ਸੈਕਟਰ-26 ਦੀ ਸਬਜ਼ੀ ਮੰਡੀ ''ਚ 2 ਘੰਟੇ ਲਈ ਵਾਹਨਾਂ ਦੀ No Entry
Wednesday, Jun 19, 2024 - 01:04 PM (IST)
ਚੰਡੀਗੜ੍ਹ (ਹਾਂਡਾ) : ਇੱਥੇ ਸੈਕਟਰ-26 ਦੀ ਸਬਜ਼ੀ ਮੰਡੀ ਹਰ ਰੋਜ਼ 2 ਘੰਟੇ ਲਈ ਬੰਦ ਰਹੇਗੀ, ਜਿੱਥੇ ਕਿਸੇ ਵੀ ਵਾਹਨ ਨੂੰ ਦਾਖ਼ਲ ਨਹੀਂ ਹੋਣ ਦਿੱਤਾ ਜਾਵੇਗਾ, ਨਾ ਹੀ ਕਿਸੇ ਕਿਸਮ ਦੀ ਖ਼ਰੀਦਦਾਰੀ ਹੋਵੇਗੀ। ਮਾਰਕੀਟ ਕਮੇਟੀ ਨੇ ਇਹ ਫ਼ੈਸਲਾ ਮੰਡੀ ਦੀ ਸਫ਼ਾਈ ’ਚ ਸੁਧਾਰ ਲਿਆਉਣ ਤੇ ਕਬਜ਼ਿਆਂ ਨੂੰ ਹਟਾਉਣ ਲਈ ਲਿਆ ਹੈ। ਕਮੇਟੀ ਦੀ ਆਮਦਨ ’ਚ ਵਾਧਾ ਕਰਨ ਦੇ ਮਕਸਦ ਨਾਲ ਸੁਪਰਵਾਈਜ਼ਰ ਦੀ ਜ਼ਿੰਮੇਵਾਰੀ ਵੀ ਤੈਅ ਕੀਤੀ ਗਈ ਹੈ।
ਭਵਿੱਖ ’ਚ ਜੇ ਮੰਡੀ ਵਿਚ ਕੋਈ ਕਬਜ਼ਾ ਪਾਇਆ ਗਿਆ ਤਾਂ ਸੁਪਰਵਾਈਜ਼ਰ ਨੂੰ ਜਵਾਬਦੇਹ ਬਣਾਇਆ ਜਾਵੇਗਾ। ਮੰਡੀ ’ਚ ਰੋਜ਼ਾਨਾ 500 ਤੋਂ ਵੱਧ ਵਾਹਨ ਖ਼ਾਸ ਤੌਰ ’ਤੇ ਸਾਮਾਨ ਲੋਡਿੰਗ ਲਈ ਆਉਂਦੇ ਹਨ, ਜੋ ਨਿਲਾਮੀ ਵਾਲੀ ਥਾਂ ’ਤੇ ਖੜ੍ਹੇ ਰਹਿੰਦੇ ਹਨ। ਇਸ ਕਾਰਨ ਸਫ਼ਾਈ ਨਹੀਂ ਹੋ ਰਹੀ ਅਤੇ ਨਾ ਹੀ ਕੂੜਾ ਚੁੱਕਣ ਵਾਲੀ ਟਰਾਲੀ ਪਹੁੰਚ ਰਹੀ ਹੈ। ਹੁਣ ਦੁਪਹਿਰ 12 ਤੋਂ 2 ਵਜੇ ਤੱਕ ਮੰਡੀ ’ਚ ਵਾਹਨਾਂ ਦੀ ਐਂਟਰੀ ਬੰਦ ਰਹੇਗੀ, ਜਿਸ ਤੋਂ ਬਾਅਦ ਸਫ਼ਾਈ ਵਿਵਸਥਾ ’ਚ ਸੁਧਾਰ ਕੀਤਾ ਜਾਵੇਗਾ।
ਮਾਰਕੀਟ ਕਮੇਟੀ ਦੇ ਸਕੱਤਰ ਮਨੋਜ ਕੁਮਾਰ ਅਨੁਸਾਰ ਮੰਡੀ ’ਚ ਮਲਟੀ ਟਾਸਕ ਫੋਰਸ ਦਾ ਗਠਨ ਕੀਤਾ ਹੈ, ਜੋ ਐਂਟਰੀ ਅਤੇ ਐਗਜ਼ਿਟ ’ਤੇ ਤਾਇਨਾਤ ਰਹੇਗੀ। ਉਸ ਦਾ ਕੰਮ ਹਰ ਵਾਹਨ ਦਾ ਰਿਕਾਰਡ ਰੱਖਣਾ ਹੋਵੇਗਾ ਤਾਂ ਜੋ ਫ਼ੀਸ ਦੀ ਚੋਰੀ ਨੂੰ ਰੋਕਿਆ ਜਾ ਸਕੇ। ਇਸ ਦਾ ਰਿਕਾਰਡ ਵੀ ਰੱਖਿਆ ਜਾਵੇਗਾ ਕਿ ਆੜਤੀਆਂ ਕੋਲ ਕਿੰਨਾ ਸਟਾਕ ਆਇਆ ਤੇ ਕਿੰਨਾ ਮੰਡੀ ’ਚੋਂ ਬਾਹਰ ਗਿਆ।