ਨਾਜਾਇਜ਼ ਸ਼ਰਾਬ ਸਮੇਤ 2 ਗ੍ਰਿਫਤਾਰ

Friday, Mar 30, 2018 - 03:31 AM (IST)

ਬਠਿੰਡਾ (ਵਰਮਾ)-ਥਾਣਾ ਤਲਵੰਡੀ ਸਾਬੋ ਪੁਲਸ ਨੇ ਹਰਿਆਣਾ ਮਾਰਕਾ ਦੀਆਂ 42 ਪੇਟੀਆਂ ਨਾਜਾਇਜ਼ ਸ਼ਰਾਬ ਸਮੇਤ 2 ਕਾਰ ਸਵਾਰਾਂ ਨੂੰ ਗ੍ਰਿਫਤਾਰ ਕੀਤਾ ਹੈ ਜਦਕਿ ਇਕ ਮੁਲਜ਼ਮ ਪੁਲਸ ਦੇ ਹੱਥ ਨਹੀਂ ਲੱਗ ਸਕਿਆ ਹੈ। ਮੁਲਜ਼ਮਾਂ ਨੇ ਆਪਣੀਆਂ ਕਾਰਾਂ 'ਤੇ ਫਰਜ਼ੀ ਨੰਬਰ ਪਲੇਟਾਂ ਲਾਈਆਂ ਹੋਈਆਂ ਸੀ ਤੇ ਉਸ ਵਿਚ ਸ਼ਰਾਬ ਦੀ ਤਸਕਰੀ ਕਰ ਰਹੇ ਸੀ। ਪੁਲਸ ਨੇ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਸਹਾਇਕ ਥਾਣੇਦਾਰ ਕੌਰ ਸਿੰਘ ਨੇ ਪਿੰਡ ਸੰਗਤ ਖੁਰਦ ਨਜ਼ਦੀਕ ਸੂਚਨਾ ਦੇ ਆਧਾਰ 'ਤੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਪੁਲਸ ਨੇ 2 ਕਾਰਾਂ ਨੂੰ ਸ਼ੱਕ ਦੇ ਆਧਾਰ ਤੇ ਰੋਕਿਆ, ਜਿਸ ਵਿਚ ਮੁਲਜ਼ਮ ਕੁਲਦੀਪ ਸਿੰਘ ਤੇ ਨੰਦ ਕਿਸ਼ੋਰ ਸਵਾਰ ਸੀ। ਪੁਲਸ ਨੇ ਕਾਰਾਂ ਦੀ ਤਲਾਸ਼ੀ ਲਈ ਤਾਂ ਉਸ ਵਿਚੋਂ 42 ਪੇਟੀਆਂ ਨਾਜਾਇਜ਼ ਸ਼ਰਾਬ ਹਰਿਆਣਾ ਮਾਰਕਾ ਬਰਾਮਦ ਹੋਈ। ਪੁਲਸ ਨੇ ਦੋਵਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ। ਜਾਂਚ ਤੋਂ ਪਤਾ ਲੱਗਾ ਕਿ ਮੁਲਜ਼ਮਾਂ ਨੇ ਦੋਵਾਂ ਕਾਰਾਂ 'ਤੇ ਫਰਜ਼ੀ ਨੰਬਰ ਪਲੇਟਾਂ ਲਾਈਆਂ ਹੋਈਆਂ ਸੀ। ਮੁਲਜ਼ਮਾਂ ਨੇ ਦੱਸਿਆ ਕਿ ਉਹ ਕਾਲਾਂਵਾਸੀ ਦੇ ਠੇਕੇਦਾਰ ਹੈਪੀ ਤੋਂ ਸ਼ਰਾਬ ਲੈ ਕੇ ਆਉਂਦੇ ਸੀ ਤੇ ਉਸਨੂੰ ਬਠਿੰਡਾ ਤੇ ਆਸ-ਪਾਸ ਦੇ ਇਲਾਕਿਆਂ ਵਿਚ ਸਪਲਾਈ ਕਰਦੇ ਸੀ। ਪੁਲਸ ਨੇ ਠੇਕੇਦਾਰ ਤੇ ਉਕਤ ਦੋਵਾਂ ਮੁਲਜ਼ਮਾਂ ਖਿਲਾਫ ਐਕਸਾਈਜ਼ ਐਕਟ ਅਤੇ ਧੋਖਾਦੇਹੀ ਦੇ ਦੋਸ਼ਾਂ ਵਿਚ ਮਾਮਲਾ ਦਰਜ ਕਰ ਲਿਆ ਹੈ ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।


Related News