ਬੈਂਕ ਲੁੱਟ ਕੇ ਦੌੜ ਰਹੇ ਲੁਟੇਰੇ ਨੂੰ ਲੋਕਾਂ ਨੂੰ ਫੜਿਆ ਅਤੇ ਕੱਟ ਦਿੱਤਾ ਹੱਥ
Thursday, Jan 21, 2016 - 11:45 AM (IST)
ਪਟਨਾ— ਬਿਹਾਰ ਦੀ ਰਾਜਧਾਨੀ ਪਟਨਾ ''ਚ ਭੀੜ ਨੇ ਤਾਲਿਬਾਨੀ ਇਨਸਾਫ ਕੀਤਾ ਹੈ। ਗੁੱਸਾਈ ਭੀੜ ਨੇ ਇਕ ਲੁਟੇਰੇ ਦੇ ਹੱਥ ਕੱਟ ਦਿੱਤੇ, ਜੋ ਇਕ ਬੈਂਕ ਦੇ ਕਸਟਮਰ ਕੇਅਰ ਪੁਆਇੰਟ ਨੂੰ ਲੁੱਟ ਕੇ ਫਰਾਰ ਹੋ ਰਿਹਾ ਸੀ। ਇਹ ਮਾਮਲਾ ਪਟਨਾ ਦੇ ਰੂਪਸਪੁਰ ਇਲਾਕੇ ਦਾ ਹੈ। ਦੁਪਹਿਰ ਦੇ ਕਰੀਬ ਢਾਈ ਵਜੇ ਦਾ ਸਮਾਂ ਸੀ, ਇਕ ਸਰਕਾਰੀ ਬੈਂਕ ਦੇ ਕਸਟਮਰ ਕੇਅਰ ਪੁਆਇੰਟ ''ਤੇ ਕਰਮਚਾਰੀ ਲੰਚ ਕਰ ਰਹੇ ਸਨ, ਇਸੇ ਦੌਰਾਨ ਨਕਾਬਪੋਸ਼ ਬਦਮਾਸ਼ ਬੈਂਕ ''ਚ ਆਏ। ਬਦਮਾਸ਼ਾਂ ਦੇ ਕੋਲ ਦੇਸੀ ਤਮੰਚੇ ਅਤੇ ਦੂਜੇ ਹਥਿਆਰ ਸਨ। ਬਦਮਾਸ਼ਾਂ ਨੇ ਫਾਇਰ ਕੀਤਾ, ਗੋਲੀ ਕੰਧ ''ਤੇ ਜਾ ਕੇ ਲੱਗੀ। ਕਰਮਚਾਰੀ ਬੇਹੱਦ ਡਰ ਗਏ, ਇਸ ਤੋਂ ਬਾਅਦ ਚਾਰੋਂ ਬਦਮਾਸ਼ ਇਕ ਲੱਖ 70 ਹਜ਼ਾਰ ਰੁਪਏ ਲੁੱਟ ਕੇ ਫਰਾਰ ਹੋ ਗਏ। ਚਾਰੋਂ ਬਦਮਾਸ਼ ਬੈਂਕ ਲੁੱਟ ਕੇ ਦੌੜ ਰਹੇ ਸਨ। ਇਸੇ ਦੌਰਾਨ ਬੈਂਕ ਕਰਮਚਾਰੀ ਬੈਂਕ ਤੋਂ ਨਿਕਲੇ ਅਤੇ ਉਨ੍ਹਾਂ ਨੇ ਨੇੜੇ-ਤੇੜੇ ਦੇ ਲੋਕਾਂ ਨੂੰ ਇਸ ਦੀ ਖਬਰ ਦਿੱਤੀ। ਲੁੱਟ ਦੀ ਵਾਰਦਾਤ ਦੀ ਜਾਣਕਾਰੀ ਮਿਲਦੇ ਹੀ ਕੁਝ ਲੋਕਾਂ ਨੇ ਲੁਟੇਰਿਆਂ ਦਾ ਪਿੱਛਾ ਕੀਤਾ। ਲੋਕਾਂ ਦੇ ਹੱਥ ਇਕ ਬਦਮਾਸ਼ ਚੜ੍ਹਿਆ, ਜਿਸ ਦਾ ਨਾਂ ਜਿਤੇਂਦਰ ਪੰਡਤ ਹਨ। ਲੋਕਾਂ ਨੇ ਪਹਿਲਾਂ ਤਾਂ ਜਿਤੇਂਦਰ ਦੀ ਜੰਮ ਕੇ ਕੁੱਟਮਾਰ ਕੀਤੀ ਅਤੇ ਉਸ ਤੋਂ ਬਾਅਦ ਤੇਜ਼ਧਾਰ ਹਥਿਆਰ ਨਾਲ ਉਸ ਦੇ ਹੱਥ ਨੂੰ ਕੱਟ ਦਿੱਤਾ ਗਿਆ।
ਵਾਰਦਾਤ ਦੀ ਜਾਣਕਾਰੀ ਮਿਲਦੇ ਹੀ ਮੌਕੇ ''ਤੇ ਪੁਲਸ ਦੇ ਕਈ ਉੱਚ ਅਧਿਕਾਰੀ ਮੌਕਾ ਏ ਵਾਰਦਾਤ ਪੁੱਜੇ। ਪੂਰੇ ਇਲਾਕੇ ''ਚ ਪੁਲਸ ਫੋਰਸ ਦੀ ਤਾਇਨਾਤੀ ਕੀਤੀ ਗਈ ਅਤੇ ਇਸ ਦੇ ਨਾਲ ਹੀ ਫੜੇ ਗਏ ਲੁਟੇਰੇ ਨੂੰ ਭੀੜ ਦੇ ਚੰਗੁਲ ਤੋਂ ਵੀ ਕੱਢਿਆ ਗਿਆ। ਪੁਲਸ ਨੇ ਜ਼ਖਮੀ ਲੁਟੇਰੇ ਦੇ ਕੋਲੋਂ ਕਰੀਬ 40 ਹਜ਼ਾਰ ਰੁਪਏ ਦੀ ਰਕਮ ਵੀ ਬਰਾਮਦ ਕੀਤੀ ਹੈ। ਫਿਲਹਾਲ ਜ਼ਖਮੀ ਲੁਟੇਰੇ ਦਾ ਇਲਾਜ ਜਾਰੀ ਹੈ, ਪੁਲਸ ਨੂੰ ਬਾਕੀ ਦੇ ਤਿੰਨ ਲੁਟੇਰਿਆਂ ਦੀ ਤਲਾਸ਼ ਹੈ ਪਰ ਇਸ ਪੂਰੀ ਘਟਨਾ ਦੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ। ਮਸਲਨ ਲੋਕ ਲੁਟੇਰੇ ਨੂੰ ਕੁੱਟਦੇ ਰਹੇ, ਉਸ ਦਾ ਹੱਥ ਕੱਟ ਦਿੱਤਾ ਗਿਆ, ਲੋਕ ਵੀਡੀਓ ਬਣਾਉਂਦੇ ਰਹੇ ਪਰ ਕਿਸੇ ਨੇ ਉਸ ਨੂੰ ਹਸਪਤਾਲ ਪਹੁੰਚਾਉਣ ਦੀ ਪਹਿਲ ਨਹੀਂ ਕੀਤੀ, ਉਹ ਤੜਫਦਾ ਰਿਹਾ, ਲੋਕ ਉਸ ਦੀ ਤਲਾਸ਼ੀ ਲੈਂਦੇ ਰਹੇ, ਇਹ ਕਿਸ ਤਰ੍ਹਾਂ ਦਾ ਇਨਸਾਫ ਹੈ।
