ਪੰਜਾਬ ਦੀਆਂ ਖ਼ਾਲੀ ਹੋਈਆਂ 4 ਸੀਟਾਂ ''ਤੇ ਅਗਲੇ 2 ਮਹੀਨਿਆਂ ''ਚ ਹੋਣਗੀਆਂ ਜ਼ਿਮਨੀ ਚੋਣਾਂ

06/16/2024 7:03:08 PM

ਜਲੰਧਰ (ਧਵਨ)- ਕੇਂਦਰੀ ਚੋਣ ਕਮਿਸ਼ਨ ਪੰਜਾਬ ’ਚ ਖ਼ਾਲੀ ਹੋਈਆਂ 4 ਹੋਰ ਵਿਧਾਨ ਸਭਾ ਸੀਟਾਂ ’ਤੇ ਜ਼ਿਮਨੀ ਚੋਣਾਂ ਅਗਲੇ 2 ਮਹੀਨਿਆਂ ’ਚ ਕਰਵਾ ਸਕਦਾ ਹੈ। ਜਲੰਧਰ ਵੈਸਟ ਵਿਧਾਨ ਸਭਾ ਸੀਟ ਦੀ ਜ਼ਿਮਨੀ ਚੋਣ ਤਾਂ 10 ਜੁਲਾਈ ਨੂੰ ਚੋਣ ਕਮਿਸ਼ਨ ਕਰਵਾਉਣ ਜਾ ਰਿਹਾ ਹੈ। ਇਹ ਸੀਟ ਸ਼ੀਤਲ ਅੰਗੁਰਾਲ ਵੱਲੋਂ ਵਿਧਾਇਕ ਅਹੁਦੇ ਤੋਂ ਦਿੱਤੇ ਗਏ ਅਸਤੀਫ਼ੇ ਤੋਂ ਬਾਅਦ ਖ਼ਾਲੀ ਹੋਈ ਸੀ। ਪੰਜਾਬ ’ਚ ਚੁਣੇ ਹੋਏ ਸੰਸਦ ਮੈਂਬਰਾਂ ਨੇ ਵੀ ਹੁਣ ਆਪਣੇ ਵਿਧਾਇਕ ਅਹੁਦੇ ਤੋਂ ਅਸਤੀਫ਼ੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੂੰ ਸੌਂਪ ਦਿੱਤੇ ਹਨ ਅਤੇ ਵਿਧਾਨ ਸਭਾ ਸਪੀਕਰ ਵੱਲੋਂ ਇਸ ਸਬੰਧ ’ਚ ਸਬੰਧਤ ਵਿਧਾਨ ਸਭਾ ਸੀਟਾਂ ਨੂੰ ਖਾਲੀ ਐਲਾਨਣ ਦਾ ਨੋਟੀਫਿਕੇਸ਼ਨ ਜਲਦੀ ਜਾਰੀ ਕਰ ਦਿੱਤਾ ਜਾਵੇਗਾ। ਉਸ ਤੋਂ ਬਾਅਦ ਵਿਧਾਨ ਸਭਾ ਸਪੀਕਰ ਵੱਲੋਂ ਕੇਂਦਰੀ ਚੋਣ ਕਮਿਸ਼ਨ ਨੂੰ ਇਸ ਦੀ ਸੂਚਨਾ ਵੀ ਦਿੱਤੀ ਜਾਵੇਗੀ।

ਪੰਜਾਬ ’ਚ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਸੰਗਰੂਰ ਲੋਕ ਸਭਾ ਸੀਟ ਤੋਂ ਜਿੱਤੇ ਹਨ। ਇਸ ਕਾਰਨ ਬਰਨਾਲਾ ਵਿਧਾਨ ਸਭਾ ਸੀਟ ਵੀ ਖਾਲੀ ਹੋਣ ਜਾ ਰਹੀ ਹੈ। ਇਸੇ ਤਰ੍ਹਾਂ ‘ਆਪ’ ਸੰਸਦ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਵੀ ਸੰਸਦ ਮੈਂਬਰ ਚੁਣੇ ਜਾਣ ਪਿੱਛੋਂ ਚੱਬੇਵਾਲ ਵਿਧਾਨ ਸਭਾ ਸੀਟ ਤੋਂ ਅਸਤੀਫ਼ਾ ਵਿਧਾਨ ਸਭਾ ਸਪੀਕਰ ਨੂੰ ਸੌਂਪ ਚੁੱਕੇ ਹਨ। ਗੁਰਦਾਸਪੁਰ ਤੋਂ ਕਾਂਗਰਸ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਦੀ ਡੇਰਾ ਬਾਬਾ ਨਾਨਕ ਵਿਧਾਨ ਸਭਾ ਸੀਟ ਵੀ ਖ਼ਾਲੀ ਹੋਣ ਜਾ ਰਹੀ ਹੈ। ਉਨ੍ਹਾਂ ਨੇ ਵੀ ਬੀਤੇ ਦਿਨੀਂ ਆਪਣਾ ਅਸਤੀਫ਼ਾ ਦੇ ਦਿੱਤਾ ਸੀ। ਇਸੇ ਤਰ੍ਹਾਂ ਲੁਧਿਆਣਾ ਤੋਂ ਚੁਣੇ ਗਏ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਆਪਣਾ ਅਸਤੀਫ਼ਾ ਸੌਂਪ ਚੁੱਕੇ ਹਨ ਅਤੇ ਉਨ੍ਹਾਂ ਦੀ ਗਿੱਦੜਬਾਹਾ ਸੀਟ ਵੀ ਖ਼ਾਲੀ ਹੋਣ ਜਾ ਰਹੀ ਹੈ।

ਇਹ ਵੀ ਪੜ੍ਹੋ-  3 ਮਹੀਨੇ ਪਹਿਲਾਂ ਵਿਆਹੇ ਮੁੰਡੇ ਨੇ ਕੀਤੀ ਖ਼ੁਦਕੁਸ਼ੀ,  ਸੁਸਾਈਡ ਨੋਟ 'ਚ ਪਤਨੀ ਦੇ ਆਸ਼ਿਕ ਦਾ ਨਾਂ ਲਿਖ ਕੀਤੇ ਵੱਡੇ ਖ਼ੁਲਾਸੇ

ਚੋਣ ਅਧਿਕਾਰੀਆਂ ਦਾ ਮੰਨਣਾ ਹੈ ਕਿ ਪੰਜਾਬ ਦੀਆਂ ਉਪਰੋਕਤ 4 ਸੀਟਾਂ ਦੀਆਂ ਉਪ-ਚੋਣਾਂ ਚੋਣ ਕਮਿਸ਼ਨ ਵੱਲੋਂ ਉਸ ਸਮੇਂ ਕਰਵਾਈਆਂ ਜਾਣਗੀਆਂ ਜਦੋਂ ਦੇਸ਼ ਦੇ ਹੋਰਨਾਂ ਸੂਬਿਆਂ ’ਚ ਵੀ ਕੁਝ ਸੀਟਾਂ ਦੀਆਂ ਸੰਸਦੀ ਜਾਂ ਵਿਧਾਨ ਸਭਾ ਉਪ-ਚੋਣਾਂ ਤਜਵੀਜ਼ਤ ਹੋਣਗੀਆਂ। ਆਮ ਤੌਰ ’ਤੇ ਚੋਣ ਕਮਿਸ਼ਨ ਵੱਲੋਂ ਅਜਿਹੇ ਹੀ ਕਦਮ ਚੁੱਕੇ ਜਾਂਦੇ ਹਨ। ਚੋਣ ਕਮਿਸ਼ਨ ਜਦੋਂ ਵੀ ਜ਼ਿਮਨੀ ਚੋਣਾਂ ਦਾ ਐਲਾਨ ਕਰੇਗਾ ਤਾਂ ਸਬੰਧਤ ਜਿਲਿਆਂ ’ਚ ਮੁੜ ਆਦਰਸ਼ ਚੋਣ ਜ਼ਾਬਤਾ ਲਾਗੂ ਹੋ ਜਾਵੇਗਾ। ਆਦਰਸ਼ ਚੋਣ ਜ਼ਾਬਤਾ ਲਾਗੂ ਹੁੰਦੇ ਸਾਰ ਹੀ ਇਕ ਵਾਰ ਫਿਰ ਤੋਂ ਇਨ੍ਹਾਂ ਸਬੰਧਤ ਜ਼ਿਲਿਆਂ ’ਚ ਵੀ ਚੋਣ ਸਰਗਰਮੀਆਂ ਸ਼ੁਰੂ ਹੋ ਜਾਣਗੀਆਂ ਪਰ ਅਜੇ ਇਸ ’ਚ ਕੁਝ ਸਮਾਂ ਬਾਕੀ ਹੈ। ਇਸ ਲਈ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਆਉਣ ਵਾਲੇ ਿਦਨਾਂ ’ਚ ਇਨ੍ਹਾਂ ਵਿਧਾਨ ਸਭਾ ਹਲਕਿਆਂ ’ਚ ਵਿਕਾਸ ਪ੍ਰਾਜੈਕਟਾਂ ਵੱਲ ਖਾਸ ਧਿਆਨ ਦਿੱਤਾ ਜਾਵੇਗਾ ਅਤੇ ਸੰਭਾਵਿਤ ਤੌਰ ’ਤੇ ਮੁੱਖ ਮੰਤਰੀ ਭਗਵੰਤ ਮਾਨ ਵੀ ਇਨ੍ਹਾਂ ਜ਼ਿਲਿਆਂ ’ਚ ਵਧੇਰੇ ਦੌਰੇ ਕਰਦੇ ਹੋਏ ਦਿਖਾਈ ਦੇਣਗੇ।

ਇਹ ਵੀ ਪੜ੍ਹੋ- ਪੰਜਾਬ ਦੇ ਇਨ੍ਹਾਂ ਸ਼ਹਿਰਾਂ 'ਚ ਵਧਾਈ ਗਈ ਸੁਰੱਖਿਆ, ਵਾਧੂ ਫੋਰਸ ਕੀਤੀ ਗਈ ਤਾਇਨਾਤ, ਜਾਣੋ ਕੀ ਰਿਹਾ ਕਾਰਨ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 


shivani attri

Content Editor

Related News