29 ਸਾਲ ਬਾਅਦ ਜਿੱਤੀ ਪੁਲਸ ਤਸ਼ੱਦਦ ਦੀ ਲੜਾਈ, ਡੀ. ਐੱਸ. ਪੀ. ਸਮੇਤ 3 ਪੁਲਸ ਮੁਲਾਜ਼ਮਾਂ ਨੂੰ ਸਜ਼ਾ ਦਾ ਐਲਾਨ

Tuesday, Sep 24, 2024 - 10:29 AM (IST)

ਲੌਂਗੋਵਾਲ (ਵਸ਼ਿਸ਼ਟ, ਵਿਜੇ) : ‘ਰੱਬ ਦੇ ਘਰ ਦੇਰ ਹੈ ਹਨ੍ਹੇਰ ਨਹੀਂ’ ਇਸ ਕਹਾਵਤ ਅਨੁਸਾਰ ਇਥੋਂ ਦੇ ਇਕ ਬਜ਼ੁਰਗ ਸਮਾਜ ਸੇਵੀ ਜੋੜੇ ਨੂੰ ਅਦਾਲਤ ਵੱਲੋਂ 29 ਸਾਲਾ ਬਾਅਦ ਇਨਸਾਫ ਮਿਲਿਆ ਹੈ। ਜਿਸ ਤਹਿਤ ਪੁਲਸ ਤਸ਼ੱਦਦ ਦੇ ਮਾਮਲੇ ਨੂੰ ਲੈ ਕੇ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਇਕ ਡੀ. ਐੱਸ. ਪੀ. ਸਮੇਤ ਤਿੰਨ ਪੁਲਸ ਮੁਲਾਜ਼ਮਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਮਾਮਲਾ ਸਥਾਨਕ ਨਗਰ ਕੌਂਸਲ ਪ੍ਰਧਾਨ ਪਰਮਿੰਦਰ ਕੌਰ ਬਰਾੜ ਦੇ ਪਰਿਵਾਰ ਨਾਲ ਜੁੜਿਆ ਹੋਇਆ ਹੈ। ਪ੍ਰਧਾਨ ਪਰਮਿੰਦਰ ਕੌਰ ਬਰਾੜ ਦੇ ਸਹੁਰਾ ਸਾਹਿਬ ਕਰਮ ਸਿੰਘ ਬਰਾੜ ਨੇ ਦੱਸਿਆ ਕਿ ਮੇਰੇ ਸਾਲੇ ਗਮਦੂਰ ਸਿੰਘ ਪਿੰਡ ਭਾਈ ਕੀ ਪਸ਼ੌਰ ਨੂੰ ਇਕ ਕਤਲ ਕੇਸ ਦੇ ਸ਼ੱਕ ’ਚ 14 ਨਵੰਬਰ 1995 ਨੂੰ ਰੇਲਵੇ ਪੁਲਸ ਸੰਗਰੂਰ ਦੇ ਤਤਕਾਲੀਨ ਐੱਸ.ਐੱਚ.ਓ. ਦੇ ਆਧਾਰਿਤ ਇਕ ਪੁਲਸ ਟੁਕੜੀ ਵੱਲੋਂ ਚੁੱਕ ਲਿਆ ਗਿਆ ਸੀ ਅਤੇ ਰੇਲਵੇ ਥਾਣੇ ’ਚ ਲਿਜਾ ਕੇ ਉਸ ’ਤੇ ਅੰਨਾ ਤਸ਼ੱਦਦ ਕੀਤਾ ਗਿਆ।

ਇਹ ਵੀ ਪੜ੍ਹੋ : ਸਰਕਾਰੀ ਸਕੂਲ 'ਚੋਂ ਅਗਵਾ ਕੀਤੇ ਬੱਚੇ ਦੇ ਮਾਮਲੇ 'ਚ ਹੈਰਾਨ ਕਰਨ ਵਾਲਾ ਖ਼ੁਲਾਸਾ

ਉਨ੍ਹਾਂ ਦੋਸ਼ ਲਾਇਆ ਕਿ ਗਮਦੂਰ ਸਿੰਘ ਨੂੰ ਉੱਥੇ 10 ਦਿਨ ਪੁਲਸ ਵੱਲੋਂ ਲਗਾਤਾਰ ਅਣਮਨੁੱਖੀ ਤਸੀਹੇ ਦਿੱਤੇ ਗਏ ਅਤੇ ਇਨ੍ਹਾਂ 10 ਦਿਨਾਂ ਦੌਰਾਨ ਪੁਲਸ ਵੱਲੋ ਉਨ੍ਹਾਂ ਨੂੰ ਸਿਰਫ ਇਕ ਦਿਨ ਮਿਲਣ ਦਾ ਮੌਕਾ ਦਿੱਤਾ ਗਿਆ। ਪੁਲਸ ਦੀ ਅੰਨੀ ਕੁੱਟ ਨੇ ਉਸਦੀ ਹਾਲਤ ਬੇਹੱਦ ਵਿਗਾੜ ਦਿੱਤੀ ਤਾਂ ਪੁਲਸ ਨੇ ਮੈਨੂੰ ਅਤੇ ਮੇਰੀ ਪਤਨੀ ਕੁਲਦੀਪ ਕੌਰ ਨੂੰ ਬੁਲਾ ਕੇ ਸਾਡੇ ਤੋਂ ਕੋਰੇ ਕਾਗਜ਼ਾਂ ਉਪਰ ਅੰਗੂਠੇ ਅਤੇ ਦਸਤਖ਼ਤ ਕਰਵਾ ਕੇ ਗਮਦੂਰ ਸਿੰਘ ਨੂੰ ਨਾਜ਼ੁਕ ਹਾਲਤ ’ਚ ਸਾਡੇ ਹਵਾਲੇ ਕਰ ਦਿੱਤਾ। ਬਰਾੜ ਨੇ ਦੱਸਿਆ ਕਿ ਅਸੀਂ ਗਮਦੂਰ ਸਿੰਘ ਨੂੰ ਉਸੇ ਰਾਤ ਪੀ. ਜੀ. ਆਈ. ਚੰਡੀਗੜ੍ਹ ਦਾਖਲ ਕਰਵਾ ਦਿੱਤਾ। ਉਸ ਸਮੇਂ ਗਮਦੂਰ ਸਿੰਘ ਦੇ ਜਿਸਮ ’ਤੇ 18 ਜ਼ਖਮ ਸਨ ਅਤੇ ਚਾਰ ਪਸਲੀਆਂ ਟੁੱਟੀਆਂ ਹੋਈਆਂ ਸਨ। ਪੀ.ਜੀ.ਆਈ. ’ਚ ਕਰੀਬ 15 ਦਿਨ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜਦਾ ਹੋਇਆ ਗਮਦੂਰ ਸਿੰਘ 7 ਦਸੰਬਰ 1995 ਨੂੰ ਦਮ ਤੋੜ ਗਿਆ। ਕਰਮ ਸਿੰਘ ਬਰਾੜ ਨੇ ਦੱਸਿਆ ਕਿ ਮ੍ਰਿਤਕ ਗਮਦੂਰ ਸਿੰਘ ਦੇ ਦੋ ਮੁੰਡੇ ਜਗਤਾਰ ਸਿੰਘ ਅਤੇ ਮੱਖਣ ਸਿੰਘ ਹਨ, ਜਿਨ੍ਹਾਂ ਦੀ ਉਮਰ ਉਸ ਸਮੇਂ 10 ਅਤੇ 12 ਸਾਲ ਸੀ ਜਿਸ ਕਾਰਨ ਮੈਂ ਅਤੇ ਮੇਰੀ ਪਤਨੀ ਕੁਲਦੀਪ ਕੌਰ ਨੇ ਕਾਨੂੰਨ ਰਾਹੀਂ ਗਮਦੂਰ ਸਿੰਘ ਦੀ ਮੌਤ ਦਾ ਬਦਲਾ ਲੈਣ ਦੀ ਠਾਣ ਲਈ। ਪਹਿਲਾਂ ਜ਼ਿਲ੍ਹਾ ਸੈਸ਼ਨ ਕੋਰਟ ਅਤੇ ਬਾਅਦ ’ਚ ਪੰਜਾਬ ਐਂਡ ਹਰਿਆਣਾ ਹਾਈਕੋਰਟ ’ਚ ਇਨਸਾਫ ਦੀ ਗੁਹਾਰ ਲਗਾਈ, ਜਿਸ ਦਾ ਨਤੀਜਾ ਅੱਜ ਸਾਨੂੰ 29 ਸਾਲ ਬਾਅਦ ਇਨਸਾਫ ਦੇ ਰੂਪ ’ਚ ਮਿਲਿਆ ਹੈ।

ਇਹ ਵੀ ਪੜ੍ਹੋ : ਪਟਿਆਲਾ ਸਥਿਤ ਯੂਨੀਵਰਸਿਟੀ ਦੇ ਕੁੜੀਆਂ ਦੇ ਹੋਸਟਲ 'ਚ ਪਿਆ ਭੜਥੂ, ਗਰਮਾਇਆ ਮਾਹੌਲ

ਫੈਸਲੇ ਨੇ ਠਾਰਿਆ ਸੀਨਾ ਪਰ ਔਕੜਾਂ ਦੀ ਹੱਦ ਨਾ ਰਹੀ

ਮਾਣਯੋਗ ਹਾਈਕੋਰਟ ਦੇ ਇਸ ਫੈਸਲੇ ਨੇ ਭਾਵੇਂ ਮ੍ਰਿਤਕ ਗਮਦੂਰ ਸਿੰਘ ਦੀ ਭੈਣ ਕੁਲਦੀਪ ਕੌਰ, ਜੀਜਾ ਕਰਮ ਸਿੰਘ ਬਰਾੜ ਅਤੇ ਬਲਵਿੰਦਰ ਸਿੰਘ ਬਰਾੜ ਲੌਂਗੋਵਾਲ, ਪੁੱਤਰ ਜਗਤਾਰ ਸਿੰਘ ਅਤੇ ਮੱਖਣ ਸਿੰਘ ਤੋਂ ਇਲਾਵਾ ਹੋਰਨਾਂ ਸਬੰਧੀਆਂ ਦਾ ਸੀਨਾ ਠਾਰ ਦਿੱਤਾ ਹੈ ਅਤੇ ਪਰਿਵਾਰ ਵੱਲੋਂ ਲੱਡੂ ਵੰਡ ਕੇ ਖੁਸ਼ੀ ਵੀ ਮਨਾਈ ਗਈ ਹੈ। ਕੇਸ ਦੀ ਪੈਰਵੀ ਕਰ ਰਹੇ ਕਰਮ ਬਰਾੜ ਨੇ ਦੱਸਿਆ ਕਿ ਇਨਸਾਫ ਲੈਣ ਲਈ 29 ਸਾਲ ਦੇ ਇੰਤਜ਼ਾਰ ਨੇ ਸਾਨੂੰ ਵੀ ਬਜ਼ੁਰਗ ਬਣਾ ਦਿੱਤਾ ਹੈ। 29 ਸਾਲਾਂ ਦੇ ਇਸ ਸਮੇਂ ਦੌਰਾਨ ਗਮਦੂਰ ਸਿੰਘ ਦੀ ਪਤਨੀ ਚਰਨਜੀਤ ਕੌਰ ਅਤੇ ਭੈਣ ਇਕਬਾਲ ਕੌਰ ਫੈਸਲੇ ਦਾ ਇੰਤਜ਼ਾਰ ਕਰਦੇ-ਕਰਦੇ ਦੁਨੀਆ ਨੂੰ ਅਲਵਿਦਾ ਆਖ ਗਈਆਂ ਅਤੇ ਦੂਜੀ ਭੈਣ ਕੁਲਦੀਪ ਕੌਰ ਅਧਰੰਗ ਕਾਰਨ ਮੰਜੇ ’ਤੇ ਹੈ। ਉਨ੍ਹਾਂ ਕਿਹਾ ਕਿ ਸਾਡੇ ਕੇਸ ਦੀ ਸੈਸ਼ਨ ਕੋਰਟ ਅਤੇ ਹਾਈਕੋਰਟ ’ਚ ਪੈਰਵੀਂ ਕਰਨ ਵਾਲੇ ਸਾਡੇ ਵਕੀਲ ਕਿਰਨਜੀਤ ਸਿੰਘ ਸੇਖੋਂ ਵੱਲੋਂ ਸਾਨੂੰ ਦਿੱਤੇ ਇਨਸਾਫ ਦੇ ਭਰੋਸੇ ਨਾਲ ਹੀ ਅਸੀਂ ਹੌਸਲੇ ਨਾਲ ਲੜਾਈ ਲੜਦੇ ਰਹੇ।

ਇਹ ਵੀ ਪੜ੍ਹੋ : ਪੰਜਾਬ 'ਚ ਅਸਿਸਟੈਂਟ ਪ੍ਰੋਫੈਸਰਾਂ ਤੇ ਲਾਇਬ੍ਰੇਰੀਅਨਾਂ ਦੀ ਭਰਤੀ ਨੂੰ ਹਰੀ ਝੰਡੀ

ਕਿਸ-ਕਿਸ ਨੂੰ ਹੋਈ ਉਮਰ ਕੈਦ

ਮਾਣਯੋਗ ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ ਫੈਸਲੇ ਅਨੁਸਾਰ ਇਸ ਕੇਸ ’ਚ ਤਤਕਾਲੀਨ ਡੀ. ਐੱਸ. ਪੀ., ਰਿਟਾਇਰ ਐੱਸ. ਪੀ. ਗੁਰਸੇਵਕ ਸਿੰਘ ਦੀਪ ਨਗਰ ਵਾਸੀ ਪਟਿਆਲਾ, ਥਾਣੇਦਾਰ ਹਰਭਜਨ ਸਿੰਘ ਵਾਸੀ ਪਿੰਡ ਬਤਾਲਾ ਜ਼ਿਲ੍ਹਾ ਅੰਮ੍ਰਿਤਸਰ, ਕਿਰਪਾਲ ਸਿੰਘ ਹੌਲਦਾਰ ਵਾਸੀ ਪਿੰਡ ਜੈਤੋ ਸਰਜਾ ਜ਼ਿਲ੍ਹਾ ਗੁਰਦਾਸਪੁਰ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਕੇ ਤਿੰਨਾਂ ਦੋਸ਼ੀਆਂ ਨੂੰ ਜੇਲ੍ਹ ਭੇਜ ਦਿੱਤਾ ਹੈ।

ਇਹ ਵੀ ਪੜ੍ਹੋ : ਸਰਕਾਰੀ ਬੱਸ ਨੇ ਮਚਾਇਆ ਕਹਿਰ, ਦੋ ਪਰਿਵਾਰਾਂ 'ਚ ਵਿਛਾ ਦਿੱਤੇ ਸੱਥਰ

ਕੈਨੇਡਾ ਗਏ ਚੌਥੇ ਮੁਲਜ਼ਮ ਨੂੰ 20 ਨਵੰਬਰ ਤੱਕ ਅਦਾਲਤ ’ਚ ਪੇਸ਼ ਹੋਣ ਦੇ ਦਿੱਤੇ ਹੁਕਮ
ਚੌਥੇ ਦੋਸ਼ੀ ਹੌਲਦਾਰ ਜਸਵੰਤ ਸਿੰਘ ਪਿੰਡ ਬੀਰੇਵਾਲਾ ਜ਼ਿਲ੍ਹਾ ਮਾਨਸਾ ਜੋ ਕਿ ਅੱਜ-ਕੱਲ ਕੈਨੇਡਾ ਚਲਿਆ ਗਿਆ ਹੈ, ਨੂੰ ਮਾਣਯੋਗ ਜੱਜ ਸੁਰੇਸ਼ਵਰ ਠਾਕੁਰ ਅਤੇ ਸੁਦੀਪਤੀ ਸ਼ਰਮਾ ਦੇ ਬੈਂਚ ਵੱਲੋਂ 20 ਨਵੰਬਰ 2024 ਨੂੰ ਅਦਾਲਤ ’ਚ ਪੇਸ਼ ਕਰਨ ਦੇ ਹੁਕਮ ਦਿੱਤੇ ਗਏ ਹਨ।

ਇਹ ਵੀ ਪੜ੍ਹੋ : ਪੰਜਾਬ 'ਚ ਵੱਧ ਰਹੀ ਗਰਮੀ ਦਰਮਿਆਨ ਮੌਸਮ ਵਿਭਾਗ ਦੀ ਵੱਡੀ ਅਪਡੇਟ, ਇਨ੍ਹਾਂ ਤਾਰੀਖਾਂ ਨੂੰ ਪਵੇਗਾ ਮੀਂਹ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Gurminder Singh

Content Editor

Related News