ਗੜ੍ਹਸ਼ੰਕਰ ਵਿਖੇ ਵਿਦੇਸ਼ ਭੇਜਣ ਦੇ ਨਾਂ ’ਤੇ 6 ਲੱਖ ਦੀ ਠੱਗੀ, 3 ਔਰਤਾਂ ਸਮੇਤ 5 ਨਾਮਜ਼ਦ
Monday, May 13, 2024 - 02:04 PM (IST)
ਗੜ੍ਹਸ਼ੰਕਰ (ਭਾਰਦਵਾਜ)-ਥਾਣਾ ਗੜ੍ਹਸ਼ੰਕਰ ਪੁਲਸ ਨੇ ਸੁਰਜੀਤ ਕੁਮਾਰ ਪੁੱਤਰ ਗਿਆਨ ਚੰਦ ਵਾਸੀ ਵਾਰਡ ਨੰਬਰ 12, ਬੀਰਮਪੁਰ ਰੋਡ ਗੜ੍ਹਸ਼ੰਕਰ ਦੀ ਸ਼ਿਕਾਇਤ ’ਤੇ ਕਾਰਵਾਈ ਕਰਦੇ ਹੋਏ ਵਿਦੇਸ਼ ਭੇਜਣ ਦੇ ਨਾਂ ਤੇ 6 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ 3 ਔਰਤਾਂ ਸਮੇਤ 5 ਲੋਕਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਸੁਰਜੀਤ ਕੁਮਾਰ ਪੁੱਤਰ ਗਿਆਨ ਚੰਦ ਨੇ ਐੱਸ. ਐੱਸ. ਪੀ. ਹੁਸ਼ਿਆਰਪੁਰ ਨੂੰ 22 ਮਾਰਚ 2024 ਨੂੰ ਦਿੱਤੀ ਦਰਖ਼ਾਸਤ ’ਚ ਦੱਸਿਆ ਸੀ ਕਿ ਉਹ ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਹੈ ਅਤੇ ਉਸ ਦੇ ਲੜਕੇ ਮਨੀਸ਼ ਕੁਮਾਰ ਨੇ ਦਸੰਬਰ 2022 ਨੂੰ ਯੈਲੋ ਲੀਫ਼ ਐੱਸ. ਸੀ. ਓ. 21,22,23 ਸੈਕਿੰਡ ਫਲੋਰ ਸੈਕਟਰ 82 ਮੋਹਾਲੀ ਦੀ ਐਡ ਵੇਖੀ ਸੀ।
ਉਸ ਨੇ ਦੱਸਿਆ ਕਿ ਉਕਤ ਨਾਲ ਸੰਪਰਕ ਕਰਨ ’ਤੇ ਅਮਨ ਅਤੇ ਗੁਰਲੀਨ ਕੌਰ ਨੇ ਦੱਸਿਆ ਕਿ ਮਨੀਸ਼ ਕੁਮਾਰ ਦਾ ਕੈਨੇਡਾ ਦਾ ਵਰਕ ਪਰਮਿਟ ਲਗਵਾ ਦੇਵਾਂਗੇ ਅਤੇ ਇਸ ਲਈ ਟਿਕਟਾਂ ਤੋਂ ਇਲਾਵਾ 8 ਲੱਖ ਰੁਪਏ ਦਾ ਖ਼ਰਚ ਆਵੇਗਾ। ਉਨ੍ਹਾਂ ਕਿਹਾ ਕਿ ਉਕਤ ਨੇ ਸਾਨੂੰ ਕਿਹਾ ਕਿ ਇਸ ਵਾਸਤੇ 6 ਲੱਖ ਰੁਪਏ ਪਹਿਲਾਂ ਅਤੇ ਬਾਕੀ ਦੀ ਰਕਮ ਵੀਜ਼ਾ ਲੱਗਣ ਤੋਂ ਬਾਅਦ ਦੇ ਦਿਓ। ਭਰੋਸਾ ਦਿੱਤਾ ਕਿ ਵੀਜ਼ਾ ਨਾ ਲੱਗਣ ’ਤੇ ਸਾਰੇ ਪੈਸੇ ਵਿਆਜ ਸਮੇਤ ਵਾਪਸ ਕਰਨ ਦੇ ਜ਼ਿੰਮੇਵਾਰ ਹੋਵਾਂਗੇ।
ਇਹ ਵੀ ਪੜ੍ਹੋ- ਸਾਲ ਪਹਿਲਾਂ ਚਾਵਾਂ ਨਾਲ ਤੋਰੀ ਸੀ ਧੀ ਦੀ ਡੋਲੀ, ਹੁਣ ਇਸ ਹਾਲ 'ਚ ਵੇਖ ਭੁੱਬਾਂ ਮਾਰ-ਮਾਰ ਰੋਇਆ ਪਰਿਵਾਰ
ਸੁਰਜੀਤ ਕੁਮਾਰ ਨੇ ਦੱਸਿਆ ਕਿ ਇਸ ਤੋਂ ਬਾਅਦ ਉਸ ਨੇ 7 ਦਸੰਬਰ ਨੂੰ 60 ਹਜ਼ਾਰ ਰੁਪਏ ਅਤੇ 9 ਜਨਵਰੀ 2023 ਨੂੰ 5 ਲੱਖ 40 ਹਜ਼ਾਰ ਰੁਪਏ ਉਕਤ ਯੈਲੋ ਲੀਫ਼ ਦੇ ਬੈਂਕ ਖਾਤੇ ਵਿਚ ਟਰਾਂਸਫ਼ਰ ਕਰਵਾ ਦਿੱਤੇ ਸਨ। ਸੁਰਜੀਤ ਕੁਮਾਰ ਨੇ ਦਰਖਾਸਤ ’ਚ ਦੱਸਿਆ ਕਿ ਇਸ ਤੋਂ ਬਾਅਦ ਉਕਤ ਕੰਪਨੀ ਵੱਲੋਂ ਕੈਨੇਡਾ ਜਾਣ ਵਾਸਤੇ ਐਗਰੀਮੈਂਟ ਵੀ ਕਰਵਾਇਆ ਸੀ। ਉਨ੍ਹਾਂ ਦੱਸਿਆ ਕਿ ਕਾਫੀ ਸਮਾਂ ਬੀਤਣ ਤੋਂ ਬਾਅਦ ਵੀ ਮਨੀਸ਼ ਕੁਮਾਰ ਦਾ ਵੀਜ਼ਾ ਨਹੀਂ ਲੱਗਾ ਤਾਂ ਪੁੱਛਣ ’ਤੇ ਉਹ ਸਾਨੂੰ ਲਾਰੇ ਲਾਉਂਦੇ ਰਹੇ। ਉਨ੍ਹਾਂ ਦੱਸਿਆ ਕਿ ਉਕਤ ਨਾਲ ਫੋਨ ਕਰਨ ’ਤੇ ਵੀ ਕੋਈ ਤਸੱਲੀਬਖਸ਼ ਜਵਾਬ ਨਹੀਂ ਦਿੱਤਾ ਜਾਂਦਾ ਸੀ। ਉਨ੍ਹਾਂ ਕਿਹਾ ਕਿ ਸਾਨੂੰ ਪਤਾ ਲੱਗਾ ਹੈ ਕਿ ਉਕਤ ਖ਼ਿਲਾਫ਼ ਪਹਿਲਾਂ ਵੀ ਇਮੀਗ੍ਰੇਸ਼ਨ ਐਕਟ ਦੇ ਤਹਿਤ ਕੇਸ ਦਰਜ ਹਨ। ਸੁਰਜੀਤ ਕੁਮਾਰ ਨੇ ਗੁਹਾਰ ਲਾਈ ਕਿ ਉਕਤ ਸਾਰਿਆਂ ਨੇ ਸਾਜ਼ਿਸ਼ ਰਚ ਕੇ ਸਾਡੇ ਨਾਲ ਠੱਗੀ ਕੀਤੀ ਹੈ, ਇਸ ਲਈ ਇਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।
ਇਸ ਦਰਖ਼ਾਸਤ ਦੀ ਜਾਂਚ ਡੀ. ਐੱਸ. ਪੀ. ਗੜ੍ਹਸ਼ੰਕਰ ਪਰਮਿੰਦਰ ਸਿੰਘ ਵੱਲੋਂ ਕਰਨ ਤੋਂ ਬਾਅਦ ਥਾਣਾ ਗੜ੍ਹਸ਼ੰਕਰ ਪੁਲਸ ਸਟੇਸ਼ਨ ਵਿਖੇ ਗੁਰਲੀਨ ਕੌਰ, ਮਨਜੋਤ ਕੌਰ, ਸਰਗਾਨ ਕੌਰ, ਗੁਰਦਾਸ ਸਿੰਘ ਪੁੱਤਰ ਭਜਨ ਸਿੰਘ ਵਾਸੀ 640 ਸੈਕਿੰਡ ਫਲੋਰ, ਫੇਸ 7 ਮੋਹਾਲੀ ਤੇ ਰਾਜਕਰਨ ਸਿੰਘ ਵਾਸੀ ਯੈਲੋ ਲੀਫ ਐੱਸ. ਸੀ. ਓ. ਨੰਬਰ 21,22,23 ਸੈਕਿੰਡ ਫਲੋਰ, ਸੈਕਟਰ 82 ਮੋਹਾਲੀ ਖ਼ਿਲਾਫ਼ ਧਾਰਾ 420,406,120ਬੀ ਆਈ. ਪੀ. ਸੀ. ਐਕਟ ਅਤੇ 13 ਪੰਜਾਬ ਟਰੈਵਲ ਪ੍ਰੋਫੈਸ਼ਨਲ ਐਕਟ ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ਮੁੰਡੇ ਨੇ ਵਿਆਹ ਤੋਂ ਕੀਤਾ ਇਨਕਾਰ ਤਾਂ ਦੁਖ਼ੀ ਹੋ 13 ਸਾਲਾ ਕੁੜੀ ਨੇ ਕੀਤੀ ਖ਼ੁਦਕੁਸ਼ੀ, ਪਰਿਵਾਰ ਦਾ ਰੋ-ਰੋ ਹੋਇਆ ਬੁਰਾ ਹਾਲ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8