ਲੁੱਟਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ 8 ਵਿਅਕਤੀ ਚੜ੍ਹੇ ਪੁਲਸ ਅੜਿੱਕੇ

Tuesday, Aug 01, 2017 - 06:51 PM (IST)

ਜਲੰਧਰ(ਸੋਨੂੰ)— ਜਲੰਧਰ ਕਮਿਸ਼ਨਰੇਟ ਪੁਲਸ ਵੱਲੋਂ ਸੋਮਵਾਰ ਨੂੰ ਲੁੱਟਖੋਹ, ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ 8 ਲੋਕਾਂ ਨੂੰ ਕਾਬੂ ਕੀਤਾ ਗਿਆ। ਇਨ੍ਹਾਂ ਨੌਜਵਾਨਾਂ ਦੀ ਗ੍ਰਿਫਤਾਰੀ ਗਸ਼ਤ ਦੌਰਾਨ ਕੀਤੀ ਗਈ। ਡੀ. ਸੀ. ਪੀ-1 ਕੁਲੰਵਤ ਸਿੰਘ ਹੀਰ ਨੇ ਫੜੇ ਗਏ ਦੋਸ਼ੀਆਂ ਦੀ ਪਛਾਣ ਅਨੂਪ ਅਤੇ ਸਾਹਿਲ ਵਾਸੀ ਬਿਹਾਰ, ਸਚਿਨ ਵਾਸੀ ਗਾਂਧੀ ਨਗਰ, ਹਿਤੇਸ਼ ਵਾਸੀ ਮੋਦੀਆਂ ਮੁਹੱਲਾ, ਦੀਪਾਂਕਰ ਉਰਫ ਦੀਪੂ ਵਾਸੀ ਰਾਜਨਗਰ, ਗਗਨਦੀਪ ਸਿੰਘ ਵਾਸੀ ਤਰਨਤਾਰਨ, ਪ੍ਰਿੰਸ ਵਾਸੀ ਮੁਹੱਲਾ ਸੰਤ ਨਗਰ ਦੇ ਰੂਪ 'ਚ ਦੱਸੀ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਸਾਰੇ ਦੋਸ਼ੀਆਂ ਨੂੰ ਵੱਖ-ਵੱਖ ਥਾਣਿਆਂ ਦੀ ਪੁਲਸ ਨੇ ਕਾਬੂ ਕੀਤਾ ਹੈ। ਪੁਲਸ ਵੱਲੋਂ ਦੋਸ਼ੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਏ. ਡੀ. ਸੀ. ਪੀ. ਸਿਟੀ-1 ਕੁਲਵੰਤ ਸਿੰਘ ਹੀਰ ਨੇ ਦੱਸਿਆ ਕਿ ਬੀਤੇ ਦਿਨ ਮੁਹੱਲਾ ਬਾਗ ਕਰਮਬਕਸ਼ ਵਾਸੀ ਵੀਨਾ ਆਹੂਜਾ ਨੇ ਸ਼ਿਕਾਇਤ ਦਿੱਤੀ ਸੀ ਕਿ ਮੋਟਰਸਾਈਕਲ ਸਵਾਰ ਲੁਟੇਰੇ ਉਸ ਦਾ ਪਰਸ ਖੋਹ ਕੇ ਲੈ ਗਏ ਸਨ, ਜਿਸ 'ਚ ਮੋਬਾਈਲ, 3 ਹਜ਼ਾਰ ਰੁਪਏ ਅਤੇ ਹੋਰ ਸਾਮਾਨ ਸੀ। ਸੂਚਨਾ ਮਿਲਣ 'ਤੇ ਥਾਣਾ-3 ਦੇ ਇੰਸਪੈਕਟਰ ਗਗਨਦੀਪ ਸਿੰਘ ਘੁੰਮਣ ਦੀ ਅਗਵਾਈ 'ਚ ਪੁਲਸ ਟੀਮ ਨੇ ਦੋਸ਼ੀ ਹਿਤੇਸ਼ ਉਰਫ ਹਿਤੂ ਪੁੱਤਰ ਮਨੋਹਰ ਲਾਲ ਵਾਸੀ ਮੋਦੀਆਂ ਮੁਹੱਲਾ, ਜਲੰਧਰ ਅਤੇ ਦੀਪਾਂਕਰ ਉਰਫ ਦੀਪੂ ਉਰਫ ਸ਼ੇਰਾ ਪੁੱਤਰ ਜੰਗ ਬਹਾਦੁਰ ਵਾਸੀ ਰਾਜ ਨਗਰ ਨੂੰ ਗ੍ਰਿਫਤਾਰ ਕਰ ਲਿਆ। ਦੋਸ਼ੀਆਂ ਤੋਂ ਪੁਲਸ ਨੇ ਲੁੱਟ ਦਾ ਪਰਸ ਬਰਾਮਦ ਕੀਤਾ ਹੈ। ਏ. ਡੀ. ਸੀ. ਪੀ. ਹੀਰ ਨੇ ਦੱਸਿਆ ਕਿ ਬੀਤੇ ਦਿਨੀਂ ਕਪਿਲ ਦੇਵ ਵਾਸੀ ਜਗਤਪੁਰਾ ਨੇ ਸ਼ਿਕਾਇਤ ਦਿੱਤੀ ਸੀ ਕਿ ਉਸ ਦਾ ਮੋਟਰਸਾਈਕਲ ਚੋਰੀ ਹੋਇਆ ਹੈ। ਥਾਣੇ ਦੇ ਏ. ਐੱਸ. ਆਈ. ਜਗੀਰ ਸਿੰਘ ਨੇ ਜਾਂਚ ਦੌਰਾਨ ਦੋਸ਼ੀ ਸਚਿਨ ਪੁੱਤਰ ਹਰਬੰਸ ਲਾਲ ਵਾਸੀ ਨਿਊ ਗਾਂਧੀ ਨਗਰ ਨੂੰ ਗ੍ਰਿਫਤਾਰ ਕਰਕੇ ਚੋਰੀ ਦਾ ਮੋਟਰਸਾਈਕਲ ਬਰਾਮਦ ਕੀਤਾ। ਦੋਸ਼ੀਆਂ ਤੋਂ ਪੁੱਛਗਿੱਛ 'ਚ ਹੋਰ ਵੀ ਵਾਰਦਾਤਾਂ ਹੱਲ ਹੋਣ ਦੀਆਂ ਸੰਭਾਵਨਾਵਾਂ ਹਨ। 
ਕੁਲਵੰਤ ਸਿੰਘ ਹੀਰ ਨੇ ਦੱਸਿਆ ਕਿ ਥਾਣਾ ਨੰਬਰ 8 ਦੇ ਅਧੀਨ ਆਉਂਦੇ ਕੈਲਾਸ਼ ਨਗਰ ਤੋਂ ਲੋਕਾਂ ਵੱਲੋਂ ਫੜੇ ਗਏ ਪ੍ਰਵਾਸੀ ਮਜ਼ਦੂਰਾਂ ਤੋਂ ਪੁੱਛਗਿੱਛ 'ਚ ਚੋਰੀ ਦੇ ਮੋਟਰਸਾਈਕਲ ਬਰਾਮਦ ਹੋਏ ਹਨ। ਉਨ੍ਹਾਂ ਨੇ ਦੱਸਿਆ ਕਿ ਲੋਕਾਂ ਨੇ ਚੋਰੀ ਕਰਦੇ ਹੋਏ 2 ਪ੍ਰਵਾਸੀ ਮਜ਼ਦੂਰਾਂ ਦੀ ਜੰਮ ਕੇ ਕੁੱਟਮਾਰ ਕਰ ਦਿੱਤੀ ਸੀ ਅਤੇ ਪੁਲਸ ਦੇ ਹਵਾਲੇ ਕਰ ਦਿੱਤਾ। ਦੋਸ਼ੀ ਵਿਨੋਦ ਕੁਮਾਰ ਵਾਸੀ ਬਿਹਾਰ ਅਤੇ ਸਾਹਿਲ ਪਰਵੇਜ਼ ਵਾਸੀ ਯੂ. ਪੀ. ਦੋਹਾਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਅਤੇ ਸੋਮਵਾਰ ਨੂੰ ਛੁੱਟੀ ਮਿਲਣ ਤੋਂ ਬਾਅਦ ਉਨ੍ਹਾਂ ਨਾਲ ਪੁੱਛਗਿੱਛ ਕੀਤੀ ਤਾਂ ਇਨ੍ਹਾਂ ਤੋਂ ਚੋਰੀ ਦੇ 2 ਮੋਟਰਸਾਈਕਲ ਬਰਾਮਦ ਕੀਤੇ ਗਏ। 
ਥਾਣਾ ਬਸਤੀ ਬਾਵਾ ਖੇਲ 
ਏ. ਡੀ. ਸੀ. ਪੀ ਸਿਟੀ-1 ਨੇ ਦੱਸਿਆ ਕਿ ਪਿਛਲੇ ਦਿਨੀਂ ਰੇਲਵੇ ਕਾਲੋਨੀ ਇਲਾਕੇ 'ਚ ਲੁੱਟ ਦੀ ਵਾਰਦਾਤ ਹੋਈ ਸੀ। ਵਾਰਦਾਤ ਦੀ ਜਾਂਚ ਏ. ਸੀ. ਪੀ. ਸੈਂਟਰਲ ਸਤਿੰਦਰ ਚੱਢਾ ਦੀ ਅਗਵਾਈ 'ਚ ਥਾਣਾ ਬਸਤੀ ਬਾਵਾ ਖੇਲ ਦੇ ਏ. ਐੱਸ. ਆਈ. ਭੂਸ਼ਣ ਕੁਮਾਰ ਵੱਲੋਂ ਜਾਂਚ ਕੀਤੀ ਜਾ ਰਹੀ ਸੀ। ਜਾਂਚ ਦੌਰਾਨ ਭੂਸ਼ਣ ਕੁਮਾਰ ਨੇ ਦੱਸਿਆ ਕਿ ਸੂਚਨਾ ਦੇ ਆਧਾਰ 'ਤੇ ਗਗਨਦੀਪ ਸਿੰਘ ਉਰਫ ਗਗਨ ਉਰਫ ਕੰਗ ਹਾਲ ਵਾਸੀ ਲਾਡੋਵਾਲੀ ਰੋਡ ਅਤੇ ਉਸ ਦੇ ਸਾਥੀ ਪ੍ਰਿੰਸ ਉਰਫ ਸੋਨੀ ਪੁੱਤਰ ਜਾਨ ਡੇਵਿਡ ਵਾਸੀ ਸੰਤ ਨਗਰ, ਲਾਡੋਵਾਲੀ ਰੋਡ ਨੂੰ ਗ੍ਰਿਫਤਾਰ ਕੀਤਾ। ਉਕਤ ਦੋਸ਼ੀ ਲੰਬੇ ਸਮੇਂ ਤੋਂ ਜਲੰਧਰ 'ਚ ਰਹਿ ਕੇ ਲੁੱਟਖੋਹ ਦੀਆਂ ਵਾਰਦਾਤਾਂ ਕਰ ਰਹੇ ਸਨ। ਇਨ੍ਹਾਂ ਦੇ ਖਿਲਾਫ ਪਹਿਲਾਂ ਵੀ ਕੇਸ ਦਰਜ ਹਨ। ਪਿਛਲੇ ਦਿਨੀਂ ਦੋਹਾਂ ਨੇ ਰੇਲਵੇ ਕਾਲੋਨੀ 'ਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਇਸੇ ਤਰ੍ਹਾਂ ਕੁਲਵੰਤ ਸਿੰਘ  ਨੇ ਦੱਸਿਆ ਕਿ ਜੁਲਾਈ 2013 'ਚ ਅਦਾਲਤ 'ਚ  ਜਾਲੀ ਜ਼ਮਾਨਤਾਂ ਦੇਣ ਵਾਲੇ ਗਿਰੋਹ ਦਾ ਪਰਦਾਫਾਸ਼ ਕਰਕੇ ਕੇਸ ਦਰਜ ਕੀਤਾ ਗਿਆ ਸੀ। ਉਕਤ ਕੇਸ 'ਚ ਭਗੌੜਾ ਕਰਾਰ ਦਿੱਤੇ ਗਏ ਦੋਸ਼ੀ ਸੰਦੀਪ ਚੌਹਾਨ ਪੁੱਤਰ ਰਣਬੀਰ ਸਿੰਘ ਵਾਸੀ ਦਸ਼ਮੇਸ਼ ਨਗਰ ਨੂੰ ਸੋਮਵਾਰ ਏ. ਐੱਸ. ਆਈ. ਭੂਸ਼ਣ ਕੁਮਾਰ ਨੂੰ ਗ੍ਰਿਫਤਾਰ ਕੀਤਾ।


Related News