ਸੜਕ 'ਤੇ ਪਈ ਰਹੀ ਲਾਸ਼ ਅਤੇ ਉੱਪਰੋਂ ਲੰਘਦੀਆਂ ਰਹੀਆਂ ਗੱਡੀਆਂ

03/11/2019 3:38:11 PM

ਨਵੀਂ ਦਿੱਲੀ— ਦਿੱਲੀ 'ਚ ਸ਼ਨੀਵਾਰ ਦੀ ਰਾਤ ਰਾਣੀ ਝਾਂਸੀ ਰੋਡ ਕੋਲ ਹਮਲਾਵਰ ਚਾਕੂਆਂ ਮਾਰ ਕੇ ਸਟਾਕ ਐਕਸਚੇਂਜ ਕਰਮਚਾਰੀ ਨੂੰ ਜ਼ਖਮੀ ਹਾਲਤ 'ਚ ਸੜਕ 'ਤੇ ਹੀ ਸੁੱਟ ਕੇ ਫਰਾਰ ਹੋ ਗਏ। ਇਸ ਦਾ ਅੰਜਾਮ ਇਹ ਹੋਇਆ ਕਿ ਇਕ ਤੋਂ ਬਾਅਦ ਇਕ ਗੱਡੀਆਂ ਉਸ ਕਰਮਚਾਰੀ ਦੇ ਉੱਪਰੋਂ ਲੰਘਦੀਆਂ ਰਹੀਆਂ, ਉਹ ਵੀ ਕੁਝ ਦੇਰ ਲਈ ਨਹੀਂ ਸਗੋਂ ਘੰਟਿਆਂ ਤੱਕ। ਉਸ ਨੇ ਮੌਕੇ 'ਤੇ ਹੀ ਦਮ ਤੋੜ ਦਿੱਤਾ। ਕਾਫੀ ਦੇਰ ਬਾਅਦ ਕੋਈ ਸੰਵੇਦਨਸ਼ੀਲ ਸ਼ਖਸ ਉਧਰੋਂ ਲੰਘਿਆ, ਜਿਸ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਮ੍ਰਿਤਕਾ ਦੀ ਪਛਾਣ ਮੁਹੰਮਦ ਸਮੀਰ (30) ਦੇ ਰੂਪ 'ਚ ਹੋਈ ਹੈ। ਪਰਿਵਾਰ ਵਾਲਿਆਂ ਦਾ ਦੋਸ਼ ਹੈ ਕਿ ਜ਼ਮੀਨੀ ਵਿਵਾਦ ਕਾਰਨ ਗੁਆਂਢੀ ਵਿਅਕਤੀ ਨੇ ਇਸ ਕਤਲਕਾਂਡ ਨੂੰ ਅੰਜਾਮ ਦਿੱਤਾ ਹੈ। ਫਿਲਹਾਲ ਦੇਸ਼ਬੰਧੂ ਗੁਪਤਾ ਰੋਡ ਥਾਣਾ ਪੁਲਸ ਨੇ ਮੁਕੱਦਮਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
PunjabKesari

ਪਿਤਾ ਦਾ 3 ਸਾਲ ਪਹਿਲਾਂ ਹੋ ਚੁਕਿਆ ਦਿਹਾਂਤ
ਪੁਲਸ ਅਨੁਸਾਰ, ਸਮੀਰ ਪੂਰੇ ਪਰਿਵਾਰ ਨਾਲ ਧਾਰਾ ਸਦਰ ਬਾਜ਼ਾਰ ਇਲਾਕੇ 'ਚ ਰਹਿੰਦਾ ਸੀ। ਪਰਿਵਾਰ 'ਚ ਬਜ਼ੁਰਗ ਮਾਂ, ਭਰਾ ਮੋਹਸਿਨ ਖਾਨ, ਇਕ ਭੈਣ ਸਮੇਤ ਹੋਰ ਮੈਂਬਰ ਹਨ, ਜਦੋਂ ਕਿ ਪਿਤਾ ਦਾ ਤਿੰਨ ਸਾਲ ਪਹਿਲਾਂ ਦਿਹਾਂਤ ਹੋ ਚੁਕਿਆ ਹੈ। ਸਮੀਰ ਦਰਿਆਗੰਜ ਸਥਿਤ ਸਟਾਕ ਐਕਸਚੇਂਜ ਦੇ ਦਫ਼ਤਰ 'ਚ ਪਿਛਲੇ ਤਿੰਨ ਸਾਲਾਂ ਤੋਂ ਨੌਕਰੀ ਕਰ ਰਿਹਾ ਸੀ। ਉਹ ਰੋਜ਼ਾਨਾ ਦੀ ਤਰ੍ਹਾਂ ਸ਼ਨੀਵਾਰ ਦੀ ਸਵੇਰ ਕਰੀਬ 8 ਵਜੇ ਡਿਊਟੀ 'ਤੇ ਜਾਣ ਲਈ ਘਰੋਂ ਨਿਕਲਿਆ ਪਰ ਦੇਰ ਰਾਤ ਤੱਕ ਵਾਪਸ ਨਹੀਂ ਆਇਆ। ਪਰਿਵਾਰ ਵਾਲਿਆਂ ਨੇ ਮੋਬਾਇਲ 'ਤੇ ਉਸ ਨਾਲ ਸੰਪਰਕ ਕਰਨ ਦੀ ਕਈ ਵਾਰ ਕੋਸ਼ਿਸ਼ ਕੀਤੀ ਪਰ ਫੋਨ ਨਹੀਂ ਚੁੱਕਿਆ।
 

ਆਪਸ 'ਚ ਉਲਝੀ ਰਹੀ ਪੁਲਸ
ਦੂਜੇ ਪਾਸੇ ਕੰਟਰੋਲ ਰੂਮ ਨੰਬਰ ਨੂੰ ਰਾਤ ਕਰੀਬ 10 ਵਜੇ ਸੂਚਨਾ ਮਿਲੀ ਕਿ ਰਾਣੀ ਝਾਂਸੀ ਰੋਡ ਕਸਾਬਪੁਰਾ ਈਦਗਾਹ ਕੋਲ ਇਕ ਸ਼ਖਸ ਦੀ ਲਾਸ਼ ਪਈ ਹੋਈ ਹੈ ਪਰ ਸਰੱਹਦੀ ਵਿਵਾਦ ਕਾਰਨ ਸਦਰ ਬਾਜ਼ਾਰ ਅਤੇ ਦੇਸ਼ਬੰਦੂ ਗੁਪਤਾ ਰੋਡ ਥਾਣਾ ਪੁਲਸ ਕਰੀਬ ਅੱਧੇ ਘੰਟੇ ਤੱਕ ਉਲਝੀ ਰਹੀ ਅਤੇ ਆਖਰ 'ਚ ਮਾਮਲਾ ਡੀ.ਬੀ.ਜੀ. ਰੋਡ ਥਾਣਾ ਪੁਲਸ ਨੂੰ ਟਰਾਂਸਫਰ ਕਰ ਦਿੱਤਾ ਗਿਆ। ਇਸ ਦਾ ਅੰਜਾਮ ਇਹ ਹੋਇਆ ਕਿ ਇਕ ਤੋਂ ਇਕ ਕਈ ਗੱਡੀਆਂ ਸਮੀਰ ਦੇ ਉੱਪਰੋਂ ਨਿਕਲ ਗਈਆਂ। ਲਾਸ਼ ਨੂੰ ਮੁਰਦਾਘਰ 'ਚ ਰੱਖਵਾ ਕੇ ਮਾਮਲੇ ਦੀ ਸੂਚਨਾ ਪਰਿਵਾਰ ਵਾਲਿਆਂ ਨੂੰ ਦਿੱਤੀ।
 

ਭਰਾ ਨੇ ਲਗਾਏ ਗੁਆਂਢੀ 'ਤੇ ਕਤਲ ਦੇ ਦੋਸ਼
ਸੀਨੀਅਰ ਪੁਲਸ ਅਧਿਕਾਰੀਆਂ ਅਨੁਸਾਰ ਹਾਦਸੇ ਵਾਲੀ ਜਗ੍ਹਾ ਤੋਂ ਮ੍ਰਿਤਕ ਦਾ ਪਰਸ, ਮੋਬਾਇਲ ਅਤੇ ਕੁਝ ਕੈਸ਼ ਸਹੀ ਸਲਾਮਤ ਮਿਲਿਆ ਹੈ। ਉਸ ਦੀ ਛਾਤੀ 'ਤੇ ਚਾਕੂ ਦੇ ਤਿੰਨ ਨਿਸ਼ਾਨ ਮਿਲੇ ਹਨ। ਪੁਲਸ ਨੇ ਮ੍ਰਿਤਕ ਦੇ ਕੁਝ ਕਰੀਬੀ ਸਾਥੀਆਂ ਨੂੰ ਹਿਰਾਸਤ 'ਚ ਲਿਆ ਹੋਇਆ ਹੈ। ਜਲਦ ਹੀ ਕਤਲਕਾਂਡ ਨੂੰ ਸੁਲਝਾ ਲਿਆ ਜਾਵੇਗਾ। ਉੱਥੇ ਹੀ ਮ੍ਰਿਤਕ ਦੇ ਭਰਾ ਮੋਹਸੀਨ ਦਾ ਦੋਸ਼ ਹੈ ਕਿ ਉਨ੍ਹਾਂ ਦਾ ਕਰੀਬ 2 ਸਾਲ ਤੋਂ ਆਪਣੇ ਗੁਆਂਢੀ ਨਾਲ ਜ਼ਮੀਨ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ, ਜਦੋਂ ਕਿ ਉਹ ਕਈ ਵਾਰ ਉਨ੍ਹਾਂ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦੇ ਚੁਕਿਆ ਹੈ। ਉਸ ਨੇ ਆਪਣੇ ਤਿੰਨ-ਚਾਰ ਸਾਥੀਆਂ ਨਾਲ ਮਿਲ ਕੇ ਇਸ ਕਤਲ ਨੂੰ ਅੰਜਾਮ ਦਿੱਤਾ ਹੈ। ਫਿਲਹਾਲ ਪੁਲਸ ਹਾਦਸੇ ਵਾਲੀ ਜਗ੍ਹਾ ਦੇ ਨੇੜੇ-ਤੇੜੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਦੇਖ ਰਹੀ ਹੈ।


Related News