ਜੋ ਸੀਟ ਛੱਡਣੀ ਹੈ ਉਸ ਦੀ ਜਾਣਕਾਰੀ ਬਹੁਤ ਜਲਦੀ ਵਿਧਾਨ ਸਭਾ ''ਚ ਦੇਣਗੇ: ਅਖਿਲੇਸ਼
Tuesday, Jun 11, 2024 - 05:03 PM (IST)
ਲਖਨਊ- ਸਮਾਜਵਾਦੀ ਪਾਰਟੀ (ਸਪਾ) ਪ੍ਰਧਾਨ ਅਤੇ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਬਹੁਤ ਜਲਦੀ ਵਿਧਾਨ ਸਭਾ ਵਿਚ ਜਾਣਕਾਰੀ ਦੇਣਗੇ ਕਿ ਲੋਕ ਸਭਾ ਸੀਟ ਅਤੇ ਵਿਧਾਨ ਸਭਾ ਸੀਟ 'ਚੋਂ ਉਹ ਕਿਹੜੀ ਸੀਟ ਆਪਣੇ ਕੋਲ ਰੱਖਣਗੇ। ਸਪਾ ਮੁਖੀ ਯਾਦਵ ਮੰਗਲਵਾਰ ਨੂੰ ਇਟਾਵਾ ਜ਼ਿਲ੍ਹੇ ਦੇ ਆਪਣੇ ਜੱਦੀ ਪਿੰਡ ਸੈਫਈ 'ਚ ਪੱਤਰਕਾਰਾਂ ਨਾਲ ਮੁਖਾਤਿਬ ਸਨ। ਪੱਤਰਕਾਰਾਂ ਨੇ ਜਦੋਂ ਉਨ੍ਹਾਂ ਤੋਂ ਪੁੱਛਿਆ ਕਿ ਲੋਕ ਸਭਾ ਅਤੇ ਵਿਧਾਨ ਸਭਾ ਸੀਟਾਂ ਵਿਚੋਂ ਕਿਹੜੀ ਸੀਟ ਉਹ ਆਪਣੇ ਕੋਲ ਰੱਖਣਗੇ, ਤਾਂ ਉਨ੍ਹਾਂ ਨੇ ਕਿਹਾ ਕਿ ਕਰਹਲ ਅਤੇ ਮੈਨਪੁਰੀ ਦੇ ਵਰਕਰਾਂ ਨੂੰ ਮੈਂ ਦੱਸਿਆ ਕਿ ਮੈਂ ਦੋ ਥਾਵਾਂ ਤੋਂ ਚੋਣਾਂ ਤਾਂ ਜਿੱਤ ਗਿਆ ਹਾਂ ਪਰ ਇਕ ਸੀਟ ਛੱਡਣੀ ਪਵੇਗੀ। ਬਹੁਤ ਜਲਦੀ ਵਿਧਾਨ ਸਭਾ 'ਚ ਇਸ ਦੀ ਜਾਣਕਾਰੀ ਦਿੱਤੀ ਜਾਵੇਗੀ।
ਦੱਸ ਦੇਈਏ ਕਿ ਸਪਾ ਮੁਖੀ ਯਾਦਵ ਹਾਲ ਹੀ ਵਿਚ ਲੋਕ ਸਭਾ ਚੋਣਾਂ ਵਿਚ ਕੰਨੌਜ ਸੰਸਦੀ ਸੀਟ ਤੋਂ ਚੋਣਾਂ ਜਿੱਤੇ ਹਨ, ਜਦਕਿ 2022 ਦੀਆਂ ਵਿਧਾਨ ਸਭਾ ਚੋਣਾਂ 'ਚ ਉਹ ਮੈਨਪੁਰੀ ਜ਼ਿਲ੍ਹੇ ਦੇ ਕਰਹਲ ਵਿਧਾਨ ਸਭਾ ਖੇਤਰ ਤੋਂ ਚੋਣਾਂ ਜਿੱਤੇ ਸਨ। ਵਿਧਾਨ ਸਭਾ 'ਚ ਉਨ੍ਹਾਂ ਕੋਲ ਵਿਰੋਧੀ ਧਿਰ ਦੇ ਨੇਤਾ ਦੀ ਜ਼ਿੰਮੇਵਾਰੀ ਹੈ। ਅਜਿਹਾ ਕਿਹਾ ਜਾ ਰਿਹਾ ਹੈ ਯਾਦਵ ਵਿਧਾਨ ਸਭਾ ਦੀ ਮੈਂਬਰਸ਼ਿਪ ਛੱਡ ਕੇ ਲੋਕ ਸਭਾ ਵਿਚ ਸਪਾ ਸੰਸਦੀ ਦਲ ਦੇ ਨੇਤਾ ਬਣਗੇ। ਉੱਤਰ ਪ੍ਰਦੇਸ਼ ਦੀਆਂ 80 ਲੋਕ ਸਭਾ ਸੀਟਾਂ ਵਿਚ ਸਪਾ 37 ਸੀਟਾਂ ਜਿੱਤ ਕੇ ਲੋਕ ਸਭਾ ਵਿਚ ਤੀਜੀ ਵੱਡੀ ਪਾਰਟੀ ਬਣ ਕੇ ਉੱਭਰੀ ਹੈ। ਇਕ ਸਵਾਲ ਦੇ ਜਵਾਬ ਵਿਚ ਯਾਦਵ ਨੇ ਕਿਹਾ ਕਿ ਜਦੋਂ ਸਦਨ ਚਲੇਗਾ ਤਾਂ ਉੱਥੋਂ ਦੀ ਜਨਤਾ ਅਤੇ ਸੰਵਿਧਾਨ ਦੇ ਸਵਾਲਾਂ ਨੂੰ ਰੱਖਿਆ ਜਾਵੇਗਾ। ਜਦੋਂ ਸਮਾਜਵਾਦੀ ਪਾਰਟੀ ਦੇਸ਼ ਵਿਚ ਤੀਜੇ ਮੰਬਰ 'ਤੇ ਪਹੁੰਚੀ ਹੈ, ਤਾਂ ਸਾਡੀ ਜ਼ਿੰਮੇਵਾਰੀ ਹੋਰ ਵਧੀ ਹੈ।