ਮੈਡੀਕਲ ਦੇ ਵਿਦਿਆਰਥੀਆਂ ਨਾਲ 10 ਲੱਖ ਦੀ ਠੱਗੀ

12/18/2017 7:26:36 AM

ਬਠਿੰਡਾ, (ਬਲਵਿੰਦਰ)- ਰਾਮਪੁਰਾ ਦੇ 2 ਮੈਡੀਕਲ ਵਿਦਿਆਰਥੀਆਂ ਨਾਲ 10 ਲੱਖ ਰੁਪਏ ਦੀ ਠੱਗੀ ਵੱਜੀ ਹੈ, ਜਿਸ ਦੇ ਸਬੰਧ 'ਚ ਪੁਲਸ ਨੇ ਤਿੰਨ ਵਿਅਕਤੀਆਂ ਵਿਰੁੱਧ ਧੋਖਾਦੇਹੀ ਦਾ ਮੁਕੱਦਮਾ ਦਰਜ ਕੀਤਾ ਗਿਆ ਹੈ ਪਰ ਅਜੇ ਤੱਕ ਕੋਈ ਵੀ ਗ੍ਰਿਫ਼ਤਾਰੀ ਨਹੀਂ ਹੋ ਸਕੀ।
ਛਿੰਦਰਪਾਲ ਬਾਂਸਲ ਵਾਸੀ ਰਾਮਪੁਰਾ ਵੱਲੋਂ ਐੱਸ. ਐੱਸ. ਪੀ. ਬਠਿੰਡਾ ਨੂੰ ਦਿੱਤੀ ਸ਼ਿਕਾਇਤ ਅਨੁਸਾਰ ਇਸ਼ਿਕਾ ਬਾਂਸਲ ਪੁੱਤਰ ਛਿੰਦਰਪਾਲ ਅਤੇ ਰੌਬਿਨ ਬਾਂਸਲ ਪੁੱਤਰ ਹਰਸ਼ ਬਾਂਸਲ ਵਾਸੀ ਬਠਿੰਡਾ ਨੇ 12ਵੀਂ ਜਮਾਤ ਤੋਂ ਬਾਅਦ ਮੈਡੀਕਲ ਦਾਖਲੇ ਖਾਤਰ ਟੈਸਟ ਦਿੱਤਾ ਸੀ ਪਰ ਰੈਂਕ ਜ਼ਿਆਦਾ ਹੋਣ ਕਾਰਨ ਇਨ੍ਹਾਂ ਨੂੰ ਕਿਸੇ ਵੀ ਕਾਲਜ ਵਿਚ ਦਾਖਲਾ ਨਹੀਂ ਮਿਲ ਸਕਿਆ। ਇਸ ਦੌਰਾਨ ਇਨ੍ਹਾਂ ਨੂੰ ਮਾਡਰਨ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ ਇੰਦੌਰ ਬਾਰੇ ਪਤਾ ਲੱਗਾ। ਛਿੰਦਰਪਾਲ ਬਾਂਸਲ ਤੇ ਹਰਸ਼ ਬਾਂਸਲ 1 ਸਤੰਬਰ 2016 ਨੂੰ ਇੰਦੌਰ ਪਹੁੰਚੇ, ਜਿਥੇ ਇਨ੍ਹਾਂ ਦੀ ਮੁਲਾਕਾਤ ਡਾ. ਨਤਿੰਦਰ ਸਿੰਘ ਨਾਲ ਹੋਈ, ਜੋ ਖੁਦ ਨੂੰ ਕਾਲਜ ਦਾ ਮਾਲਕ ਦੱਸ ਰਿਹਾ ਸੀ। ਦੋਵੇਂ ਬੱਚਿਆਂ ਦੇ ਮੈਡੀਕਲ ਦਾਖਲੇ ਖਾਤਰ 10 ਲੱਖ ਰੁਪਏ ਮੰਗੇ ਗਏ। ਛਿੰਦਰਪਾਲ ਬਾਂਸਲ ਤੇ ਹਰਸ਼ ਬਾਂਸਲ ਪੈਸੇ ਦੇਣ ਲਈ ਮੰਨ ਗਏ ਅਤੇ ਮੌਕੇ 'ਤੇ ਹੀ ਉਕਤ ਵਿਅਕਤੀ ਨੂੰ ਦੋ ਲੱਖ ਰੁਪਏ ਦੇ ਦਿੱਤੇ। ਜਦਕਿ ਬਾਕੀ ਪੈਸੇ ਬਾਅਦ ਵਿਚ ਦੇਣ ਦੀ ਗੱਲ ਕਹੀ ਗਈ।
 3 ਅਕਤੂਬਰ 2016 ਨੂੰ ਡਾ. ਨਤਿੰਦਰ ਸਿੰਘ ਦੇ ਦੋ ਸਾਥੀ ਲੱਕੀ ਸਿੱਧੂ ਵਾਸੀ ਇੰਦੌਰ ਅਤੇ ਡਾ. ਦਿਲਸ਼ਾਦ ਵਾਸੀ ਦਿੱਲੀ 8 ਲੱਖ ਰੁਪਏ ਲੈਣ ਲਈ ਰਾਮਪੁਰਾ ਪਹੁੰਚ ਗਏ, ਜਿਥੇ ਉਕਤ ਨੂੰ ਬਾਕੀ ਰਕਮ ਵੀ ਅਦਾ ਕਰ ਦਿੱਤੀ ਗਈ।   ਉਸ ਤੋਂ ਬਾਅਦ ਦੋਵੇਂ ਪਰਿਵਾਰ ਬੱਚਿਆਂ ਨੂੰ ਦਾਖਲਾ ਮਿਲਣ ਦੀ ਉਡੀਕ ਕਰਦੇ ਰਹੇ। ਉਹ ਸਬੰਧਤ ਵਿਅਕਤੀਆਂ ਨਾਲ ਸੰਪਰਕ ਵੀ ਕਰਦੇ ਰਹੇ ਪਰ ਨਾ ਤਾਂ ਬੱਚਿਆਂ ਨੂੰ ਦਾਖਲਾ ਹੀ ਮਿਲ ਸਕਿਆ ਤੇ ਨਾ ਹੀ ਪੈਸੇ ਵਾਪਸ ਮਿਲੇ। ਜਦਕਿ ਮੁਲਜ਼ਮਾਂ ਦੇ ਫੋਨ ਨੰਬਰ ਵੀ ਬੰਦ ਆਉਣ ਲੱਗੇ। ਪੁਲਸ ਨੇ ਲੰਬੀ ਛਾਣਬੀਣ ਤੋਂ ਬਾਅਦ ਡਾ. ਨਤਿੰਦਰ ਸਿੰਘ, ਲੱਕੀ ਸਿੰਘ ਤੇ ਡਾ. ਦਿਲਸ਼ਾਦ ਵਿਰੁੱਧ ਧੋਖਾਦੇਹੀ ਦਾ ਮੁਕੱਦਮਾ ਦਰਜ ਕਰ ਲਿਆ ਹੈ ਪਰ ਮੁਲਜ਼ਮਾਂ ਦਾ ਕੋਈ ਥਹੁ-ਟਿਕਾਣਾ ਨਹੀਂ ਮਿਲ ਸਕਿਆ। 


Related News