ਇਸ ਸਾਲ ਦੇ ਅੰਤ ਤੱਕ ਪੰਜਾਬ ਵਿਧਾਨ ਸਭਾ ’ਚ 'ਆਪ' ਦੇ 95 ਵਿਧਾਇਕ ਹੋਣਗੇ : ਭਗਵੰਤ ਮਾਨ

Monday, Jun 24, 2024 - 11:09 AM (IST)

ਜਲੰਧਰ/ਚੰਡੀਗੜ੍ਹ (ਧਵਨ, ਮਨਜੋਤ)-ਆਮ ਆਦਮੀ ਪਾਰਟੀ ਨੇ ਇਕ ਵਾਰ ਫਿਰ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਤੋਂ ਜਿੱਤਣ ਲਈ ਕਮਰ ਕੱਸ ਲਈ ਹੈ। ਐਤਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਜ਼ਿਮਨੀ ਚੋਣ ਪ੍ਰਚਾਰ ਦੀ ਕਮਾਨ ਸੰਭਾਲੀ ਅਤੇ ਜਲੰਧਰ ਪੱਛਮੀ ਦੇ ਆਗੂਆਂ ਅਤੇ ਪਾਰਟੀ ਦੇ ਅਹੁਦੇਦਾਰਾਂ ਨਾਲ ਮੀਟਿੰਗ ਕੀਤੀ, ਜਿੱਥੇ ਉਨ੍ਹਾਂ ਨੇ 'ਆਪ' ਆਗੂਆਂ ਨਾਲ ਜਿੱਤ ਦਾ ਮੰਤਰ ਸਾਂਝਾ ਕੀਤਾ।

'ਆਪ' ਪੰਜਾਬ ਪ੍ਰਧਾਨ ਨੇ ਆਗੂਆਂ ਨੂੰ ਇਸ ਜ਼ਿਮਨੀ ਚੋਣ ਲਈ ਘਰ-ਘਰ ਜਾ ਕੇ ਪ੍ਰਚਾਰ ਕਰਨ ਲਈ ਕਿਹਾ ਅਤੇ ਲੋਕਾਂ ਨੂੰ 'ਆਪ' ਸਰਕਾਰ ਦੀਆਂ ਦੋ ਸਾਲਾਂ ਦੀਆਂ ਪ੍ਰਾਪਤੀਆਂ ਤੋਂ ਜਾਣੂੰ ਕਰਵਾਉਣ ਦੀ ਸਲਾਹ ਦਿੱਤੀ। ਮਾਨ ਨੇ ਕਿਹਾ ਕਿ ਜਲੰਧਰ ਪੱਛਮੀ ਦੇ ਲੋਕ ਸਾਡੇ ਨਾਲ ਹਨ। ਉਹ 'ਆਪ' ਸਰਕਾਰ ਦੇ ਕੰਮਾਂ ਤੋਂ ਖੁਸ਼ ਹਨ ਪਰ ਸਾਨੂੰ (ਆਪ) ਅਤੇ ਇੱਥੋਂ ਦੇ ਲੋਕਾਂ ਨੂੰ ਉਸ ਵਿਅਕਤੀ ਨੇ ਧੋਖਾ ਦਿੱਤਾ ਹੈ, ਜੋ ਲੋਕ ਫਤਵੇ ਦੀ ਅਣਦੇਖੀ ਕਰਕੇ ਪੰਜਾਬ ਵਿਰੋਧੀ ਪਾਰਟੀ ’ਚ ਸ਼ਾਮਲ ਹੋ ਗਿਆ। ਮਾਨ ਨੇ ਅੱਗੇ ਕਿਹਾ ਕਿ ਮੋਹਿੰਦਰ ਭਗਤ ਅਤੇ ਉਨ੍ਹਾਂ ਦੇ ਪਰਿਵਾਰ ਦਾ ਜਲੰਧਰ ਵਿਚ ਸਾਫ਼ ਅਕਸ ਹੈ। ਉਹ ਅਤੇ ਉਨਾਂ ਦਾ ਪਰਿਵਾਰ ਪਿਛਲੇ ਕਈ ਸਾਲਾਂ ਤੋਂ ਜਲੰਧਰ ਦੇ ਲੋਕਾਂ ਲਈ ਕੰਮ ਕਰ ਰਹੇ ਹਨ। ਮਾਨ ਨੇ ਇਸ ਮੁਹਿੰਮ ਦੌਰਾਨ ਸਭ ਨੂੰ ਮੋਹਿੰਦਰ ਭਗਤ ਦੀ ਅਗਵਾਈ ਹੇਠ ਚੱਲਣ ਲਈ ਕਿਹਾ। ਸੀ. ਐੱਮ. ਮਾਨ ਇਸ ਵਿਧਾਨ ਸਭਾ ਹਲਕੇ ਦੀ ਸਮੁੱਚੀ ਮੁਹਿੰਮ ਦੀ ਨਿਗਰਾਨੀ ਅਤੇ ਮਾਰਗਦਰਸ਼ਨ ਕਰਨਗੇ।

ਇਹ ਵੀ ਪੜ੍ਹੋ- CM ਮਾਨ ਦੀ ਜਲੰਧਰ 'ਚ ਅਹਿਮ ਮੀਟਿੰਗ, ਕਿਹਾ-ਪਾਰਟੀ 'ਚ ਕੋਈ ਮਤਭੇਦ ਨਹੀਂ, ਜਨਤਾ ਅਫ਼ਵਾਹਾਂ ਤੋਂ ਬਚੇ

PunjabKesari

ਇਸ ਦੌਰਾਨ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਜਾਂ ਵਰਕਰਾਂ ਵਿਚਾਲੇ ਕੋਈ ਮਤਭੇਦ ਨਹੀਂ ਹੈ। ਅਜਿਹੀਆਂ ਕਈ ਅਫ਼ਵਾਹਾਂ ਆਲੇ-ਦੁਆਲੇ ਘੁੰਮ ਰਹੀਆਂ ਹਨ ਪਰ ਉਹ ਬੇਬੁਨਿਆਦ ਅਤੇ ਫਰਜ਼ੀ ਹਨ। ਮਾਨ ਨੇ ਵਿਰੋਧੀ ਧਿਰ ਦੇ ਆਗੂਆਂ ਨੂੰ ਚਿੰਤਾ ਨਾ ਕਰਨ ਲਈ ਕਿਹਾ ਅਤੇ ਦਾਅਵਾ ਕੀਤਾ ਕਿ ਸਾਲ ਦੇ ਅੰਤ ਤੱਕ ਪੰਜਾਬ ਵਿਧਾਨ ਸਭਾ ਵਿਚ 'ਆਪ' ਦੇ 95 ਵਿਧਾਇਕ ਹੋਣਗੇ। ਇਹ ਸੀਟ ਆਮ ਆਦਮੀ ਪਾਰਟੀ ਦੀ ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ ਦੇ ਪਾਰਟੀ ਛੱਡਣ ਕਾਰਨ ਖ਼ਾਲੀ ਹੋਈ ਹੈ। ਸ਼ੀਤਲ ਅੰਗੁਰਾਲ ਇਸ ਸਮੇਂ ਭਾਜਪਾ ਵਿਚ ਹਨ। ਇਸ ਸੀਟ ’ਤੇ ਜ਼ਿਮਨੀ ਚੋਣ ਲਈ ਵੋਟਿੰਗ 10 ਜੁਲਾਈ ਨੂੰ ਹੋਣੀ ਹੈ। ‘ਆਪ’ਦਾ ਟੀਚਾ ਇਸ ਸੀਟ ’ਤੇ ਮੁੜ ਜਿੱਤ ਹਾਸਲ ਕਰਨ ਦਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ 'ਆਪ' ਆਗੂਆਂ ਨੂੰ ਜ਼ਮੀਨੀ ਪੱਧਰ ’ਤੇ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ‘ਆਪ’ਵਰਕਰ ਸਭ ਤੋਂ ਵੱਧ ਮਿਹਨਤੀ ਵਲੰਟੀਅਰ ਹਨ ਅਤੇ ਪਾਰਟੀ ਨੂੰ ਉਨ੍ਹਾਂ ’ਤੇ ਪੂਰਾ ਭਰੋਸਾ ਹੈ। ਮਾਨ ਨੇ ਸਾਰਿਆਂ ਨੂੰ ਪੰਜਾਬ ਦੇ ਲੋਕਾਂ ਦੀ ਭਲਾਈ ਲਈ ਕੰਮ ਕਰਨ ਦੀ ਅਪੀਲ ਕੀਤੀ।

ਇਹ ਵੀ ਪੜ੍ਹੋ- ਫਿਰੋਜ਼ਪੁਰ ਤੋਂ ਵੱਡੀ ਖ਼ਬਰ, ਕਾਂਗਰਸੀ ਆਗੂ ਦਾ ਗੋਲ਼ੀਆਂ ਮਾਰ ਕੇ ਕਤਲ

ਮੁੱਖ ਮੰਤਰੀ ਨੇ ਕਿਹਾ ਕਿ 'ਆਪ' ਸਰਕਾਰ ਨੂੰ ਲੋਕਾਂ ਦਾ ਪੂਰਾ ਸਮਰਥਨ ਹੈ ਅਤੇ ਅਸੀਂ ਪੰਜਾਬ ਨੂੰ ਫਿਰ ਤੋਂ ਰੰਗਲਾ ਬਣਾਉਣ ਲਈ ਕੰਮ ਕਰ ਰਹੇ ਹਾਂ। ਮਾਨ ਨੇ ਕਿਹਾ ਕਿ ਅਸੀਂ ਜਲੰਧਰ ਪੱਛਮੀ ਸੀਟ ਵੱਡੇ ਫਰਕ ਨਾਲ ਜਿੱਤ ਕੇ ਜਲੰਧਰ ਦੇ ਲੋਕਾਂ ਦੀ ਸੇਵਾ ਕਰਾਂਗੇ। ਮੀਟਿੰਗ ਵਿਚ 'ਆਪ' ਉਮੀਦਵਾਰ ਮੋਹਿੰਦਰ ਭਗਤ, ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ, ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ, ਕੈਬਨਿਟ ਮੰਤਰੀ ਹਰਭਜਨ ਸਿੰਘ ਈ. ਟੀ. ਓ., ਲਾਲ ਚੰਦ ਕਟਾਰੂਚੱਕ, ਬਲਕਾਰ ਸਿੰਘ, ਚੇਤਨ ਸਿੰਘ ਜੌੜਾਮਾਜਰਾ, ਕੁਲਦੀਪ ਸਿੰਘ ਧਾਲੀਵਾਲ, ਡਾ. ਬਲਜੀਤ ਕੌਰ, 'ਆਪ' ਪੰਜਾਬ ਦੇ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਸਮੇਤ ਪਾਰਟੀ ਦੇ ਸੀਨੀਅਰ ਆਗੂ ਮੌਜੂਦ ਸਨ।

ਇਹ ਵੀ ਪੜ੍ਹੋ- ਹੁਸ਼ਿਆਰਪੁਰ 'ਚ ਦਿਨ-ਦਿਹਾੜੇ ਵੱਡੀ ਵਾਰਦਾਤ, ਸੁਨਿਆਰੇ ਦੀ ਦੁਕਾਨ 'ਚ ਲੁਟੇਰਿਆਂ ਨੇ ਮਾਰਿਆ ਡਾਕਾ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 


shivani attri

Content Editor

Related News