ਵਿਦੇਸ਼ ਭੇਜਣ ਦੇ ਨਾਂ ''ਤੇ 7 ਨੌਜਵਾਨਾਂ ਨੂੰ ਟਰੈਵਲ ਏਜੰਟ ਨੇ ਬਣਾਇਆ ਠੱਗੀ ਦਾ ਸ਼ਿਕਾਰ, ਮਾਰੇ 83 ਲੱਖ ਰੁਪਏ

Friday, May 10, 2024 - 06:07 PM (IST)

ਖਾਲੜਾ (ਭਾਟੀਆ)- ਬੇਸ਼ੱਕ ਪੰਜਾਬ ਅੰਦਰ ਨਿੱਤ ਦਿਹਾੜੇ ਨੌਜਵਾਨਾਂ ਦੇ ਟਰੈਵਲ ਏਜੰਟਾਂ ਵੱਲੋਂ ਧੋਖਾਧੜੀ ਕਰਨ ਦੀਆਂ ਖ਼ਬਰਾ ਸੁਨਣ ਨੂੰ ਮਿਲਦੀਆਂ ਹਨ, ਪਰ ਇਹ ਸਿਲਸਿਲਾ ਲਗਾਤਾਰ ਬਾਦਸਤੂਰ ਜਾਰੀ ਹੈ । ਜਿਸਦੀ ਤਾਜ਼ੀ ਮਿਸਾਲ ਕਸਬਾ ਖਾਲੜਾ ਨਜ਼ਦੀਕ ਪੈਂਦੇ ਪਿੰਡ ਨਾਰਲੀ ਅਮੀਸ਼ਾਹ ਅਤੇ ਪਲੋਪੱਤੀ ਦੇ ਨੋਜਵਾਨਾਂ ਨਾਲ ਹੋਈ ਠੱਗੀ ਤੋਂ ਮਿਲਦੀ ਹੈ। ਜਿਥੇ ਵਿਦੇਸ਼ ਭੇਜਣ ਦੇ ਨਾਂ 'ਤੇ ਇੱਕ ਫਰਜ਼ੀ ਟਰੈਵਲ ਏਜੰਟ ਵੱਲੋਂ  ਪਿੰਡ ਨਾਰਲੀ, ਅਮੀਸ਼ਾਹ, ਪਲੋਪੱਤੀ ਦੇ ਵਸਨੀਕ 7 ਨੌਜਵਾਨਾਂ ਨਾਲ  83 ਲੱਖ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਨੌਜਵਾਨਾਂ ਨੇ ਦੱਸਿਆ ਕਿ ਪਿੰਡ ਨਾਰਲੀ ਦੇ ਨਿਵਾਸੀ ਫਰਜੀ ਟਰੈਵਲ ਏਜੰਟ ਗੁਰਮੇਲ ਸਿੰਘ ਉਰਫ ਬਿੱਟੂ ਪੁੱਤਰ ਕਰਤਾਰ ਸਿੰਘ ਵੱਲੋਂ ਆਪਣੇ ਪੈਰਿਸ ਵਿੱਚ ਰਹਿੰਦੇ ਪੁੱਤਰ ਗੁਰਜੀਤ ਸਿੰਘ ਨਾਲ ਮਿਲਕੇ ਸਾਡੇ ਨਾਲ ਇਹ ਠੱਗੀ ਕੀਤੀ ਗਈ ਹੈ ।

ਇਹ ਵੀ ਪੜ੍ਹੋ-  ਅੰਮ੍ਰਿਤਸਰ ਤੋਂ ਭਾਜਪਾ ਦੇ ਉਮੀਦਵਾਰ ਤਰਨਜੀਤ ਸੰਧੂ ਨੇ ਦਾਖ਼ਲ ਕਰਵਾਇਆ ਨਾਮਜ਼ਦਗੀ ਪੱਤਰ

ਉਹਨਾਂ ਕਿਹਾ ਕਿ ਅਰਸ਼ਪ੍ਰੀਤ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਨਾਰਲੀ ਪਾਸੋਂ 12 ਲੱਖ 50 ਹਜ਼ਾਰ ਰੁਪਏ, ਗੁਰਚੇਤ ਸਿੰਘ ਪੁੱਤਰ ਹੀਰਾ ਸਿੰਘ ਵਾਸੀ ਨਾਰਲੀ ਪਾਸੋਂ 13 ਲੱਖ ਰੁਪਏ, ਜਗਰੂਪ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਪਲੋਪੱਤੀ ਪਾਸੋਂ 14 ਲੱਖ ਰੁਪਏ ਨਗਦ ਲੈ ਕੇ ਅੰਮ੍ਰਿਤਸਰ ਏਅਰਪੋਰਟ ਤੋਂ ਵਾਇਆ ਦੁਬਈ, ਤੋਂ ਅਰਮੀਨੀਆ ਭੇਜ ਦਿੱਤਾ ਗਿਆ। ਜਿੱਥੇ 4 ਮਹੀਨੇ ਰਹਿਣ ਤੋਂ ਬਾਅਦ ਉਥੋ ਦੀ ਪੁਲਸ ਨੇ 23-8-2023 ਨੂੰ ਡੀਪੋਰਟ ਕਰ ਦਿੱਤਾ । ਅਰਮੀਨੀਆ ਵਿਖੇ 4 ਮਹੀਨੇ ਦੌਰਾਨ 6 ਲੱਖ ਰੁਪਏ ਵੱਖਰੇ ਖਰਚ ਹੋਏ । ਜਦਕਿ ਡੀਪੋਰਟ ਹੋਣ ਤੋਂ ਬਾਅਦ ਰਾਜਾਸਾਂਸੀ ਏਅਰਪੋਰਟ ਪੁਲਸ ਨੇ ਦੋ ਵਿਅਕਤੀਆਂ 'ਤੇ ਧਾਰਾ 420 ਅਧੀਨ ਮਾਮਲਾ ਦਰਜ ਕਰ ਦਿੱਤਾ । ਉਹਨਾਂ ਦੱਸਿਆ ਕਿ ਅੰਮ੍ਰਿਤਪਾਲ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਨਾਰਲੀ ਪਾਸੋਂ 9 ਲੱਖ 50 ਹਜ਼ਾਰ ਰੁਪਏ, ਦਿਲਪ੍ਰੀਤ ਸਿੰਘ ਪੁੱਤਰ ਸਰਵਨ ਸਿੰਘ ਵਾਸੀ ਨਾਰਲੀ ਪਾਸੋਂ 9 ਲੱਖ 50 ਹਜ਼ਾਰ ਰੁਪਏ, ਅੰਮ੍ਰਿਤਪਾਲ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਨਾਰਲੀ ਪਾਸੇ 9 ਲੱਖ 50 ਹਜ਼ਾਰ ਰੁਪਏ ਲੈ ਕੇ ਵਾਇਆ ਅੰਮ੍ਰਿਤਸਰ ਤੋਂ ਦੁਬਈ, ਅਰਮੀਨੀਆ ਤੋਂ ਕਜਿਕਸਥਾਨ ਤੋਂ ਹੁੰਦੇ ਹੋਏ ਰਸ਼ੀਆ ਦੇ ਬਾਰਡਰ 'ਤੇ ਭੇਜ ਦਿੱਤਾ । ਜਿਥੋ ਰਸ਼ੀਆ ਪੁਲਸ ਨੇ ਡੀਪੋਟ ਕਰ ਦਿੱਤਾ ।

ਇਹ ਵੀ ਪੜ੍ਹੋ- ਗਰਮੀ ਨਾਲ ਬੇਹਾਲ ਹੋਏ ਲੋਕ, 42 ਡਿਗਰੀ ਤੱਕ ਪੁਹੰਚਿਆ ਗੁਰਦਾਸਪੁਰ ਦਾ ਤਾਪਮਾਨ

ਇਸੇ ਤਰ੍ਹਾਂ ਹੀ ਲਵਪ੍ਰੀਤ ਸਿੰਘ ਪੁੱਤਰ ਅਰਸਾਲ ਸਿੰਘ ਵਾਸੀ ਅਮੀਸ਼ਾਹ ਨੇ ਆਪਣੀ 6 ਕਨਾਲਾ ਜ਼ਮੀਨ ਵੇਚ ਕੇ 14 ਲੱਖ ਰੁਪਏ 50 ਹਜ਼ਾਰ ਰੁਪਏ ਦਿੱਤੇ ਸਨ । ਜਿਸ ਨੂੰ ਅੰਮ੍ਰਿਤਸਰ ਦੇ ਏਅਰਪੋਰਟ ਤੋਂ ਅਲਮਾਟੀ ਦੇ ਰਸਤੇ ਪੋਲੈਂਡ ਤੋਂ ਲੁਥਵਾਨੀਆ ਭੇਜਿਆ ਗਿਆ । ਜਿਥੇ ਪੁਲਸ ਨੇ ਫੜਕੇ ਡੀਪੋਰਟ ਕਰ ਦਿੱਤਾ । ਇਹਨਾਂ ਸਾਰੇ ਪੀੜਤ ਨੋਜਵਾਨਾਂ ਨੇ ਆਪਣੇ ਨਾਲ ਹੋਈ ਠੱਗੀ ਸਬੰਧੀ ਥਾਣਾ ਖਾਲੜਾ ਵਿਖੇ  6 ਮਈ ਨੂੰ ਲਿਖਤ ਦਰਖਾਸਤ ਦਿੱਤੀ ਹੈ । ਜਿਸਦੇ ਅਧਾਰ 'ਤੇ ਖਾਲੜਾ ਪੁਲਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ । ਇਸ ਸਬੰਧੀ ਪੱਖ ਜਾਨਣ ਲਈ ਜਦੋਂ ਟਰੈਵਲ ਏਜੰਟ ਗੁਰਮੇਲ ਸਿੰਘ ਉਰਫ ਬਿੱਟੂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪਤਾ ਲੱਗਾ ਕਿ ਉਹ ਪੁਲਸ ਦੀ ਜਾਂਚ ਤੋਂ ਬਚਣ ਲਈ ਉਹ ਘਰ ਛੱਡ ਕੇ ਰੂਪੋਸ਼ ਹੋ ਗਿਆ ਹੈ। ਜਦਕਿ ਪੀੜਤ ਨੌਜਵਾਨਾਂ  ਦਾ ਕਹਿਣਾ ਸੀ ਕਿ ਇਸ ਠੱਗੀ ਦਾ ਮੁੱਖ ਸੂਤਰਧਾਰ ਗੁਰਮੇਲ ਸਿੰਘ ਦਾ ਮੁੰਡਾ ਗੁਰਜੀਤ ਸਿੰਘ ਪੈਰਿਸ ਤੋਂ ਅਮਰੀਕਾ ਜਾ ਚੁੱਕਾ ਹੈ । ਪੀੜਤ ਨੌਜਵਾਨਾਂ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ, ਡੀਜੀਪੀ ਪੰਜਾਬ ਤੋਂ ਮੰਗ ਕੀਤੀ ਹੈ ਕਿ ਸਾਡੇ ਨਾਲ ਠੱਗੀ ਮਾਰਨ ਵਾਲੇ ਟਰੈਵਲ ਏਜੰਟ ਗੁਰਮੇਲ ਸਿੰਘ ਬਿੱਟੂ ਅਤੇ ਉਸਦੇ ਲੜਕੇ ਗੁਰਜੀਤ ਸਿੰਘ ਦੇ ਖ਼ਿਲਾਫ਼ ਪਰਚਾ ਦਰਜ ਕਰਕੇ ਸਾਨੂੰ ਇਨਸਾਫ਼ ਦਿਵਾਇਆ ਜਾਵੇ । ਇਸ ਸਬੰਧੀ ਜਦੋਂ ਇੰਸਪੈਕਟਰ ਵਿਨੋਦ ਸ਼ਰਮਾ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਵਿਦੇਸ਼ ਭੇਜਣ ਦੇ ਨਾਂ 'ਤੇ ਨੌਜਵਾਨਾਂ ਨਾਲ ਠੱਗੀ ਦਾ ਮਾਮਲਾ ਤੇ ਪੈਸਿਆਂ ਦੇ ਲੈਣ ਦੇਣ ਨਾਲ ਸਬੰਧਤ ਹੋਣ ਕਰਕੇ ਇਹ ਦਰਖਾਸਤ ਐੱਸ. ਐੱਸ. ਪੀ. ਤਰਨਤਾਰਨ ਨੂੰ ਭੇਜ ਦਿੱਤੀ ਗਈ ਹੈ। ਜਿੰਨਾ ਵੱਲੋਂ ਇਸ ਦੀ ਜਾਂਚ ਆਰਥਿਕ ਉਪਰਾਧ ਸ਼ਾਖਾ ਰਾਹੀਂ ਕਰਵਾਉਣ ਤੋਂ ਬਾਅਦ ਮਾਮਲਾ ਦਰਜ ਕੀਤਾ ਜਾਵੇਗਾ ।

ਇਹ ਵੀ ਪੜ੍ਹੋ- ਹਾਈ ਕੋਰਟ ਦਾ ਅਹਿਮ ਫੈਸਲਾ, ਮੁਸਲਮਾਨਾਂ ਨੂੰ ਲਿਵ-ਇਨ ਰਿਲੇਸ਼ਨਸ਼ਿਪ ’ਚ ਰਹਿਣ ਦਾ ਅਧਿਕਾਰ ਨਹੀਂ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Shivani Bassan

Content Editor

Related News