨੂੰ ਮੁਕੇਸ਼ ਦੇ ਡੀ. ਐੱਨ. ਏ. ਨਾਲ ਮੈਚ ਕਰਵਾਇਆ ਤਾਂ ਉਹ ਮੈਚ ਹੋ ਗਏ। ਜਿਸ ਨਾਲ ਇਹ ਪੁਸ਼ਟੀ ਹੋਈ ਕਿ ਮੁਕੇਸ਼ ਨੇ ਹੀ ਬੱਚੀ ਨਾਲ ਜਬਰ-ਜ਼ਿਨਾਹ ਕੀਤਾ ਸੀ। ਹਾਲਾਂਕਿ ਉਹ ਅਦਾਲਤ ਵਿਚ ਇਹ ਕਹਿੰਦਾ ਰਿਹਾ ਕਿ ਉਸਨੇ ਬੱਚੀ ਨਾਲ ਕੁੱਝ ਵੀ ਗਲਤ ਨਹੀਂ ਕੀਤਾ।
