ਜੰਗਲੀ ਸੂਰਾਂ ਦਾ ਮਾਸ ਵੇਚਣ ਵਾਲੇ 2 ਵਿਅਕਤੀ ਕਾਬੂ

Tuesday, Sep 17, 2024 - 12:59 PM (IST)

ਅਬੋਹਰ (ਸੁਨੀਲ) : ਗੁਪਤ ਸੂਚਨਾ ਦੇ ਆਧਾਰ ’ਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਦੀ ਟੀਮ ਨੇ ਜੰਗਲੀ ਸੂਰਾਂ ਦਾ ਮਾਸ ਵੇਚਣ ਵਾਲੇ ਦੋ ਵਿਅਕਤੀਆਂ ਨੂੰ ਮਾਸ ਸਮੇਤ ਕਾਬੂ ਕਰ ਕੇ ਫਾਜ਼ਿਲਕਾ ਜ਼ਿਲ੍ਹੇ ਦੀ ਅਦਾਲਤ ’ਚ ਪੇਸ਼ ਕੀਤਾ। ਇਨ੍ਹਾਂ ਦੋਹਾਂ ਵਿਅਕਤੀਆਂ ਨੇ ਬੀਤੀ ਰਾਤ ਪਿੰਡ ਬੋਦੀਵਾਲਾ ਪਿੱਥਾ ’ਚ ਸੂਰਾਂ ਨੂੰ ਮਾਰ ਦਿੱਤਾ ਸੀ ਅਤੇ ਇਨ੍ਹਾਂ ਦਾ ਮਾਸ ਵੇਚਣ ਆਏ ਸਨ। ਦੱਸਿਆ ਜਾਂਦਾ ਹੈ ਕਿ ਇਹ ਲੋਕ ਪਿੰਡ ਸਜਰਾਣਾ ’ਚ 250 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਇਹ ਮਾਸ ਵੇਚ ਰਹੇ ਸਨ।

ਜਾਣਕਾਰੀ ਅਨੁਸਾਰ ਵਿਭਾਗ ਦੇ ਰੇਂਜ ਅਫਸਰ ਮੰਗਤਰਾਮ ਨੂੰ ਗੁਪਤ ਸੂਚਨਾ ਮਿਲਣ ’ਤੇ ਉਨ੍ਹਾਂ ਦੀ ਟੀਮ ਦੇ ਬਲਾਕ ਅਫ਼ਸਰ ਕੁਲਵੰਤ ਸਿੰਘ ਤੇ ਮਨਜੀਤ ਸਿੰਘ, ਬੀਟ ਇੰਚਾਰਜ ਗਗਨਦੀਪ, ਖੁਸ਼ਵੰਤ ਸਿੰਘ, ਬੇਲਦਾਰ ਮਹਿਲ ਸਿੰਘ, ਦੀਵਾਨ ਚੰਦ, ਛੋਟੂ ਰਾਮ ਅਤੇ ਰਜਿੰਦਰ ਮੌਕੇ ’ਤੇ ਪੁੱਜੇ ਅਤੇ ਦੇਖਿਆ ਕਿ ਪਿੰਡ ਸਜਰਾਣਾ ਦੇ ਬੱਸ ਸਟੈਂਡ ’ਤੇ ਦੋ ਵਿਅਕਤੀ ਸੂਰ ਦਾ ਮਾਸ ਵੇਚ ਰਹੇ ਸਨ, ਜਿਨ੍ਹਾਂ ਦੀ ਪਛਾਣ ਪਾਲਾ ਰਾਮ ਪੁੱਤਰ ਬਸਨਾ ਅਤੇ ਮੰਗਤ ਪੁੱਤਰ ਸਤਨਾਮ ਵਜੋਂ ਹੋਈ ਹੈ।

ਟੀਮ ਨੇ ਉਨ੍ਹਾਂ ਦੇ ਕਬਜ਼ੇ ’ਚੋਂ ਕਰੀਬ 42 ਕਿੱਲੋ 800 ਗ੍ਰਾਮ ਸੂਰ ਦਾ ਮਾਸ ਬਰਾਮਦ ਕੀਤਾ। ਦੋਹਾਂ ਨੇ ਵਿਭਾਗੀ ਟੀਮ ਦੇ ਸਾਹਮਣੇ ਕਬੂਲ ਕੀਤਾ ਕਿ ਬੀਤੀ ਰਾਤ ਉਨ੍ਹਾਂ ਨੇ ਬੋਦੀਵਾਲਾ ਪਿੱਥਾ ’ਚ 2 ਸੂਰਾਂ ਨੂੰ ਕਰੰਟ ਵਾਲੀ ਤਾਰ ’ਚ ਕਰੰਟ ਛੱਡ ਕੇ ਮਾਰ ਦਿੱਤਾ। ਉਹ ਸ਼ਿਕਾਰ ਕਰਨ ਦੇ ਆਦੀ ਹਨ। ਮੰਗਤ ਰਾਮ ਨੇ ਦੱਸਿਆ ਕਿ ਫੜ੍ਹੇ ਗਏ ਵਿਅਕਤੀਆਂ ਕੋਲੋਂ ਮੀਟ ਤੋਂ ਇਲਾਵਾ ਤੱਕੜੀ, ਬੱਟੇ, ਕਾਪਾ ਵੀ ਬਰਾਮਦ ਕੀਤੇ ਗਏ ਹਨ ਅਤੇ ਇਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਉਨ੍ਹਾਂ ਨੂੰ ਅਦਾਲਤ ’ਚ ਪੇਸ਼ ਕੀਤਾ ਜਾ ਰਿਹਾ ਹੈ।


Babita

Content Editor

Related News