ਲਿਵ ਇਨ ਸਾਥੀ ਦੀ ਲਾਸ਼ ਨਾਲ ਤਿੰਨ ਦਿਨ ਰਿਹਾ, ਫਿਰ ਲਾਸ਼ ਬੋਰੇ ''ਚ ਬੰਦ ਕਰ ਸੜਕ ''ਤੇ ਛੱਡੀ ਲਾਵਾਰਸ

Monday, May 27, 2024 - 02:37 PM (IST)

ਲਿਵ ਇਨ ਸਾਥੀ ਦੀ ਲਾਸ਼ ਨਾਲ ਤਿੰਨ ਦਿਨ ਰਿਹਾ, ਫਿਰ ਲਾਸ਼ ਬੋਰੇ ''ਚ ਬੰਦ ਕਰ ਸੜਕ ''ਤੇ ਛੱਡੀ ਲਾਵਾਰਸ

ਇੰਦੌਰ (ਭਾਸ਼ਾ)- ਮੱਧ ਪ੍ਰਦੇਸ਼ ਦੇ ਇੰਦੌਰ 'ਚ 53 ਸਾਲਾ ਵਿਅਕਤੀ ਆਪਣੀ ਲਿਵ ਇਨ ਸਾਥੀ ਦੀ ਲਾਸ਼ ਨਾਲ ਘੱਟੋ-ਘੱਟ 3 ਦਿਨ ਰਿਹਾ ਅਤੇ ਬਾਅਦ 'ਚ ਲਾਸ਼ ਨੂੰ ਬੋਰੀ 'ਚ ਬੰਦ ਕਰ ਕੇ ਸੜਕ 'ਤੇ ਲਾਵਾਰਸ ਛੱਡ ਦਿੱਤਾ ਕਿਉਂਕਿ ਉਸ ਕੋਲ ਅੰਤਿਮ ਸੰਸਕਾਰ ਲਈ ਪੈਸੇ ਨਹੀਂ ਸਨ। ਪੁਲਸ ਦੀ ਇਕ ਅਧਿਕਾਰੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਸਹਾਇਕ ਪੁਲਸ ਕਮਿਸ਼ਨਰ (ਏ.ਸੀ.ਪੀ.) ਨੰਦਿਨੀ ਸ਼ਰਮਾ ਨੇ ਦੱਸਿਆ ਕਿ ਚੰਦਨ ਨਗਰ ਖੇਤਰ 'ਚ ਐਤਵਾਰ ਨੂੰ 57 ਸਾਲਾ ਔਰਤ ਦੀ ਬੋਰੇ 'ਚ ਬੰਦ ਲਾਸ਼ ਮਿਲੀ। ਉਨ੍ਹਾਂ ਦੱਸਿਆ ਕਿ ਔਰਤ ਦੀ ਲਾਸ਼ 4-5 ਦਿਨ ਪੁਰਾਣਾ ਸੀ ਅਤੇ ਕਾਫ਼ੀ ਸੜ ਚੁੱਕੀ ਸੀ। ਏ.ਸੀ.ਪੀ. ਨੇ ਦੱਸਿਆ,''ਸਾਨੂੰ ਔਰਤ ਦੀ ਲਾਸ਼ 'ਤੇ ਕਿਸੇ ਤਰ੍ਹਾਂ ਦੀ ਸੱਟ ਦੇ ਨਿਸ਼ਾਨ ਨਹੀਂ ਮਿਲੇ। ਪੋਸਟਮਾਰਟਮ ਤੋਂ ਪਤਾ ਲੱਗਾ ਹੈ ਕਿ ਉਹ ਲੀਵਰ ਸੰਬੰਧੀ ਪਰੇਸ਼ਾਨੀਆਂ ਅਤੇ ਹੋਰ ਬੀਮਾਰੀਆਂ ਨਾਲ ਲੰਬੇ ਸਮੇਂ ਤੋਂ ਜੂਝ ਰਹੀ ਸੀ, ਜਿਨ੍ਹਾਂ ਕਾਰਨ ਉਸ ਦੀ ਮੌਤ ਹੋਈ।'' 

ਸ਼ਰਮਾ ਨੇ ਦੱਸਿਆ ਕਿ ਇਹ ਔਰਤ ਪਿਛਲੇ 10 ਸਾਲਾਂ ਤੋਂ ਇਕ ਵਿਅਕਤੀ ਨਾਲ ਰਹਿ ਰਹੀ ਸੀ। ਉਨ੍ਹਾਂ ਦੱਸਿਆ,''ਜਦੋਂ ਅਸੀਂ ਇਸ 53 ਸਾਲਾ ਵਿਅਕਤੀ ਕੋਲ ਪਹੁੰਚੇ ਤਾਂ ਉਹ ਰਾਜਮੋਹੱਲਾ ਖੇਤਰ ਦੇ ਇਕ ਬਗੀਚੇ 'ਚ ਬੈਠਾ ਸੀ। ਉਹ ਰੰਗਾਈ ਦਾ ਕੰਮ ਕਰਦਾ ਹੈ। ਉਹ ਮਾਨਸਿਕ ਰੂਪ ਨਾਲ ਥੋੜ੍ਹਾ ਕਮਜ਼ੋਰ ਹੈ।'' ਏ.ਸੀ.ਪੀ. ਨੇ ਦੱਸਿਆ ਕਿ 4-5 ਦਿਨ ਪਹਿਲੇ ਇਸ ਵਿਅਕਤੀ ਦੇ ਗੁਆਂਢੀਆਂ ਨੇ ਉਸ ਨੂੰ ਕਿਹਾ ਕਿ ਉਸ ਦੇ ਘਰੋਂ ਬੱਦਬੂ ਆ ਰਹੀ ਹੈ ਅਤੇ ਉਸ ਨੂੰ ਦੇਖਣਾ ਚਾਹੀਦਾ ਕਿ ਉਸ ਦੇ ਘਰ ਕੋਈ ਚੂਹਾ ਤਾਂ ਨਹੀਂ ਮਰ ਗਿਆ ਹੈ। ਉਨ੍ਹਾਂ ਦੱਸਿਆ,''ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਵਿਅਕਤੀ ਆਪਣੇ ਘਰ 'ਚ ਔਰਤ ਦੀ ਲਾਸ਼ ਨਾਲ ਘੱਟੋ-ਘੱਟ ਤਿੰਨ ਦਿਨ ਤੋਂ ਰਹਿ ਰਿਹਾ ਸੀ। ਬੱਦਬੂ ਨੂੰ ਲੈ ਕੇ ਗੁਆਂਢੀਆਂ ਦੀ ਸ਼ਿਕਾਇਤ ਤੋਂ ਬਾਅਦ ਉਸ ਨੇ ਸ਼ਨੀਵਾਰ ਰਾਤ ਇਸ ਲਾਸ਼ ਨੂੰ ਬੋਰੀ 'ਚ ਪਾਇਆ ਅਤੇ ਆਪਣੇ ਘਰੋਂ ਕਰੀਬ 200 ਮੀਟਰ ਦੂਰ ਲੈ ਗਿਆ। ਜਦੋਂ ਲਾਸ਼ ਦੇ ਭਾਰ ਨਾਲ ਉਸ ਦਾ ਸਾਹ ਫੁੱਲਣ ਲੱਗਾ ਤਾਂ ਉਹ ਲਾਸ਼ ਸੜਕ 'ਤੇ ਲਾਵਾਰਸ ਛੱਡ ਕੇ ਗਾਇਬ ਹੋ ਗਿਆ।'' ਏ.ਸੀ.ਪੀ. ਅਨੁਸਾਰ ਇਸ ਵਿਅਕਤੀ ਨੇ ਪੁਲਸ ਨੂੰ ਪੁੱਛ-ਗਿੱਛ 'ਚ ਦੱਸਿਆ ਕਿ ਉਸ ਨੇ ਆਪਣੀ 'ਲਿਵ ਇਨ' ਜੋੜੀਦਾਰ ਦੀ ਲਾਸ਼ ਨੂੰ ਇਸ ਲਈ ਲਾਵਾਰਸ ਛੱਡਿਆ, ਕਿਉਂਕਿ ਉਸ ਕੋਲ ਉਸ ਦੇ ਅੰਤਿਮ ਸੰਸਕਾਰ ਲਈ ਪੈਸੇ ਨਹੀਂ ਸਨ। ਉਨ੍ਹਾਂ ਦੱਸਿਆ ਕਿ ਔਰਤ ਦੀ ਮੌਤ ਦੇ ਮਾਮਲੇ 'ਚ ਪੂਰੀ ਜਾਂਚ ਜਾਰੀ ਹੈ ਅਤੇ ਇਸ ਦੇ ਆਧਾਰ 'ਤੇ ਉੱਚਿਤ ਕਾਨੂੰਨੀ ਕਦਮ ਚੁੱਕੇ ਜਾਣਗੇ। ਚੰਦਨ ਨਗਰ ਥਾਣੇ ਦੇ ਇੰਚਾਰਜ ਇੰਦਰਮਣੀ ਪਟੇਲ ਨੇ ਦੱਸਿਆ ਕਿ ਪੁਲਸ ਨੇ ਸੋਮਵਾਰ ਨੂੰ ਔਰਤ ਦੀ ਲਾਸ਼ ਦਾ ਅੰਤਿਮ ਸੰਸਕਾਰ ਕਰਵਾਇਆ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News