ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਵਿਧਾਨ ਸਭਾ ਉਪ-ਚੋਣਾਂ ਦੀ ਤਸਵੀਰ ਵੀ ਹੋਵੇਗੀ ਸਾਫ
Tuesday, Jun 04, 2024 - 12:04 AM (IST)
ਲੁਧਿਆਣਾ (ਵਿੱਕੀ) - ਲੋਕ ਸਭਾ ਚੋਣਾਂ ਦੇ ਵਿਚਕਾਰ ਆਮ ਆਦਮੀ ਪਾਰਟੀ ਤੋਂ ਬਾਗ਼ੀ ਹੋ ਕੇ ਭਾਜਪਾ ਵਿਚ ’ਚ ਸ਼ਾਮਲ ਹੋਏ ਜਲੰਧਰ ਵੈਸਟ ਦੇ ਵਿਧਾਇਕ ਸ਼ੀਤਲ ਅੰਗੁਰਾਲ ਦਾ ਅਸਤੀਫਾ ਸੋਮਵਾਰ ਨੂੰ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵਲੋਂ ਮਨਜ਼ੂਰ ਕਰ ਲਿਆ ਗਿਆ। ਜਿਸ ਤੋਂ ਬਾਅਦ ਜਿਥੇ ਇਸ ਸੀਟ ’ਤੇ ਆਉਣ ਵਾਲੇ ਦਿਨਾਂ ਵਿਚ ਉਪ-ਚੋਣ ਲਗਭਗ ਤੈਅ ਮੰਨੀ ਜਾ ਰਹੀ ਹੈ। ਉਥੇ ਮੰਗਲਵਾਰ ਨੂੰ ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਇਹ ਤਸਵੀਰ ਵੀ ਸਾਫ ਹੋ ਜਾਵੇਗੀ ਕਿ ਜਲੰਧਰ ਵੈਸਟ ਦੇ ਨਾਲ ਹੋਰ ਕਿਹੜੀਆਂ ਵਿਧਾਨ ਸਭਾ ਸੀਟਾਂ ’ਤੇ ਉਪ-ਚੋਣਾਂ ਹੋਣਗੀਆਂ ਕਿਉਂਕਿ ਲੋਕ ਸਭਾ ਚੋਣਾ ਲਈ ਕਾਂਗਰਸ ਨੇ 3 ਅਤੇ ਆਮ ਆਦਮੀ ਪਾਰਟੀ ਨੇ 5 ਮੰਤਰੀਆਂ ਸਮੇਤ 9 ਵਿਧਾਇਕਾਂ ਨੂੰ ਵੱਖ-ਵੱਖ ਹਲਕਿਆਂ ਲਈ ਟਿਕਟ ਦੇ ਕੇ ਚੋਣ ਮੈਦਾਨ ਵਿਚ ਉਤਾਰਿਆ ਸੀ।
ਅੱਜ ਨਤੀਜਿਆਂ ਤੋਂ ਬਾਅਦ ਇਹ ਵੀ ਸਾਫ ਹੋ ਜਾਵੇਗਾ ਕਿ ਪੰਜਾਬ ਵਿਧਾਨ ਸਭਾ ਤੋਂ ਦੇਸ਼ ਦੀ ਸੰਸਦ ਤੱਕ ਪੁੱਜਣ ਦੀ ਇੱਛਾ ਨਾਲ ਚੋਣ ਲੜਨ ਵਾਲੇ ਉਕਤ ਦੋਵੇਂ ਪਾਰਟੀਆਂ ਦੇ 12 ’ਚੋਂ ਕਿੰਨੇ ਵਿਧਾਇਕ ਪ੍ਰਮੋਟ ਹੋ ਕੇ ਮੈਂਬਰ ਪਾਰਲੀਮੈਂਟ ਬਣ ਰਹੇ ਹਨ। ਇਨਾਂ ਵਿਚੋਂ ਲੋਕ ਸਭਾ ਚੋਣ ਜਿੱਤਣ ਵਾਲੇ ਵਿਧਾਇਕਾਂ ਦੀਆਂ ਸੀਟਾਂ ’ਤੇ ਮੁੜ ਉਪ-ਚੋਣ ਹੋਵੇਗੀ ਅਤੇ ਹਲਕੇ ਦੀ ਜਨਤਾ ਫਿਰ ਤੋਂ ਆਪਣਾ ਵਿਧਾਇਕ ਚੁਣੇਗੀ।
ਦੱਸ ਦੇਈਏ ਕਿ ਆਮ ਆਦਮੀ ਪਾਰਟੀ ਨੇ ਜਿਨ੍ਹਾਂ ਮੰਤਰੀਆਂ ਨੂੰ ਲੋਕ ਸਭਾ ਚੋਣ ਲਈ ਟਿਕਟ ਦਿੱਤ ਸੀ, ਉਨਾਂ ਵਿਚ ਅੰਮ੍ਰਿਤਸਰ ਤੋਂ ਕੁਲਦੀਪ ਸਿੰਘ ਧਾਲੀਵਾਲ, ਖਡੂਰ ਸਾਹਿਬ ਤੋਂ ਲਾਲਜੀਤ ਸਿੰਘ ਭੁੱਲਰ, ਸੰਗਰੂਰ ਤੋਂ ਗੁਰਮੀਤ ਸਿੰਘ ਮੀਤ ਹੇਅਰ, ਪਟਿਆਲਾ ਤੋਂ ਡਾ. ਬਲਵੀਰ ਸਿੰਘ ਅਤੇ ਬਠਿੰਡਾ ਤੋਂ ਗੁਰਮੀਤ ਸਿੰਘ ਖੁੱਡੀਆਂ ਸ਼ਾਮਲ ਹਨ। ਇਨਾਂ ਤੋਂ ਇਲਾਵਾ ਹੁਸ਼ਿਆਰਪੁਰ ਵਿਚ ਕਾਂਗਰਸ ਦੀ ਸੀਟ ਤੋਂ ਵਿਧਾਇਕ ਬਣੇ ਰਾਜ ਕੁਮਾਰ ਚੱਬੇਵਾਲ ਕਾਂਗਰਸ ਤੋਂ ਅਸਤੀਫਾ ਦੇ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਏ ਅਤੇ ਸੰਸਦ ਬਣਨ ਦੀ ਦੌੜ ਵਿਚ ਹਨ।
ਉਥੇ ਹੀ ‘ਆਪ’ ਦੇ ਬਟਾਲਾ ਤੋਂ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੂੰ ਗੁਰਦਾਸਪੁਰ, ਲੁਧਿਆਣਾ ਸੈਂਟਰਲ ਤੋਂ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਨੂੰ ਲੁਧਿਆਣਾ, ਮੁਕਤਸਰ ਦੇ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੂੰ ਫਿਰੋਜ਼ਪੁਰ ਤੋਂ ਟਿਕਟ ਦਿੱਤੀ ਗਈ। ਉਥੇ ਹੀ ਕਾਂਗਰਸ ਵਲੋਂ ਸੂਬਾ ਪ੍ਰਧਾਨ ਅਤੇ ਗਿੱਦੜਬਾਹਾ ਤੋਂ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਲੁਧਿਆਣਾ, ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਸੰਗਰੂਰ, ਡੇਰਾ ਬਾਬਾ ਨਾਨਕ ਤੋਂ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਨੂੰ ਗੁਰਦਾਸਪੁਰ ਤੋਂ ਲੋਕ ਸਭਾ ਚੋਣਾਂ ਲਈ ਮੈਦਾਨ ਵਿਚ ਉਤਾਰਿਆ ਗਿਆ ਹੈ। ਹੁਣ ਸਾਰੀਆਂ ਨਜ਼ਰਾਂ ਅੱਜ ਆਉਣ ਵਾਲੇ ਨਤੀਜਿਆਂ ’ਤੇ ਟਿਕੀਆਂ ਹੋਈਆਂ ਹਨ ਕਿ ਉਕਤ 12 ਵਿਚੋਂ ਕਿੰਨੇ ਵਿਧਾਇਕ ਅਤੇ ਮੰਤਰੀ ਜਿੱਤਦੇ ਹਨ, ਜਿਸ ਤੋਂ ਬਾਅਦ ਆਉਣ ਵਾਲੇ ਦਿਨਾਂ ਵਿਚ ਪੰਜਾਬ ਵਿਚ ਉਪ-ਚੋਣਾਂ ਦੀ ਸਥਿਤੀ ਸਪੱਸ਼ਟ ਹੋਵੇਗੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e