ਗੁ. ਸਾਹਿਬ ਤੇ ਆਮ ਆਦਮੀ ਕਲੀਨਿਕਾਂ ’ਚ ਚੋਰੀਆਂ ਕਰਨ ਵਾਲਾ ਵਿਅਕਤੀ ਅੜਿੱਕੇ, ਕੀਮਤੀ ਸਾਮਾਨ ਹੋਇਆ ਬਰਾਮਦ

Thursday, Sep 19, 2024 - 02:18 PM (IST)

ਬਟਾਲਾ/ਫਤਿਹਗੜ੍ਹ ਚੂੜੀਆਂ (ਬੇਰੀ, ਸਾਹਿਲ, ਜ. ਬ. ਸਾਰੰਗਲ)-ਬਟਾਲਾ ਪੁਲਸ ਨੇ ਗੁਰਦੁਅਰਾ ਸਾਹਿਬ ਅਤੇ ਆਮ ਆਦਮੀ ਕਲੀਨਿਕਾਂ ’ਚ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਨੂੰ ਚੋਰੀ ਦੇ ਸਾਮਾਨ ਅਤੇ 4300 ਰੁਪਏ ਚੜ੍ਹਾਵੇ ਦੇ ਪੈਸਿਆਂ ਸਮੇਤ ਗ੍ਰਿਫਤਾਰ ਕੀਤਾ ਹੈ। ਇਸ ਸੰਬੰਧੀ ਪ੍ਰੈੱਸ ਕਾਨਫਰੰਸ ਦੌਰਾਨ ਡੀ. ਐੱਸ. ਪੀ. ਫਤਿਹਗੜ੍ਹ ਚੂੜੀਆਂ ਸੁਖਪਾਲ ਸਿੰਘ ਨੇ ਦੱਸਿਆ ਕਿ ਐੱਸ. ਐੱਸ. ਪੀ. ਬਟਾਲਾ ਸੁਹੇਲ ਕਾਸਿਮ ਮੀਰ ਅਤੇ ਐੱਸ. ਪੀ. ਇਨਵੈਸਟੀਗੇਸ਼ਨ ਗੁਰਪ੍ਰਤਾਪ ਸਿੰਘ ਸਹੋਤਾ ਦੇ ਨਿਰਦੇਸ਼ਾਂ ਤਹਿਤ ਪੁਲਸ ਵੱਲੋਂ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ।

ਇਹ ਵੀ ਪੜ੍ਹੋ- ਪੰਜਾਬ 'ਚ ਇਕ ਹੋਰ ਵੱਡੀ ਵਾਰਦਾਤ, ਨਿਹੰਗ ਸਿੰਘ ਨੇ ਨੌਜਵਾਨ ਦਾ ਵੱਢਿਆ ਗੁੱਟ

ਉਨ੍ਹਾਂ ਕਿਹਾ ਕਿ ਪੁਲਸ ਨੂੰ ਦਰਜ ਕਰਵਾਈ ਸ਼ਿਕਾਇਤ ’ਚ ਸੁਖਦੇਵ ਸਿੰਘ ਪੁੱਤਰ ਸੁਜਾਨ ਸਿੰਘ ਵਾਸੀ ਸ਼ਮਸ਼ੇਰਪੁਰ ਨੇ ਦੱਸਿਆ ਕਿ ਮਿਤੀ 14 ਸਤੰਬਰ ਨੂੰ ਵਕਤ ਕਰੀਬ ਸ਼ਾਮ 8:30 ਵਜੇ ਉਹ ਗੁਰਦੁਆਰਾ ਸਾਹਿਬ ਬੰਦ ਕਰ ਕੇ ਘਰ ਚੱਲਾ ਗਿਆ ਸੀ ਕਿ ਜਦ ਉਹ ਅਗਲੇ ਦਿਨ ਸਵੇਰੇ ਗੁਰਦੁਅਰਾ ਸਾਹਿਬ ’ਚ ਆਇਆ ਤਾਂ ਦੇਖਿਆ ਕਿ ਗੁਰਦੁਆਰਾ ਸਾਹਿਬ ਦੀ ਖਿੜਕੀ ਦੀ ਜਾਲੀ ਟੁੱਟੀ ਹੋਈ ਸੀ। ਉਸਨੇ ਦੱਸਿਆ ਕਿ ਜਦ ਉਸਨੇ ਅੰਦਰ ਜਾ ਕੇ ਦੇਖਿਆ ਤਾਂ ਗੁਰਦੁਆਰਾ ਸਾਹਿਬ ਦੀ ਗੋਲਕ ਦਾ ਤਾਲਾ ਟੁੱਟਾ ਹੋਇਆ ਸੀ ਅਤੇ ਉਸ ’ਚੋਂ ਚੜ੍ਹਾਵਾ, ਸੀ. ਸੀ. ਟੀ. ਵੀ. ਕੈਮਰੇ ਅਤੇ ਐੱਲ. ਸੀ. ਡੀ. ਚੋਰੀ ਹੋ ਚੁੱਕੀ ਸੀ।

ਇਹ ਵੀ ਪੜ੍ਹੋ- ਕਿਸਾਨਾਂ ਲਈ ਅਹਿਮ ਖ਼ਬਰ, ਜਾਰੀ ਹੋਏ ਨਵੇਂ ਹੁਕਮ

ਪੁਲਸ ਅਧਿਕਾਰੀ ਨੇ ਦੱਸਿਆ ਕਿ ਪੁਲਸ ਨੇ ਸੁਖਦੇਵ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਕੇਸ ਦਰਜ ਕਰ ਕੇ ਉਕਤ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਨਿਸ਼ਾਨ ਸਿੰਘ ਵਾਸੀ ਪਿੰਡ ਵੀਲਾ ਨੂੰ ਲੋਧੀਨੰਗਲ ਸੂਏ ਤੋਂ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਉਕਤ ਵਿਅਕਤੀ ਨੇ ਵੱਖ-ਵੱਖ ਪਿੰਡਾਂ ’ਚ ਗੁਰਦੁਆਰਾ ਸਾਹਿਬ ਅਤੇ ਆਮ ਆਦਮੀ ਕਲੀਨਿਕਾਂ ’ਚ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ ਅਤੇ ਉਸਦੇ ਵਿਰੁੱਧ ਵੱਖ-ਵੱਖ ਥਾਣਿਆਂ ’ਚ ਕੇਸ ਵੀ ਦਰਜ ਹਨ।

ਇਹ ਵੀ ਪੜ੍ਹੋ- ਪੰਜਾਬ ਪੁਲਸ ਨੂੰ ਮਿਲੀ ਵੱਡੀ ਸਫ਼ਲਤਾ, ਇਨ੍ਹਾਂ ਪਿੰਡਾਂ 'ਚੋਂ 10 ਕਿੱਲੋ ਹੈਰੋਇਨ ਬਰਾਮਦ

ਉਨ੍ਹਾਂ ਕਿਹਾ ਕਿ ਪੁਲਸ ਨੇ ਉਕਤ ਵਿਅਕਤੀ ਤੋਂ ਇਕ ਫਰਿੱਜ ਡਬਲ ਡੋਰ, ਇਕ ਐੱਲ. ਸੀ. ਡੀ., 2 ਬੈਟਰੇ, 2 ਇਨਵਰਟਰ, ਇਕ ਸਾਈਕ, 1 ਡੀ. ਵੀ. ਆਰ., 2 ਗੈਸ ਸਿਲੰਡਰ ਅਤੇ 4300 ਰੁਪਏ ਚੜਾਵੇ ਦੇ ਪੈਸੇ ਬਰਾਮਦ ਕੀਤੇ ਹਨ। ਉਨ੍ਹਾਂ ਕਿਹਾ ਕਿ ਪੁਲਸ ਵਲੋਂ ਉਕਤ ਵਿਅਕਤੀ ਨੂੰ ਮਾਣਯੋਗ ਅਦਾਲਤ ’ਚ ਪੇਸ ਕਰ ਕੇ ਉਸਦਾ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਜੋ ਉਸ ਤੋਂ ਹੋਰ ਖੁਲਾਸੇ ਹੋ ਸਕਣ। ਇਸ ਮੌਕੇ ਐੱਸ. ਐੱਚ. ਓ. ਸੁਖਵਿੰਦਰ ਸਿੰਘ, ਐੱਸ. ਐੱਚ. ਸੁਰਿੰਦਰਪਾਲ ਸਿੰਘ, ਏ. ਐੱਸ. ਆਈ. ਬਲਦੇਵ ਸਿੰਘ ਆਦਿ ਹਾਜ਼ਰ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


 


Shivani Bassan

Content Editor

Related News