ਅਖਿਲੇਸ਼ ਯਾਦਵ ਨੇ ਕੰਨੌਜ ਤੋਂ ਸੰਸਦ ਮੈਂਬਰ ਬਣਨ ਤੋਂ ਬਾਅਦ ਛੱਡੀ ਕਰਹਲ ਵਿਧਾਨ ਸਭਾ ਸੀਟ
Wednesday, Jun 12, 2024 - 06:35 PM (IST)
ਲਖਨਊ (ਭਾਸ਼ਾ)- ਸਮਾਜਵਾਦੀ ਪਾਰਟੀ (ਸਪਾ) ਮੁਖੀ ਅਖਿਲੇਸ਼ ਯਾਦਵ ਨੇ ਕੰਨੌਜ ਲੋਕ ਸਭਾ ਸੀਟ ਤੋਂ ਚੁਣੇ ਜਾਣ ਤੋਂ ਬਾਅਦ ਬੁੱਧਵਾਰ ਨੂੰ ਕਰਹਲ ਵਿਧਾਨ ਸਭਾ ਸੀਟ ਤੋਂ ਅਸਤੀਫ਼ਾ ਦੇ ਦਿੱਤਾ। ਇਕ ਅਧਿਕਾਰੀ ਨੇ ਇਸ ਦੀ ਜਾਣਕਾਰੀ ਦਿੱਤੀ। ਰਾਜ ਵਿਧਾਨ ਸਭਾ ਦੇ ਮੁੱਖ ਸਕੱਤਰ ਪ੍ਰਦੀਪ ਦੁਬੇ ਨੇ ਦੱਸਿਆ ਕਿ ਅਖਿਲੇਸ਼ ਨੇ ਕਰਹਲ ਵਿਧਾਨ ਸਭਾ ਸੀਟ ਤੋਂ ਅਸਤੀਫ਼ਾ ਦੇ ਦਿੱਤਾ ਹੈ। ਸਪਾ ਦੇ ਰਾਸ਼ਟਰੀ ਸਕੱਤਰ ਰਾਜੇਂਦਰ ਚੌਧਰੀ ਨੇ ਵੀ ਅਖਿਲੇਸ਼ ਦੇ ਕਰਹਲ ਸੀਟ ਛੱਡਣ ਦੀ ਪੁਸ਼ਟੀ ਕੀਤੀ ਹੈ। ਅਖਿਲੇਸ਼ ਨੇ ਕੰਨੌਜ ਤੋਂ ਸੰਸਦ ਮੈਂਬਰ ਬਣਨ ਤੋਂ ਬਾਅਦ ਕਰਹਲ ਵਿਧਾਨ ਸਭਾ ਸੀਟ ਛੱਡਣ ਦੇ ਸੰਕੇਤ ਪਹਿਲੇ ਹੀ ਦੇ ਦਿੱਤੇ ਸਨ।
ਉਨ੍ਹਾਂ ਨੇ ਮੰਗਲਵਾਰ ਨੂੰ ਇਟਾਵਾ ਚ ਕਿਹਾ ਸੀ ਕਿ ਉਹ ਇਸ ਦੀ ਜਾਣਕਾਰੀ ਵਿਧਾਨ ਸਭਾ ਦਫ਼ਤਰ ਨੂੰ ਜਲਦ ਹੀ ਦੇ ਦੇਣਗੇ। ਚੌਧਰੀ ਨੇ ਦੱਸਿਆ ਕਿ ਅਖਿਲੇਸ਼ ਦੇ ਨਾਲ-ਨਾਲ ਫੈਜ਼ਾਬਾਦ ਤੋਂ ਨਵੇਂ ਚੁਣੇ ਸੰਸਦ ਮੈਂਬਰ ਅਵਧੇਸ਼ ਪ੍ਰਸਾਦ ਨੇ ਵੀ ਅਯੁੱਧਿਆ ਦੀ ਮਿਲਕੀਪੁਰ ਵਿਧਾਨ ਸਭਾ ਸੀਟ ਤੋਂ ਅਸਤੀਫ਼ਾ ਦੇ ਦਿੱਤਾ ਹੈ। ਪ੍ਰਸਾਦ ਨੇ ਫੈਜ਼ਾਬਾਦ ਸੀਟ 'ਤੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਲੱਲੂ ਸਿੰਘ ਨੂੰ ਹਰਾਇਆ ਸੀ। ਅਖਿਲੇਸ਼ ਯਾਦਵ ਨੇ ਹਾਲ ਹੀ 'ਚ ਸੰਪੰਨ ਲੋਕ ਸਭਾ ਚੋਣਾਂ 'ਚ ਕੰਨੌਜ ਸੀਟ 'ਤੇ ਜਿੱਤ ਹਾਸਲ ਕੀਤੀ ਸੀ। ਇਸ ਤੋਂ ਪਹਿਲਾਂ ਸਾਲ 2022 'ਚ ਉਹ ਮੈਨਪੁਰੀ ਦੀ ਕਰਹਲ ਸੀਟ ਤੋਂ ਵਿਧਾਇਕ ਚੁਣੇ ਗਏ ਸਨ। ਸਪਾ ਮੁਖੀ ਰਾਜ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਸਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8