ਤੇਜ਼ ਤੂਫ਼ਾਨ ਨਾਲ ਡਿੱਗੀ ਪਲਾਟ ਦੀ ਕੰਧ, 5 ਗੱਡੀਆਂ ਮਲਬੇ ਹੇਠ ਦੱਬੀਆਂ
Thursday, Jun 06, 2024 - 12:22 PM (IST)
ਫਿਰੋਜ਼ਪੁਰ (ਕੁਮਾਰ, ਪਰਮਜੀਤ, ਖੁੱਲਰ) : ਫਿਰੋਜ਼ਪੁਰ 'ਚ ਬੀਤੀ ਰਾਤ ਆਈ ਤੇਜ਼ ਹਨ੍ਹੇਰੀ ਕਾਰਨ ਫਿਰੋਜ਼ਪੁਰ ਸ਼ਹਿਰ ਦੇ ਬਾਬਾ ਇਨਕਲੇਵ 'ਚ ਇਕ ਪਲਾਟ ਦੀ ਕੰਧ ਡਿੱਗ ਗਈ ਅਤੇ ਕੰਧ ਦਾ ਮਲਬਾ ਕੰਧ ਦੇ ਨਾਲ ਖੜ੍ਹੀਆਂ 5 ਮਹਿੰਗੀਆਂ ਕਾਰਾਂ ’ਤੇ ਡਿੱਗ ਗਿਆ। ਇਸ ਕਾਰਨ 3 ਗੱਡੀਆਂ ਕਰੀਬ ਖ਼ਤਮ ਹੋ ਗਈਆਂ, ਜਦੋਂ ਕਿ 2 ਹੋਰ ਗੱਡੀਆਂ ਨੂੰ ਵੀ ਨੁਕਸਾਨ ਹੋਇਆ ਹੈ। ਇਸ ਮੌਕੇ ਬਾਬਾ ਇਨਕਲੇਵ ਵਿਚ ਰਹਿੰਦੇ ਅਧਿਆਪਕ ਅਕਸ਼ੈ ਕੁਮਾਰ ਅਤੇ ਉਨ੍ਹਾਂ ਦੇ ਗੁਆਂਢੀ ਨੇ ਦੱਸਿਆ ਕਿ ਇਹ ਪਲਾਟ ਕਿਸੇ ਬੈਂਕ ਦੇ ਕਬਜ਼ੇ 'ਚ ਹੈ ਅਤੇ ਇਸ ਪਲਾਟ ਦੀ ਕੰਧ ਕਾਫੀ ਕਮਜ਼ੋਰ ਸੀ।
ਬਾਬਾ ਇਨਕਲੇਵ ’ਚ ਰਹਿੰਦੇ ਕੁਝ ਲੋਕਾਂ ਨੇ ਕਈ ਵਾਰ ਇਸ ਕੰਧ ਨੂੰ ਮਜ਼ਬੂਤ ਬਣਾਉਣ ਲਈ ਕਿਹਾ ਸੀ ਪਰ ਕਿਸੇ ਨੇ ਇਸ ਵੱਲ ਧਿਆਨ ਨਹੀਂ ਦਿੱਤਾ ਅਤੇ ਰਾਤ ਸਮੇਂ ਆਈ ਤੇਜ਼ ਹਨ੍ਹੇਰੀ ਕਾਰਨ ਇਹ ਕੰਧ ਢਹਿ ਗਈ ਅਤੇ ਨੇੜੇ ਖੜ੍ਹੀਆਂ ਪੰਜ ਕਾਰਾਂ ਕੰਧ ਦੇ ਮਲਬੇ ਹੇਠ ਦੱਬ ਗਈਆਂ। ਉਨ੍ਹਾਂ ਦੱਸਿਆ ਕਿ ਇਸ ਕੰਧ ਦੇ ਨਾਲ ਦੋ ਹੋਰ ਕਾਰਾਂ ਖੜ੍ਹੀਆਂ ਸਨ, ਜਿਨ੍ਹਾਂ ਨੂੰ ਕੁਝ ਸਮਾਂ ਪਹਿਲਾਂ ਮਾਲਕ ਲੈ ਗਏ ਸਨ, ਜਿਸ ਕਾਰਨ ਉਨ੍ਹਾਂ ਦਾ ਨੁਕਸਾਨ ਹੋਣੋਂ ਬੱਚ ਗਿਆ।