26 ਮਾਰਚ ਨੂੰ ਹਜ਼ਾਰਾਂ ਆਂਣਗਣਵਾੜੀ ਵਰਕਰਾਂ ਕਰਨਗੀਆਂ ਪੰਜਾਬ ਵਿਧਾਨ ਸਭਾ ਦਾ ਘਿਰਾਓ

03/22/2018 10:50:50 AM

ਨੂਰਮਹਿਲ (ਸ਼ਰਮਾ)— ਸੂਬੇ ਭਰ ਤੋਂ 54 ਹਜ਼ਾਰ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਆਪਣੇ ਮਸਲਿਆਂ ਸਬੰਧੀ ਪੰਜਾਬ ਸਰਕਾਰ ਨਾਲ ਆਰ-ਪਾਰ ਦੀ ਲੜਾਈ ਲੜ ਰਹੀ ਮੁਲਾਜ਼ਮ ਜਥੇਬੰਦੀ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੇ ਸੱਦੇ 'ਤੇ 26 ਮਾਰਚ ਸੋਮਵਾਰ ਨੂੰ ਪੰਜਾਬ ਵਿਧਾਨ ਸਭਾ ਦਾ ਘਿਰਾਓ ਕਰਨਗੀਆਂ ਅਤੇ ਸੂਬੇ ਭਰ 'ਚੋਂ ਹਜ਼ਾਰਾਂ ਵਰਕਰਾਂ ਅਤੇ ਹੈਲਪਰਾਂ ਹੱਥਾਂ 'ਚ ਕਾਲੇ ਝੰਡੇ ਫੜ ਕੇ ਅਤੇ ਸਿਰਾਂ 'ਤੇ ਕਾਲੀਆਂ ਚੁੰਨੀਆਂ ਲੈ ਕੇ ਪੁੱਜਣਗੀਆਂ। ਬਲਾਕ ਪ੍ਰਧਾਨ ਰਣਜੀਤ ਕੌਰ ਨੂਰਮਹਿਲ ਨੇ ਕਿਹਾ ਕਿ ਪਿਛਲੇ ਦੋ-ਢਾਈ ਮਹੀਨਿਆਂ ਤੋਂ ਵਰਕਰਾਂ ਅਤੇ ਹੈਲਪਰਾਂ ਯੂਨੀਅਨ ਦੀ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੀ ਅਗਵਾਈ ਹੇਠ ਸੰਘਰਸ਼ ਕਰ ਰਹੀਆਂ ਹਨ ਪਰ ਅਫਸੋਸ ਕਿ ਸਰਕਾਰ ਦੇ ਕੰਨਾਂ 'ਤੇ ਜੂੰ ਵੀ ਨਹੀਂ ਸਰਕੀ। ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਵਰਕਰਾਂ-ਹੈਲਪਰਾਂ ਨੂੰ ਹਰਿਆਣਾ ਪੈਟਰਨ 'ਤੇ ਮਾਣ ਭੱਤਾ ਦੇਵੇ, ਆਂਗਣਵਾੜੀ ਸੈਂਟਰਾਂ ਤੋਂ ਜਿਨ੍ਹਾਂ ਬੱਚਿਆਂ ਨੂੰ ਸਰਕਾਰੀ ਪ੍ਰਾਇਮਰੀ ਸਕੂਲਾਂ ਅੰਦਰ ਪ੍ਰੀ ਨਰਸਰੀ ਜਮਾਤਾਂ ਵਿਚ ਦਾਖਲ ਕੀਤਾ ਹੈ, ਉਹ ਬੱਚੇ ਸੈਂਟਰਾਂ 'ਚ ਭੇਜੇ ਜਾਣ। 
ਕੇਂਦਰਾਂ ਦਾ ਪਿਛਲੇ 15 ਮਹੀਨਿਆਂ ਤੋਂ ਰੋਕਿਆ ਹੋਇਆ ਕਿਰਾਇਆ ਰਿਲੀਜ਼ ਕੀਤਾ ਅਤੇ ਸੈਂਟਰਾਂ 'ਚ ਬੱਚਿਆਂ ਲਈ ਰਾਸ਼ਨ ਭੇਜਿਆ ਜਾਵੇ। ਵਰਕਰਾਂ-ਹੈਲਪਰਾਂ ਨੂੰ ਵਰਦੀਆਂ ਅਤੇ ਸਟੇਸ਼ਨਰੀ ਦੇ ਸਾਮਾਨ ਲਈ ਪੈਸੇ ਦਿੱਤੇ ਜਾਣ। ਬਕਾਇਆ ਪਿਆ ਮਾਣ ਭੱਤਾ ਦਿੱਤਾ ਜਾਵੇ ਅਤੇ ਐੱਨ. ਜੀ. ਓ. ਅਧੀਨ ਚਲਦੇ ਬਲਾਕਾਂ ਨੂੰ ਵਾਪਸ ਵਿਭਾਗ ਅਧੀਨ ਲਿਆਂਦਾ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।


Related News