ਹਾਈਵੇ ‘ਤੇ ਖੜ੍ਹੇ ਟਰੱਕ ‘ਚੋਂ ਸ਼ੱਕੀ ਹਾਲਾਤ ''ਚ ਚਾਲਕ ਦੀ ਲਾਸ਼ ਬਰਾਮਦ

06/08/2024 2:33:50 PM

ਤਪਾ ਮੰਡੀ (ਸ਼ਾਮ, ਗਰਗ) : ਇੱਥੋਂ 8 ਕਿਲੋਮੀਟਰ ਦੂਰ ਬਰਨਾਲਾ-ਬਠਿੰਡਾ ਹਾਈਵੇ ‘ਤੇ ਖੜ੍ਹੇ ਕੰਨਟੇਨਰ ‘ਚੋਂ ਪੁਲਸ ਨੂੰ ਸ਼ੱਕੀ ਹਾਲਾਤ 'ਚ ਚਾਲਕ ਦੀ ਲਾਸ਼ ਮਿਲੀ ਹੈ। ਇਸ ਘਟਨਾ ਨੂੰ ਲੈ ਕੇ ਪੁਲਸ ਜਾਂਚ ‘ਚ ਜੁੱਟ ਗਈ ਹੈ। ਜਾਣਕਾਰੀ ਅਨੁਸਾਰ ਰਾਤ 10 ਵਜੇ ਦੇ ਕਰੀਬ ਸੜਕ ਸੁਰੱਖਿਆ ਫੋਰਸ ਦੀ ਗੱਡੀ ਗਸ਼ਤ ਕਰ ਰਹੀ ਸੀ ਤਾਂ ਹਾਈਵੇ 'ਤੇ ਇੱਕ ਟਰੱਕ ਕੰਨਟੇਨਰ ਖੜ੍ਹਾ ਸੀ, ਜੋ ਆਵਾਜਾਈ ਨੂੰ ਪ੍ਰਭਾਵਿਤ ਕਰ ਰਿਹਾ ਸੀ। ਜਦੋਂ ਗਸ਼ਤ ਪਾਰਟੀ ਨੇ ਇੱਕ ਸਾਈਡ 'ਤੇ ਕਰਵਾਉਣ ਲਈ ਟਰੱਕ ਦੀ ਤਾਕੀ ਖੜਕਾਈ ਤਾਂ ਕੋਈ ਆਵਾਜ਼ ਨਾ ਆਉਣ 'ਤੇ ਖੋਲ੍ਹ ਕੇ ਦੇਖਿਆ ਤਾਂ ਅੰਦਰੋਂ ਬਦਬੂ ਆ ਰਹੀ ਸੀ।

ਗਸ਼ਤ ਪਾਰਟੀ ਨੂੰ ਇਕ ਵਿਅਕਤੀ ਦੀ ਲਾਸ਼ ਦਿਖਾਈ ਦਿੱਤੀ। ਉਨ੍ਹਾਂ ਇਸ ਦੀ ਸੂਚਨਾ ਰੂੜੇਕੇ ਪੁਲਸ ਸਟੇਸ਼ਨ ਨੂੰ ਦਿੱਤੀ ਤਾਂ ਥਾਣਾ ਇੰਚਾਰਜ ਰੁਪਿੰਦਰ ਕੌਰ ਦੀ ਅਗਵਾਈ ‘ਚ ਪੁਲਸ ਪਾਰਟੀ ਨੇ ਜਾਇਜ਼ ਲੈ ਕੇ ਜਾਂਚ ਕਰਨ ਉਪਰੰਤ ਮ੍ਰਿਤਕ ਦੇ ਭਰਾ ਪਰਵੇਸ਼ ਕੁਮਾਰ ਨੂੰ ਜਾਣਕਾਰੀ ਦਿੱਤੀ।

ਉਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਦੀ ਪਛਾਣ ਕੀਤੀ ਅਤੇ ਦੱਸਿਆ ਕਿ ਮ੍ਰਿਤਕ ਉਸ ਦਾ ਵੱਡਾ ਭਰਾ ਤੇਜਿੰਦਰ ਸਿੰਘ (33) ਪੁੱਤਰ ਬਦਨ ਸਿੰਘ ਵਾਸੀ ਨੰਗਲਾ ਧਨੀ, ਜ਼ਿਲ੍ਹਾ ਏਟਾ(ਯੂ. ਪੀ.) ਹੈ, ਜੋ 15 ਸਾਲ ਤੋਂ ਡਰਾਈਵਰੀ ਕਰ ਰਿਹਾ ਸੀ। ਫਿਲਹਾਲ ਥਾਣਾ ਮੁਖੀ ਰੁਪਿੰਦਰ ਕੌਰ ਨੇ ਦੱਸਿਆ ਕਿ ਇਹ ਲਾਸ਼ 2 ਦਿਨ ਪੁਰਾਣੀ ਲੱਗਦੀ ਹੈ। ਮ੍ਰਿਤਕ ਦੇ ਛੋਟੇ ਭਰਾ ਪਰਵੇਸ਼ ਕੁਮਾਰ ਨੇ ਦੱਸਿਆ ਕਿ ਮੇਰਾ ਭਰਾ ਦਾ ਕਤਲ ਕੀਤਾ ਹੋਇਆ ਲੱਗਦਾ ਹੈ ਕਿਉਂਕਿ ਇਸ ਦੇ ਹੱਥ-ਪੈਰ ਬੰਨ੍ਹੇ ਹੋਏ ਸਨ ਅਤੇ ਮੂੰਹ ਨੂੰ ਲੋਹੇ ਦੇ ਔਜਾਰ ਨਾਲ ਕੁੱਟ ਕੇ ਕਤਲ ਕੀਤਾ ਲੱਗਦਾ ਹੈ। ਫਿਲਹਾਲ ਪੁਲਸ ਵਲੋਂ ਮਾਮਲੇ ਦੀ ਜਾਂਚ ਜਾਰੀ ਹੈ।


Babita

Content Editor

Related News