ਹਿਮਾਚਲ ਦੇ 68 ਵਿਧਾਨ ਸਭਾ ਹਲਕਿਆਂ ’ਚੋਂ 61 ’ਤੇ ਭਾਜਪਾ ਨੂੰ ਮਿਲੀ ਲੀਡ

06/09/2024 9:57:58 AM

ਹਮੀਰਪੁਰ- ਹਿਮਾਚਲ ਪ੍ਰਦੇਸ਼ ’ਚ ਲੋਕ ਸਭਾ ਚੋਣਾਂ ਵਿਚ ਸਾਰੀਆਂ ਚਾਰ ਸੰਸਦੀ ਸੀਟਾਂ ਜਿੱਤਣ ਵਾਲੀ ਭਾਜਪਾ ਨੇ ਸੂਬੇ ਦੇ 68 ਵਿਧਾਨ ਸਭਾ ਹਲਕਿਆਂ ’ਚੋਂ 61 ’ਤੇ ਵੋਟਾਂ ਹਾਸਲ ਕਰ ਕੇ ਲੀਡ ਹਾਸਲ ਕੀਤੀ ਹੈ। ਇਕ ਰਿਪੋਰਟ ਅਨੁਸਾਰ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਅਤੇ ਉਨ੍ਹਾਂ ਦੇ 11 ਕੈਬਨਿਟ ਸਾਥੀਆਂ ਅਤੇ ਵਿਧਾਇਕਾਂ ਦੇ ਸਿਰਫ਼ 7 ਵਿਧਾਨ ਸਭਾ ਹਲਕਿਆਂ ਵਿਚ ਕਾਂਗਰਸ ਨੂੰ ਸਭ ਤੋਂ ਵੱਧ ਲੀਡ ਮਿਲੀ ਹੈ। ਮੰਤਰੀਆਂ ’ਚੋਂ ਸਿਰਫ਼ ਮੁਕੇਸ਼ ਅਗਨੀਹੋਤਰੀ, ਜਗਤ ਸਿੰਘ ਨੇਗੀ ਅਤੇ ਰੋਹਿਤ ਠਾਕੁਰ ਹੀ ਆਪੋ-ਆਪਣੇ ਵਿਧਾਨ ਸਭਾ ਹਲਕਿਆਂ ਹਰੋਲੀ, ਕਿਨੌਰ ਅਤੇ ਜੁਬਲ-ਕੋਟਖਾਈ ’ਚ ਕਾਂਗਰਸੀ ਉਮੀਦਵਾਰਾਂ ਲਈ ਲੀਡ ਹਾਸਲ ਕਰ ਸਕੇ। ਸੰਸਦੀ ਚੋਣਾਂ ’ਚ ਕਾਂਗਰਸ ਲਈ ਇਕੋ-ਇਕ ਰਾਹਤ ਦੀ ਗੱਲ ਇਹ ਰਹੀ ਕਿ ਇਸ ਨੇ ਆਪਣੇ ਵੋਟ ਸ਼ੇਅਰ ’ਚ 2019 ’ਚ 23.53 ਫੀਸਦੀ ਤੋਂ ਇਸ ਵਾਰ 41.67 ਫੀਸਦੀ ਤੱਕ ਤੇਜ਼ੀ ਨਾਲ ਵਾਧਾ ਦਰਜ ਕੀਤਾ।

ਜਦਕਿ ਭਾਜਪਾ ਨੂੰ ਪਿਛਲੀਆਂ ਲੋਕ ਸਭਾ ਚੋਣਾਂ ਦੇ 69.71 ਫੀਸਦੀ ਦੇ ਮੁਕਾਬਲੇ 56.44 ਫੀਸਦੀ ਵੋਟਾਂ ਮਿਲੀਆਂ ਹਨ। ਸੱਤਾਧਾਰੀ ਪਾਰਟੀ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਹਮੀਰਪੁਰ ਲੋਕ ਸਭਾ ਹਲਕੇ ਦਾ ਹਿੱਸਾ ਬਣਨ ਵਾਲੇ 17 ਵਿਧਾਨ ਸਭਾ ਹਲਕਿਆਂ ’ਚੋਂ 16 ’ਚ ਭਾਜਪਾ ਨੇ ਲੀਡ ਲਈ।ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਤੇ ਭਾਜਪਾ ਉਮੀਦਵਾਰ ਅਨੁਰਾਗ ਠਾਕੁਰ ਨੇ ਕਾਂਗਰਸ ਦੇ ਊਨਾ ਤੋਂ ਸਾਬਕਾ ਵਿਧਾਇਕ ਸਤਪਾਲ ਰਾਏਜ਼ਾਦਾ ਨੂੰ 1.82 ਲੱਖ ਵੋਟਾਂ ਦੇ ਫਰਕ ਨਾਲ ਹਰਾ ਕੇ ਲਗਾਤਾਰ ਪੰਜਵੀਂ ਵਾਰ ਹਮੀਰਪੁਰ ਸੀਟ ਜਿੱਤੀ। ਹਮੀਰਪੁਰ ਦੇ 17 ਵਿਧਾਨ ਸਭਾ ਹਲਕਿਆਂ ’ਚੋਂ ਰਾਏਜ਼ਾਦਾ ਨੂੰ ਸਿਰਫ਼ ਹਰੋਲੀ ਵਿਚ ਹੀ ਲੀਡ (1,535 ਵੋਟਾਂ) ਮਿਲੀ, ਜਿਸ ਦੀ ਨੁਮਾਇੰਦਗੀ ਉਪ ਮੁੱਖ ਮੰਤਰੀ ਅਗਨੀਹੋਤਰੀ ਕਰ ਰਹੇ ਹਨ। ਦੂਜੇ ਪਾਸੇ, ਠਾਕੁਰ ਨੇ ਮੁੱਖ ਮੰਤਰੀ ਸੁੱਖੂ ਦੇ ਚੋਣ ਹਲਕੇ ਨਾਦੌਨ ’ਚ 2,143 ਵੋਟਾਂ ਦੀ ਲੀਡ ਹਾਸਲ ਕੀਤੀ। ਨਾਦੌਨ ’ਚ ਠਾਕੁਰ ਨੂੰ 35,373 ਵੋਟਾਂ ਮਿਲੀਆਂ, ਜਦਕਿ ਰਾਏਜ਼ਾਦਾ ਨੂੰ 33,230 ਵੋਟਾਂ ਮਿਲੀਆਂ। ਇਸੇ ਤਰ੍ਹਾਂ ਕਾਂਗਰਸ ਵਿਧਾਇਕ ਸੁਰੇਸ਼ ਦੀ ਅਗਵਾਈ ਵਾਲੇ ਭੋਰੰਜ ’ਚ ਠਾਕੁਰ ਨੇ 15,260 ਵੋਟਾਂ ਦੀ ਲੀਡ ਹਾਸਲ ਕੀਤੀ। ਰਾਏਜ਼ਾਦਾ ਦੀਆਂ 20,570 ਵੋਟਾਂ ਦੇ ਮੁਕਾਬਲੇ ਉਨ੍ਹਾਂ ਨੂੰ 35,830 ਵੋਟਾਂ ਮਿਲੀਆਂ। ਘੁਮਾਰਵੀਂ ’ਚ ਠਾਕੁਰ ਨੇ 13,753 ਵੋਟਾਂ ਦੀ ਲੀਡ ਹਾਸਲ ਕੀਤੀ। ਕਾਂਗਰਸ ਜਿਸ ਨੇ ਉਪ-ਚੋਣਾਂ ਵਾਲੀਆਂ 6 ਵਿਧਾਨ ਸਭਾ ਸੀਟਾਂ ’ਚੋਂ ਚਾਰ ਜਿੱਤੀਆਂ, 68 ਵਿਧਾਨ ਸਭਾ ਹਲਕਿਆਂ ’ਚੋਂ ਸਿਰਫ਼ ਸੱਤ ਵਿਚ ਹੀ ਅੱਗੇ ਸੀ। ਪਾਰਟੀ ਦਸੰਬਰ 2022 ਵਿਚ 40 ਸੀਟਾਂ ਜਿੱਤ ਕੇ ਸੱਤਾ ਵਿਚ ਆਈ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News